ਭਾਰੀ ਵਾਹਨ ਇਧਰ ਲੈ ਕੇ ਆਉਣ ਵਾਲੇ ਸਾਵਧਾਨ! ਪਹਿਲਾਂ ਪੜ੍ਹ ਲਓ ਖ਼ਬਰ
Thursday, Oct 10, 2024 - 01:17 PM (IST)
ਮਾਛੀਵਾੜਾ ਸਾਹਿਬ (ਟੱਕਰ) : ਮਾਲਵਾ-ਦੋਆਬਾ ਨੂੰ ਆਪਸ 'ਚ ਜੋੜਦੇ ਰਾਹੋਂ-ਮਾਛੀਵਾੜਾ ਵਿਚਕਾਰ ਸਤਲੁਜ ਦਰਿਆ ’ਤੇ ਬਣੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੁਲ ਦੀ ਸਲੈਬ ਫਿਰ ਧੱਸ ਗਈ ਹੈ ਅਤੇ ਇਸ ਨੂੰ ਭਾਰੀ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਟਰੱਕਾਂ ਤੇ ਟਿੱਪਰਾਂ ਰਾਹੀਂ ਸਾਮਾਨ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਲਈ ਇਹ ਰਸਤਾ ਬੰਦ ਹੋਣ ਕਾਰਨ ਲੋਕ ਪਰੇਸ਼ਾਨ ਹੋ ਰਹੇ ਹਨ। ਸਤਲੁਜ ਦਰਿਆ ’ਤੇ ਬਣੇ ਪੁਲ ਦੇ ਨਿਰਮਾਣ ਤੋਂ ਬਾਅਦ ਹੀ ਇਸ ਦੀ ਗੁਣਵੱਤਾ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਪਿਛਲੇ 7 ਸਾਲਾਂ ਵਿਚ ਇਹ ਪੰਜਵੀਂ ਵਾਰ ਹੈ ਕਿ ਇਸ ਪੁਲ ਦੀ ਸਲੈਬ ਧੱਸ ਗਈ ਅਤੇ ਹੁਣ ਇਸ ਨੂੰ ਮੁਰੰਮਤ ਤੋਂ ਬਾਅਦ ਹੀ ਭਾਰੀ ਵਾਹਨਾਂ ਲਈ ਖੋਲ੍ਹਿਆ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਪੰਚਾਇਤੀ ਚੋਣਾਂ ਦੇ ਮਾਮਲੇ 'ਤੇ ਸੁਣਵਾਈ ਅੱਜ, 100 ਤੋਂ ਵੱਧ ਪਟੀਸ਼ਨਾਂ ਦਾਇਰ
2 ਸਾਲ ਪਹਿਲਾਂ ਵੀ ਇਸ ਪੁਲ ਦੀਆਂ 2 ਨਵੀਆਂ ਸਲੈਬਾਂ ਪਾਈਆਂ ਗਈਆਂ ਸਨ ਅਤੇ ਉਸ ਸਮੇਂ ਲੋਕ ਨੂੰ ਕਈ ਕਿਲੋਮੀਟਰ ਲੰਬਾ ਪੈਂਡਾ ਤੈਅ ਕਰਕੇ ਹੋਰਨਾਂ ਰਸਤਿਆਂ ਰਾਹੀਂ ਆਪਣੀ ਮੰਜ਼ਿਲ ’ਤੇ ਪਹੁੰਚਣਾ ਪੈਂਦਾ ਸੀ ਅਤੇ ਹੁਣ ਫਿਰ ਇਸ ਦੀਆਂ ਹੋਰ ਸਲੈਬਾਂ ਧੱਸ ਗਈਆਂ ਹਨ ਜੋ ਕਿ ਲੋਕਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਗਈਆਂ ਹਨ। ਅੱਜ ਸਤਲੁਜ ਪੁਲ ’ਤੇ ਪੁਲਸ ਵਲੋਂ ਨਾਕਾਬੰਦੀ ਕਰਕੇ ਭਾਰੀ ਵਾਹਨਾਂ ਨੂੰ ਵਾਪਸ ਮੋੜ ਦਿੱਤਾ ਗਿਆ, ਜੋ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ। ਸਤਲੁਜ ਪੁਲ ’ਤੇ ਡਿਊਟੀ ਕਰ ਰਹੇ ਪੁਲਸ ਅਧਿਕਾਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨਵਾਂਸ਼ਹਿਰ ਦੇ ਜ਼ੁਬਾਨੀ ਹੁਕਮਾਂ ਅਨੁਸਾਰ ਪੁਲ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ, ਸਿਰਫ ਛੋਟੇ ਵਾਹਨ ਹੀ ਲੰਘਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਮੌਕਾ ਦੇਖ ਕੇ ਗਏ ਹਨ ਅਤੇ ਪੁਲ ਦੀ ਮੁਰੰਮਤ ਕਦੋਂ ਸ਼ੁਰੂ ਹੋਵੇਗੀ ਇਹ ਤਾਂ ਓਹੀ ਦੱਸ ਸਕਦੇ ਹਨ।
ਇਹ ਵੀ ਪੜ੍ਹੋ : ਪੁਲਸ ਵਾਲੇ ਨੇ ਪਿਓ-ਪੁੱਤ 'ਤੇ ਚਲਾਈਆਂ ਗੋਲੀਆਂ, ਪਿੰਡ 'ਚ ਫੈਲੀ ਦਹਿਸ਼ਤ
ਖੰਨਾ ਤੋਂ ਲੈ ਕੇ ਨਵਾਂਸ਼ਹਿਰ ਤੱਕ ਦੁਕਾਨਦਾਰਾਂ ਦਾ ਕਾਰੋਬਾਰ ਹੋਵੇਗਾ ਪ੍ਰਭਾਵਿਤ
ਸਤਲੁਜ ਦਰਿਆ ’ਤੇ ਭਾਰੀ ਵਾਹਨਾਂ ਦੀ ਆਵਾਜਾਈ ਬੰਦ ਹੋਣ ਕਾਰਨ ਇਹ ਟਰੱਕ ਤੇ ਟਿੱਪਰ ਹੁਣ ਵਾਇਆ ਰੋਪੜ ਜਾਂ ਲੁਧਿਆਣਾ ਹੋ ਕੇ ਕਈ ਕਿਲੋਮੀਟਰ ਦਾ ਪੈਂਡਾ ਤੈਅ ਕਰ ਆਪਣੀ ਮੰਜ਼ਿਲ ’ਤੇ ਪਹੁੰਚਣਗੇ। ਇਹ ਪੁਲ ਬੰਦ ਹੋਣ ਨਾਲ ਖੰਨਾ ਤੋਂ ਲੈ ਕੇ ਨਵਾਂਸ਼ਹਿਰ ਰੋਡ ’ਤੇ ਸਥਿਤ ਢਾਬੇ, ਪੈਟਰੋਲ ਪੰਪ ਅਤੇ ਹੋਰ ਕਈ ਦੁਕਾਨਦਾਰਾਂ ਦਾ ਕਾਰੋਬਾਰ ਵੀ ਬਹੁਤ ਘੱਟ ਜਾਵੇਗਾ ਕਿਉਂਕਿ ਵਾਹਨਾਂ ਦੀ ਆਵਾਜਾਈ ਵੀ ਘੱਟ ਜਾਵੇਗੀ। ਲੋਕਾਂ ਨੇ ਸਰਕਾਰ ਤੇ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਪੁਲ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8