ਅੰਮ੍ਰਿਤਸਰ ਰੇਲ ਹਾਦਸੇ ਦੇ ਦੋ ਦਿਨ ਬਾਅਦ ਜਾਗੇ ਭਗਵੰਤ ਮਾਨ, ਦਿੱਤਾ ਇਹ ਬਿਆਨ

Tuesday, Oct 23, 2018 - 11:57 AM (IST)

ਅੰਮ੍ਰਿਤਸਰ ਰੇਲ ਹਾਦਸੇ ਦੇ ਦੋ ਦਿਨ ਬਾਅਦ ਜਾਗੇ ਭਗਵੰਤ ਮਾਨ, ਦਿੱਤਾ ਇਹ ਬਿਆਨ

ਜਲੰਧਰ (ਬਿਊਰੋ)- ਦਸਹਿਰੇ ਵਾਲੇ ਦਿਨ ਜਿਹੜੀ ਅੰਮ੍ਰਿਤਸਰ ਦੇ ਜੌੜਾ ਫਾਟਕ ਨੇੜੇ ਘਟਨਾ ਵਾਪਰੀ ਉਹ ਬਹੁਤ ਦੁਖਦਾਈ ਹੈ। ਹਾਦਸੇ ਦੇ ਦੋ ਦਿਨ ਬਾਅਦ ਬੋਲਦਿਆਂ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਐਮ.ਪੀ. ਭਗਵੰਤ ਮਾਨ ਨੇ ਕਿਹਾ ਕਿ ਇਸ ਹਾਦਸੇ ਦਾ ਜ਼ਿੰਮੇਵਾਰ ਕੌਣ ਹੈ ? ਇਸ ਹਾਦਸੇ 'ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਸ ਮਾਮਲੇ 'ਤੇ ਕਈਆਂ ਦਾ ਕਹਿਣਾ ਹੈ ਕਿ ਰੇਲਵੇ ਜ਼ਿੰਮੇਵਾਰ ਹੈ ਕਿਉਂਕਿ ਰੇਲਵੇ ਵਲੋਂ ਆਪਣੇ ਡਰਾਈਵਰ ਨੂੰ ਇਕਦਮ ਕਲੀਨ ਚਿੱਟ ਨਹੀਂ ਦੇਣੀ ਚਾਹੀਦੀ ਸੀ। ਇਸ ਮਾਮਲੇ ਦੀ ਪਹਿਲਾਂ ਜਾਂਚ ਹੋਣੀ ਚਾਹੀਦੀ ਸੀ ਕਿ ਡਰਾਈਵਰ ਜ਼ਿੰਮੇਵਾਰ ਹੈ ਜਾਂ ਗੇਟਮੈਨ।

ਉਨ੍ਹਾਂ ਕਿਹਾ ਕਿ ਟ੍ਰੇਨ ਇੰਨੀ ਰਫਤਾਰ ਵਿਚ ਕਿਉਂ ਜਾ ਰਹੀ ਸੀ ? ਪ੍ਰਬੰਧਕਾਂ ਵਲੋਂ ਰਾਵਣ 1 ਘੰਟੇ ਵਿਚ ਤਾਂ ਨਹੀਂ ਖੜ੍ਹਾ ਕੀਤਾ ਗਿਆ ਸੀ ਉਹ ਤਾਂ ਕਈ ਦਿਨ ਪਹਿਲਾਂ ਤੋਂ ਹੀ ਤਿਆਰੀਆਂ ਵਿਚ ਰੁਝ ਗਏ ਹੋਣੇ। ਹਾਦਸੇ ਵਾਲੀ ਥਾਂ ਤੋਂ 400 ਮੀਟਰ ਦੀ ਦੂਰੀ 'ਤੇ ਫਾਟਕ ਸੀ। ਗੇਟਮੈਨ ਨੂੰ ਵੀ ਪਤਾ ਹੋਣਾ ਕਿ ਟ੍ਰੈਕ 'ਤੇ ਲੋਕ ਖੜ੍ਹੇ ਹਨ ਉਸ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਉਹ ਸਟੇਸ਼ਨ ਮਾਸਟਰ ਨੂੰ ਇਸ ਸਬੰਧੀ ਸੂਚਿਤ ਕਰ ਸਕਦਾ ਸੀ, ਜਿਸ ਕਾਰਨ ਇਹ ਵੱਡਾ ਹਾਦਸਾ ਹੋਣੋਂ ਟਲ ਸਕਦਾ ਸੀ। ਉਨ੍ਹਾਂ ਕਿਹਾ ਪ੍ਰਬੰਧਕਾਂ ਨੇ 5000 ਬੰਦੇ ਦੀ ਸਮਰੱਥਾ ਵਾਲੀ ਗਰਾਉਂਡ 'ਤੇ 20000 ਲੋਕਾਂ ਦੇ ਬੈਠਣ ਦੀ ਪਰਮਿਸ਼ਨ ਕਿਵੇਂ ਲੈ ਲਈ? ਇਨ੍ਹਾਂ ਸਾਰੇ ਵਿਸ਼ਿਆਂ 'ਤੇ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਹ ਬਹੁਤ ਵੱਡੀ ਘਟਨਾ ਹੈ। ਇਸ ਦੇ ਜ਼ਿੰਮੇਵਾਰਾਂ ਨੂੰ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ।


Related News