ਸਦਨ 'ਚ ਰਾਤਾਂ ਕੱਟਣ ਵਾਲੀ ਕਾਂਗਰਸ ਹੁਣ ਘੰਟੇ ਕੱਟਣ ਲਈ ਵੀ ਨਹੀਂ ਤਿਆਰ : ਭਗਵੰਤ ਮਾਨ

Friday, Aug 28, 2020 - 06:36 PM (IST)

ਸਦਨ 'ਚ ਰਾਤਾਂ ਕੱਟਣ ਵਾਲੀ ਕਾਂਗਰਸ ਹੁਣ ਘੰਟੇ ਕੱਟਣ ਲਈ ਵੀ ਨਹੀਂ ਤਿਆਰ : ਭਗਵੰਤ ਮਾਨ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ 'ਤੇ ਖੂਬ ਰਗੜੇ ਲਾਏ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪੰਜਾਬ ਦੇ ਭਖਵੇਂ ਮਸਲਿਆਂ ਤੋਂ ਭੱਜ ਰਹੀ ਹੈ, ਜਿਸ ਕਾਰਨ ਇਜਲਾਸ ਦਾ ਸਮਾਂ ਸਿਰਫ ਇੱਕ ਦਿਨ ਦਾ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਸਦਨ 'ਚ ਧਰਨੇ ਲਾ ਕੇ ਰਾਤਾਂ ਕੱਟਣ ਵਾਲੀ ਕਾਂਗਰਸ ਹੁਣ ਸਦਨ 'ਚ ਘੰਟੇ ਕੱਟਣ ਲਈ ਵੀ ਤਿਆਰ ਨਹੀਂ ਹੈ।

ਸੂਬੇ 'ਚ ਕੋਰੋਨਾ ਵਾਇਰਸ ਦੇ ਹਾਲਾਤ 'ਤੇ ਬੋਲਦਿਆਂ ਭਗਵੰਤ ਮਾਨ ਨੇ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਪੂਰੀ ਯੋਜਨਾ ਹੈ ਅਤੇ ਉਹ ਲੋਕਾਂ ਨੂੰ ਦੱਸਦੇ ਹਨ ਕਿ ਕਿੰਨੇ ਫ਼ੀਸਦੀ ਰਿਕਵਰੀ ਰੇਟ ਅਤੇ ਅਤੇ ਵੈਂਟੀਲੇਟਰਾਂ, ਹਸਪਤਾਲਾਂ ਨੂੰ ਕਿਵੇਂ ਕੋਰੋਨਾ ਦੇ ਮਰੀਜ਼ਾਂ ਲਈ ਤਿਆਰ ਕੀਤਾ ਜਾ ਰਿਹਾ ਹੈ ਪਰ ਪੰਜਾਬ ਦੀ ਕਾਂਗਰਸ ਸਰਕਾਰ ਸਿਰਫ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀਆਂ ਲਾਸ਼ਾਂ ਗਿਣਾ ਰਹੀ ਹੈ ਅਤੇ ਕੋਰੋਨਾ ਦੇ ਖਾਤਮੇ ਲਈ ਕੋਈ ਯੋਜਨਾ ਲੋਕਾਂ ਨੂੰ ਨਹੀਂ ਦੱਸ ਰਹੀ।

ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦੇ ਸਦਨ 'ਚ ਚੁੱਕੇ ਜਾਣੇ ਸੀ, ਇਸ ਲਈ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ ਕਿ ਕਿਤੇ ਸਰਕਾਰ ਦਾ ਚਿਹਰਾ ਨੰਗਾ ਨਾ ਹੋ ਜਾਵੇ, ਇਸ ਲਈ ਸਰਕਾਰ ਵੱਲੋਂ ਇਕ ਦਿਨ ਦਾ ਇਜਲਾਸ ਸੱਦ ਕੇ ਸਿਰਫ ਖਾਨਾਪੂਰਤੀ ਕੀਤੀ ਜਾ ਰਹੀ ਹੈ।
 


author

Babita

Content Editor

Related News