ਪੱਤਰਕਾਰ ਨਾਲ ਬਦਸਲੂਕੀ ਮਾਮਲੇ ''ਤੇ ਬੋਲੇ ਭਗਵੰਤ ਮਾਨ, ''ਮੈਨੂੰ ਕੋਈ ਫਰਕ ਨੀ ਪੈਂਦਾ''

12/26/2019 7:07:38 PM

ਚੰਡੀਗੜ੍ਹ : ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਅਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਕਾਰਨ ਸੁਰਖੀਆਂ 'ਚ ਬਣੇ ਹੋਏ ਹਨ। ਇਸ ਬਾਰੇ ਜਦੋਂ 'ਜਗਬਾਣੀ' ਦੀ ਟੀਮ ਵਲੋਂ ਭਗਵੰਤ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਮੰਨਦੇ ਹਨ ਕਿ ਉਨ੍ਹਾਂ ਨੂੰ ਗੁੱਸਾ ਆ ਗਿਆ ਸੀ ਪਰ ਜਿਸ ਪੱਤਰਕਾਰ ਨੇ ਉਨ੍ਹਾਂ ਨੂੰ ਸਵਾਲ ਕੀਤੇ, ਉਹ ਵੀ ਸਹੀ ਨਹੀਂ ਸੀ।

ਭਗਵੰਤ ਮਾਨ ਨੇ ਕਿਹਾ ਕਿ ਪੱਤਰਕਾਰ ਵਾਰ-ਵਾਰ ਅਕਾਲੀ ਦਲ ਨੂੰ ਸਹੀ ਠਹਿਰਾ ਰਿਹਾ ਸੀ, ਜਿਸ ਕਾਰਨ ਉਨ੍ਹਾਂ ਨੂੰ ਗੁੱਸਾ ਆ ਗਿਆ। ਅਕਾਲੀ ਦਲ ਵਲੋਂ ਇਹ ਕਹੇ ਜਾਣ 'ਤੇ ਕਿ ਭਗਵੰਤ ਮਾਨ ਕੋਲ ਜਾਣ ਤੋਂ ਪਹਿਲਾਂ ਡੋਪ ਟੈਸਟ ਰਿਪੋਰਟ ਚੈੱਕ ਕੀਤੀ ਜਾਵੇ ਤਾਂ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ ਦਲ ਜੋ ਮਰਜ਼ੀ ਬੋਲੀ ਜਾਵੇ, ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਪਹਿਲਾਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਆਪਣਾ ਡੋਪ ਟੈਸਟ ਕਰਾਉਣ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੇ ਆਗੂਆਂ ਦਾ ਡੋਪ ਟੈਸਟ ਕਰਾਇਆ ਜਾਵੇ ਤਾਂ ਪਤਾ ਨਹੀਂ ਕੀ-ਕੀ ਨਿਕਲੇਗਾ। ਉਨ੍ਹਾਂ ਕਿਹਾ ਕਿ ਬਿਕਰਮ ਮਜੀਠੀਆ ਨੇ ਪੂਰੇ ਪੰਜਾਬ ਦੀ ਜਵਾਨੀ ਨਸ਼ੇ 'ਤੇ ਲਾ ਦਿੱਤੀ ਹੈ ਤਾਂ ਕਿਸ-ਕਿਸ ਦਾ ਡੋਪ ਟੈਸਟ ਕਰਾਇਆ ਜਾਵੇਗਾ।

ਉਨ੍ਹਾਂ ਅਕਾਲੀ ਦਲ ਨੂੰ ਲਲਕਾਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਕਿੰਨੇ ਨੌਜਵਾਨ ਨਸ਼ਿਆਂ ਕਾਰਨ ਮਰੇ ਹਨ, ਕੀ ਇਸ ਦਾ ਡੋਪ ਟੈਸਟ ਕਰਾਇਆ ਜਾਵੇ? ਉਨ੍ਹਾਂ ਕਿਹਾ ਕਿ ਅਕਾਲੀ ਖੁਦ ਹੀ ਮਾਨਸਿਕ ਤੌਰ 'ਤੇ ਫਿੱਟ ਨਹੀਂ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਹੀ ਇਨ੍ਹਾਂ ਨੂੰ ਪਹਿਲੀ ਵਾਰ ਤੀਜੇ ਨੰਬਰ 'ਤੇ ਧੱਕ ਦਿੱਤਾ, ਜਿਸ ਕਾਰਨ ਅਕਾਲੀ ਬੌਖਲਾ ਗਏ ਹਨ।


Babita

Content Editor

Related News