ਭਾਗਸਰ ਰਜਬਾਹੇ ’ਚ ਨਹਿਰੀ ਪਾਣੀ ਦੀ ਮੁੜ ਬੰਦੀ, ਬਿਜਲੀ ਖ਼ਰਾਬ ਹੋਣ ’ਤੇ ਕਿਸਾਨ ਪਰੇਸ਼ਾਨ
Monday, Jun 07, 2021 - 10:51 AM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ)- ਇਸ ਸਮੇਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਤੇ ਖੇਤਾਂ ਨੂੰ ਰੌਣੀਆਂ ਕਰਨ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ। ਪਾਣੀ ਨਾ ਮਿਲਣ ਕਰਕੇ ਕਿਸਾਨ ਬੇਹੱਦ ਤੰਗ-ਪ੍ਰੇਸ਼ਾਨ ਅਤੇ ਔਖੇ ਹੋ ਰਹੇ ਹਨ, ਕਿਉਂਕਿ ਪਿੰਡ ਝੀਂਡ ਵਾਲਾ ਤੋਂ ਨਿਕਲਦਾ ਭਾਗਸਰ ਰਜਬਾਹਾ ਜੋ ਕਰੀਬ ਡੇਢ ਦਰਜਨ ਪਿੰਡਾਂ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਦਿੰਦਾ ਹੈ , ਨਹਿਰ ਵਿਭਾਗ ਨੇ ਮੁੜ ਬੰਦ ਕਰ ਦਿੱਤਾ ਹੈ। ਪਹਿਲਾਂ ਵੀ ਉਕਤ ਰਜਬਾਹਾ ਮਹੀਨਾ ਭਰ ਬੰਦ ਰਿਹਾ ਹੈ।
ਲੱਖੇਵਾਲੀ ਦੇ ਕਿਸਾਨਾਂ ਸਿਮਰਜੀਤ ਸਿੰਘ ਬਰਾੜ, ਦਿਲਬਾਗ ਸਿੰਘ ਬਰਾੜ ਤੇ ਧਨਵੰਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਕਰੋਂ ਪਰ ਜਦੋਂ ਖੇਤਾਂ ਵਿੱਚ ਰੌਣੀਆਂ ਲਾਉਣ ਲਈ ਨਹਿਰੀ ਪਾਣੀ ਹੀ ਨਹੀਂ ਤਾਂ ਕਿਸਾਨ ਵਰਗ ਕੀ ਕਰੇ। ਉਨ੍ਹਾਂ ਨੇ ਕਿਹਾ ਕਿ ਇਸ ਮੌਸਮ ਵਿੱਚ ਆ ਕੇ ਨਹਿਰਾਂ ਵਿੱਚ ਪਾਣੀ ਦੀ ਬੰਦੀ ਨਹੀਂ ਕਰਨੀ ਚਾਹੀਦੀ। ਜਗਬਾਣੀ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਨੇ ਦੱਸਿਆ ਕਿ ਕਿ ਇਕ ਤਾਂ ਨਹਿਰ ਬੰਦ ਹੈ ਅਤੇ ਦੂਜੇ ਪਾਸੇ ਬਿਜਲੀ ਮਹਿਕਮੇ ਦਾ ਵੀ ਬੁਰਾ ਹਾਲ ਹੈ। ਟਿਊਬਵੈੱਲ ਦੀਆਂ ਮੋਟਰਾਂ ਵਾਲੀ ਬਿਜਲੀ ਪਿਛਲੇਂ ਕਈ ਦਿਨਾਂ ਤੋਂ ਨਹੀਂ ਆ ਰਹੀ ਅਤੇ ਲਾਈਨ ਵਿੱਚ ਕੋਈ ਨੁਕਸ ਹੈ।
ਉਨ੍ਹਾਂ ਨੇ ਕਿਹਾ ਕਿ ਲਗਭਗ 10 ਦਿਨ ਪਹਿਲਾਂ ਹਨੇਰੀ ਆਈ ਸੀ ਅਤੇ ਖੇਤਾਂ ਵਿੱਚ ਖੰਬੇ ਡਿੱਗ ਪਏ ਸਨ ਤੇ ਟ੍ਰਾਂਸਫਾਰਮਰ ਵੀ ਖੰਬਿਆਂ ਤੇ ਲਮਕ ਗਏ ਸਨ। ਉਕਤ ਵਿਭਾਗ ਅਜੇ ਤੱਕ ਬਿਜਲੀ ਦੀ ਸਪਲਾਈ ਚਾਲੂ ਨਹੀਂ ਕਰਵਾ ਸਕਿਆ। ਜਦੋਂ ਉੱਚ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਦੀ ਘਾਟ ਕਾਰਨ ਦੇਰੀ ਹੋ ਰਹੀ ਹੈ। ਕਿਸਾਨ ਬੜੀ ਦੁਬਿਧਾ ਵਿੱਚ ਫ਼ਸੇ ਹੋਏ ਹਨ, ਕਿਉਂਕਿ ਜੇਕਰ ਉਹ ਡੀਜ਼ਲ ਇੰਜਣਾਂ ਨਾਲ ਟਿਊਬਵੈਲ ਚਲਾਉਂਦੇ ਹਨ ਤਾਂ ਉਨ੍ਹਾਂ ਨੂੰ ਡੀਜ਼ਲ 87 ਰੁਪਏ ਪ੍ਰਤੀ ਲੀਟਰ ਖ਼ਰੀਦਣਾ ਪੈਂਦਾ ਹੈ। ਪੰਜਾਬ ਸਰਕਾਰ, ਖੇਤੀਬਾੜੀ ਵਿਭਾਗ, ਨਹਿਰ ਮਹਿਕਮਾ ਤੇ ਸਿਆਸੀ ਨੇਤਾ ਕੋਈ ਵੀ ਕਿਸਾਨਾਂ ਦੇ ਅੰਦਰਲੇ ਦਰਦ ਨੂੰ ਨਹੀਂ ਸਮਝਦਾ ।