ਜਨਮਦਿਨ ਵਿਸ਼ੇਸ਼ : ਪਾਕਿ 'ਚ ਵੀ ਹਨ ਸ਼ਹੀਦ ਭਗਤ ਸਿੰਘ ਦੇ ਪ੍ਰਸ਼ੰਸਕ

09/28/2019 10:00:54 AM

ਇਸਲਾਮਾਬਾਦ (ਏਜੰਸੀ)—  ਅੱਜ ਦੇ ਦਿਨ ਮਤਲਬ 28 ਸਤੰਬਰ ਨੂੰ ਭਾਰਤ ਦੀ ਆਜ਼ਾਦੀ ਦੇ ਮੁੱਖ ਘੁਲਾਟੀਏ ਸਰਦਾਰ ਭਗਤ ਸਿੰਘ ਦਾ ਜਨਮ ਹੋਇਆ ਸੀ। ਅੱਜ ਉਨ੍ਹਾਂ ਦਾ 112ਵਾਂ ਜਨਮਦਿਨ ਹੈ। ਭਗਤ ਸਿੰਘ ਨੂੰ 23 ਮਾਰਚ, 1931 ਨੂੰ ਉਸ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਮੇਤ ਫਾਂਸੀ 'ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸਨ। ਵਰਤਮਾਨ ਸਮੇਂ ਵਿਚ ਭਾਰਤ ਵਿਚ ਹੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਵੀ ਉਨ੍ਹਾਂ ਦੇ ਪ੍ਰਸ਼ੰਸਕ ਪਾਏ ਜਾਂਦੇ ਹਨ। 

ਮੁੱਢਲਾ ਜੀਵਨ
ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜ਼ਿਲੇ ਦੇ ਪਿੰਡ ਬੰਗਾ ਵਿਚ ਹੋਇਆ। ਉਨ੍ਹਾਂ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਭਗਤ ਸਿੰਘ ਨਗਰ) ਜ਼ਿਲੇ ਦੇ ਖਟਕੜ ਕਲਾਂ ਪਿੰਡ ਵਿਚ ਸਥਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ। ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ (ਹੁਣ ਪਾਕਿਸਤਾਨ) ਦੇ ਜ਼ਿਲਾ ਬੋਰਡ ਪ੍ਰਾਇਮਰੀ ਸਕੂਲ ਵਿਚ ਹੋਈ। ਬਾਅਦ ਵਿਚ ਉਹ ਡੀ.ਏ.ਵੀ. ਹਾਈ ਸਕੂਲ ਲਾਹੌਰ ਵਿਚ ਦਾਖਲ ਹੋ ਗਏ। ਭਗਤ ਸਿੰਘ ਭਾਵੇਂ ਰਵਾਇਤੀ ਕਿਸਮ ਦੇ ਪੜ੍ਹਾਕੂ ਨਹੀਂ ਸਨ ਪਰ ਉਹ ਵੱਖ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਦੇ ਰਹਿੰਦੇ ਸੀ। ਉਰਦੂ ਵਿਚ ਉਨ੍ਹਾਂ ਨੂੰ ਮੁਹਾਰਤ ਹਾਸਲ ਸੀ।

ਇਨਕਲਾਬੀ ਲਹਿਰ 'ਚ ਹੋਏ ਸ਼ਾਮਲ 
ਜਦੋਂ 1919 ਵਿਚ ਜਲਿਆਂਵਾਲਾ ਬਾਗ ਖੂਨੀ ਸਾਕੇ ਦੀ ਘਟਨਾ ਵਾਪਰੀ ਉਸ ਸਮੇਂ ਭਗਤ ਸਿੰਘ 12 ਸਾਲ ਦੇ ਸਨ। ਇਸ ਮਗਰੋਂ ਉਹ 'ਨੌਜਵਾਨ ਇਨਕਲਾਬੀ ਲਹਿਰ' ਵਿਚ ਸ਼ਾਮਲ ਹੋਏ। ਮਾਰਚ 1926 ਵਿਚ ਉਨ੍ਹਾਂ ਨੇ ਨੌਜਵਾਨਾਂ ਦੇ ਸਮਾਜਵਾਦੀ ਵਿਚਾਰਧਾਰਕ ਸੰਗਠਨ 'ਨੌਜਵਾਨ ਭਾਰਤ ਸਭਾ' ਦੀ ਸਥਾਪਨਾ ਕੀਤੀ। ਪੁਲਸ ਨੌਜਵਾਨਾਂ 'ਤੇ ਉਨ੍ਹਾਂ ਦੇ ਪ੍ਰਭਾਵ ਨਾਲ ਡਰ ਗਈ ਸੀ ਅਤੇ ਮਈ 1926 ਵਿਚ ਲਾਹੌਰ ਵਿਚ ਹੋਏ ਇਕ ਬੰਬ ਧਮਾਕੇ ਵਿਚ ਸ਼ਾਮਲ ਹੋਣ ਕਾਰਨ ਉਨ੍ਹਾਂ ਨੂੰ ਮਈ 1927 ਵਿਚ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਪੰਜ ਹਫਤੇ ਦੇ ਬਾਅਦ 60 ਹਜ਼ਾਰ ਰੁਪਏ ਦੀ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ। 

ਆਦਰਸ਼ ਅਤੇ ਵਿਚਾਰ
ਭਗਤ ਸਿੰਘ ਦਾ ਆਦਰਸ਼ ਗਦਰ ਪਾਰਟੀ ਦਾ ਸੰਸਥਾਪਕ ਕਰਤਾਰ ਸਿੰਘ ਸਰਾਭਾ ਸੀ। ਉਹ ਗਦਰ ਪਾਰਟੀ ਦੇ ਇਕ ਹੋਰ ਸੰਸਥਾਪਕ ਭਾਈ ਪਰਮਾਨੰਦ ਤੋਂ ਵੀ ਪ੍ਰੇਰਿਤ ਸਨ। ਉਨ੍ਹਾਂ ਨੂੰ ਗਾਂਧੀਵਾਦੀ ਵਿਚਾਰਧਾਰਾ ਵਿਚ ਵਿਸ਼ਵਾਸ ਨਹੀਂ ਸੀ, ਜਿਸ ਨੇ ਸੱਤਿਆਗ੍ਰਹਿ ਅਤੇ ਅਹਿੰਸਕ ਵਿਰੋਧ ਦੇ ਹੋਰ ਰੂਪਾਂ ਦੀ ਵਕਾਲਤ ਕੀਤੀ ਸੀ। ਮਈ ਤੋਂ ਸਤੰਬਰ 1928 ਤੱਕ ਭਗਤ ਸਿੰਘ ਨੇ ਕਿਰਤੀ ਵਿਚ ਅਰਾਜਕਤਾਵਾਦ ਬਾਰੇ ਲੇਖ ਲੜੀਬੱਧ ਕੀਤੇ। 1926 ਦੇ ਬਾਅਦ ਉਸ ਨੇ ਭਾਰਤ ਅਤੇ ਵਿਦੇਸ਼ਾਂ ਵਿਚ ਕ੍ਰਾਂਤੀਕਾਰੀ ਅੰਦਲੋਨ ਦੇ ਇਤਿਹਾਸ ਦਾ ਅਧਿਐਨ ਕੀਤਾ। 

ਇਨਕਲਾਬੀ ਗਤੀਵਿਧੀਆਂ
ਭਗਤ ਸਿੰਘ ਐੱਚ.ਆਰ.ਏ. ਦਾ ਇਕ ਪ੍ਰਮੁੱਖ ਮੈਂਬਰ ਸੀ। 1928 ਵਿਚ ਉਹ ਇਸ ਦਾ ਨਾਮ ਬਦਲ ਕੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ ਕਰਨ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਸੀ। ਐੱਚ.ਐੱਸ.ਆਰ.ਏ. ਨੇ ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਦੀ ਸਹੁੰ ਚੁੱਕੀ ਸੀ। ਇਸ ਲਈ ਭਗਤ ਸਿੰਘ ਨੇ ਅੰਗਰੇਜ਼ ਸੁਪਰਡੈਂਟ ਅਫਸਰ ਸਕਾਟ ਨੂੰ ਮਾਰਨ ਲਈ ਸ਼ਿਵਰਾਮ, ਰਾਜਗੁਰੂ, ਸੁਖਦੇਵ ਥਾਪਰ ਅਤੇ ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਨਾਲ ਮਿਲਕੇ ਯੋਜਨਾ ਬਣਾਈ। ਭਾਵੇਂਕਿ ਪਛਾਣ ਦੀ ਗਲਤੀ ਕਾਰਨ ਉਨ੍ਹਾਂ ਨੇ ਜੋਹਨ ਪੀ. ਸਾਂਡਰਸ ਜੋ ਸਹਾਇਕ ਪੁਲਸ ਅਧਿਕਾਰੀ ਸੀ, ਨੂੰ ਗੋਲੀ ਮਾਰ ਦਿੱਤੀ। 17 ਦਸੰਬਰ, 1928 ਨੂੰ ਉਸ ਸਮੇਂ ਅਧਿਕਾਰੀ ਲਾਹੌਰ ਵਿਖੇ ਜ਼ਿਲਾ ਪੁਲਸ ਹੈੱਡਕੁਆਰਟਰ ਛੱਡ ਰਿਹਾ ਸੀ। ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਕਾਰਨ ਭਗਤ ਸਿੰਘ ਦੇਸ਼ਭਰ ਵਿਚ ਪ੍ਰਸਿੱਧ ਹੋ ਗਏ। 

ਉਨ੍ਹਾਂ ਬਾਰੇ ਅਣਗਿਣਤ ਗਾਣੇ ਬਣੇ। ਸਾਂਡਰਸ ਨੂੰ ਮਾਰਨ ਦੇ ਬਾਅਦ ਉਹ ਅੰਗਰੇਜ਼ ਅਫਸਰਾਂ ਨੂੰ ਧੋਖਾ ਦੇ ਕੇ ਬਚ ਨਿਕਲਣ ਵਿਚ ਸਫਲ ਰਹੇ। ਪੈਰਿਸ ਵਿਚ ਚੈਂਬਰ ਆਫ ਡਿਪਟੀਜ਼ ਉੱਤੇ ਬੰਬ ਸੁੱਟਣ ਵਾਲੇ ਫ੍ਰਾਂਸੀਸੀ ਅਰਾਜਕਤਾਵਾਦੀ ਅਗਸਟਸ ਵੈੱਲਟ ਤੋਂ ਪ੍ਰਭਾਵਿਤ ਭਗਤ ਸਿੰਘ ਨੇ ਕੇਂਦਰੀ ਵਿਧਾਨ ਸਭਾ ਦੇ ਅੰਦਰ ਬੰਬ ਧਮਾਕਾ ਕਰਨ ਦੀ ਯੋਜਨਾ ਬਣਾਈ। ਆਖਿਰਕਾਰ ਪਾਰਟੀ ਨੇ ਵਿਚਾਰ ਵਟਾਂਦਰੇ ਦੇ ਬਾਅਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਇਸ ਕੰਮ ਲਈ ਚੁਣਿਆ। ਯੋਜਨਾ ਮੁਤਾਬਕ 8 ਅਪ੍ਰੈਲ, 1929 ਨੂੰ ਕੇਂਦਰੀ ਅਸੈਂਬਲੀ ਵਿਚ ਦੋਹਾਂ ਨੇ ਇਕ ਖਾਲੀ ਥਾਂ 'ਤੇ ਬੰਬ ਸੁੱਟ ਦਿੱਤਾ। ਇਹ ਬੰਬ ਕਿਸੇ ਦੀ ਜਾਨ ਲੈਣ ਲਈ ਨਹੀਂ ਚਲਾਏ ਗਏ ਸਨ ਪਰ ਵਾਇਸਰਾਇ ਦੇ ਕਾਰਜਕਾਰੀ ਕੌਂਸਲ ਦੇ ਵਿੱਤ ਮੈਂਬਰ ਜੌਰਜ ਅਰਨੇਸਟ ਸ਼ੂਟਰ ਸਮੇਤ ਕੁਝ ਮੈਂਬਰ ਜ਼ਖਮੀ ਹੋ ਗਏ।  ਉੱਥੋਂ ਭੱਜਣ ਦੀ ਬਜਾਏ ਉਨ੍ਹਾਂ ਨੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਆਪਣੀ ਗ੍ਰਿਫਤਾਰੀ ਕਰਵਾਈ। ਆਖਿਰਕਾਰ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ।

ਪਾਕਿਸਤਾਨ ਵਿਚ ਵੀ ਹਨ ਪ੍ਰਸ਼ੰਸਕ
ਪਾਕਿਸਤਾਨੀ ਲੇਖਕਾ ਸਹਿਰ ਮਿਰਜ਼ਾ ਵੀ ਭਗਤ ਸਿੰਘ ਦੀ ਜੀਵਨੀ ਨਾਲ ਬਹੁਤ ਪ੍ਰਭਾਵਿਤ ਹੈ। ਸਹਿਰ ਦੇ ਪਿਤਾ ਇਕ ਸੀਨੀਅਰ ਪੱਤਰਕਾਰ ਅਤੇ ਲੇਖਕ ਹਨ। ਉਨ੍ਹਾਂ ਨੇ ਜ਼ੀਆ-ਉਲ-ਹੱਕ ਦੀ ਤਾਨਾਸ਼ਾਹੀ ਦੌਰਾਨ ਆਪਣੇ ਦੋਸਤਾਂ ਨਾਲ ਮਿਲ ਕੇ ਭਗਤ ਸਿੰਘ ਦੀ ਯਾਦ ਮਨਾਈ ਸੀ। ਉਨ੍ਹਾਂ ਨੇ ਲਾਹੌਰ ਦੇ ਅਨਾਰਕਲੀ ਬਾਜ਼ਾਰ ਦੀ ਚੈਨੀ ਕੈਫੇ ਵਿਚ ਇਕ ਸਕਿੱਟ ਵੀ ਕੀਤੀ ਸੀ।

ਲਾਹੌਰ ਦੇ ਪੋਸ਼ ਇਲਾਕੇ ਸ਼ਾਦਮਾਨ ਦੇ ਵਿਚ ਇਕ ਛੋਟਾ ਜਿਹਾ ਫੁਹਾਰੇ ਵਾਲਾ ਚੌਂਕ ਹੈ। ਇਹ ਚੌਂਕ ਲਾਹੌਰ ਦੀ ਜ਼ਿਲਾ ਜੇਲ ਦੀ ਕੰਧ ਨਾਲ ਲੱਗਦਾ ਹੈ। ਇਹ ਉਹੀ ਜੇਲ ਹੈ ਜਿੱਥੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਰੱਖਿਆ ਗਿਆ ਸੀ ਅਤੇ ਅਖੀਰ 23 ਮਾਰਚ, 1931 ਨੂੰ ਫਾਂਸੀ ਦੇ ਦਿੱਤੀ ਗਈ ਸੀ। ਪਾਕਿਸਤਾਨ ਵਿਚ ਜਿਸ ਜਗ੍ਹਾ 'ਤੇ ਸ਼ਹੀਦ ਭਗਤ ਸਿੰਘ ਨੂੰ ਉਸ ਦੇ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਫਾਂਸੀ ਦਿੱਤੀ ਗਈ ਸੀ, ਉਸ ਚੌਂਕ ਦਾ ਨਾਮ ਉਨ੍ਹਾਂ ਦੇ ਨਾਮ 'ਤੇ ਰੱਖਿਆ ਗਿਆ ਹੈ। ਇਸ ਲਈ ਲਾਹੌਰ ਪ੍ਰਸ਼ਾਸਨ ਵੱਲੋਂ ਬਕਾਇਦਾ ਇਕ ਲੈਟਰ ਜਾਰੀ ਕੀਤਾ ਗਿਆ ਜਿਸ ਵਿਚ ਤਿੰਨਾਂ ਦੇ ਸ਼ਹਾਦਤ ਸਥਾਨ ਸ਼ਾਦਮਾਨ ਚੌਂਕ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਰੱਖਿਆ ਗਿਆ।   

ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਦੀ ਪਹਿਲ 'ਤੇ ਇਸ ਚੌਂਕ ਵਿਚ ਹਰੇਕ ਸਾਲ ਸ਼ਹੀਦੀ ਸਮਾਗਮ ਹੁੰਦਾ ਹੈ। ਹਾਲ ਹੀ ਵਿਚ ਇਮਤਿਆਜ਼ ਰਾਸ਼ਿਦ ਕੁਰੈਸ਼ੀ ਨੇ ਇਸਲਾਮਾਬਾਦ ਦੇ ਭਾਰਤੀ ਹਾਈ ਕਮਿਸ਼ਨ ਵਿਖੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਇਕ ਚਿੱਠੀ ਸੌਂਪਦੇ ਹੋਏ ਸ਼ਹੀਦ ਭਗਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਭਾਰਤ ਰਤਨ ਐਵਾਰਡ ਦੇਣ ਦਾ ਐਲਾਨ ਕਰਨ ਲਈ ਕਿਹਾ ਹੈ। 


Vandana

Content Editor

Related News