ਸਾਵਧਾਨ! ਕੇ. ਵਾਈ. ਸੀ. ਅਪਡੇਟ ਦੇ ਨਾਂ ’ਤੇ ਤੁਹਾਡੇ ਨਾਲ ਵੀ ਹੋ ਸਕਦੀ ਹੈ ਠੱਗੀ

Thursday, Nov 28, 2024 - 09:07 AM (IST)

ਸੁਲਤਾਨਪੁਰ ਲੋਧੀ (ਧੀਰ) : ਕੇ. ਵਾਈ. ਸੀ. ਦਾ ਅਰਥ ਹੈ ਆਪਣੇ ਗਾਹਕ ਨੂੰ ਜਾਣੋ (ਨੋਅ ਯੂਅਰ ਕਸਟਮਰ)। ਅਸਾਨ ਭਾਸ਼ਾ ’ਚ ਕੇ. ਵਾਈ. ਸੀ. ਭਾਰਤ ’ਚ ਕੰਮ ਕਰ ਰਹੀਆਂ ਸਾਰੀਆਂ ਬੈਂਕਾਂ ਤੇ ਹਰ ਵਿੱਤੀ ਸੰਸਥਾਵਾਂ ਦੁਆਰਾ ਗਾਹਕ ਦੀ ਪਛਾਣ ਨੂੰ ਪ੍ਰਮਾਣਿਤ ਕਰਨ ਦੀ ਇਕ ਲਾਜ਼ਮੀ ਪ੍ਰਕਿਰਿਆ ਹੈ। ਇਸ ਪ੍ਰਕਿਰਿਆ ਵਿਚ ਬੈਂਕ ਵਿਚ ਖਾਤਾ ਖੋਲ੍ਹਣ ਜਾਂ ਕਰਜ਼ਾ ਲੈਣ ਲਈ ਆਪਣੀ ਪਛਾਣ ਤੇ ਪਤੇ ਦਾ ਪ੍ਰਮਾਣ ਭਾਵ ਅਧਾਰ ਕਾਰਡ, ਪੈਨ ਕਾਰਡ ’ਤੇ ਪਾਸਪੋਰਟ ਸਾਈਜ਼ ਫੋਟੋ ਆਦਿ ਦੇਣੇ ਹੁੰਦੇ ਹਨ। ਇਸ ਪ੍ਰਕਿਰਿਆ ਰਾਹੀਂ ਬੈਂਕ ਆਪਣੇ ਗਾਹਕਾਂ ਦੀ ਪਛਾਣ ਤੇ ਪਤੇ ਬਾਰੇ ਸੂਚਨਾਵਾਂ ਪ੍ਰਾਪਤ ਕਰਦੇ ਹਨ।
ਰਿਜ਼ਰਵ ਬੈਂਕ ਦੇ ਨਿਰਦੇਸ਼ ਅਨੁਸਾਰ ਕੇ. ਵਾਈ. ਸੀ. ਦੇ ਕਾਰਜ ਨੂੰ ਬੈਂਕਾਂ ਵੱਲੋਂ ਖਾਤਾ ਖੋਲ੍ਹਣ ਸਮੇਂ ਪੂਰਾ ਕਰਨਾ ਹੁੰਦਾ ਹੈ। ਇਹ ਕਾਰਜ ਇਹ ਯਕੀਨੀ ਕਰਨ ਵਿਚ ਮੱਦਦ ਕਰਦਾ ਹੈ ਕਿ ਬੈਂਕ ਦੀਆਂ ਸੇਵਾਵਾਂ ਦੀ ਦੁਰਵਰਤੋਂ ਨਾ ਹੋਵੇ।

ਬੈਂਕਾਂ ਨੂੰ ਆਪਣੇ ਗਾਹਕਾਂ ਨੂੰ ਦੇ ਕੇ. ਵਾਈ. ਸੀ. ਦੇ ਵੇਰਵੇ ਸਮੇਂ-ਸਮੇਂ ’ਤੇ ਐਪਡੇਟ ਕਰਨ ਦੀ ਲੋੜ ਵੀ ਹੁੰਦੀ ਹੈ। ਆਮ ਤੌਰ ’ਤੇ ਇਹ ਪ੍ਰਕਿਰਿਆ ਬੈਂਕ ਵਿਚ ਪਹੁੰਚ ਕੇ ਆਫਲਾਈਨ ਕੀਤੀ ਜਾਂਦੀ ਹੈ ਪਰ ਜੇਕਰ ਤੁਹਾਡੇ ਕੋਲ ਕੇ. ਵਾਈ. ਸੀ. ਪ੍ਰਕਿਰਿਆ ਨੂੰ ਆਫਲਾਈਨ ਕਰਨ ਦਾ ਸਮਾਂ ਨਹੀਂ ਹੈ ਤਾਂ ਕੇ. ਵਾਈ. ਸੀ. ਦੀ ਪ੍ਰਕਿਰਿਆ ਨੂੰ ਆਨਲਾਈਨ ਵੀ ਕੀਤਾ ਜਾ ਸਕਦਾ ਹੈ।

ਤੁਸੀਂ ਆਨਲਾਈਨ ਕੇ. ਵਾਈ. ਸੀ. ਫਾਰਮ ਭਰ ਕੇ ਜਾਂ ਵੀਡੀਓ- ਆਧਾਰਿਤ ਗਾਹਕ ਪਛਾਣ ਪ੍ਰਕਿਰਿਆ ਦੁਆਰਾ ਡਿਜੀਟਲ ਕੇ. ਵਾਈ. ਸੀ. ਨੂੰ ਪੂਰਾ ਕਰ ਸਕਦੇ ਹੈ। ਡਿਜੀਟਲ ਕਵਾਈਸੀ ਨਾਲ ਤੁਸੀਂ ਆਸਾਨੀ ਨਾਲ ਕਰਜ਼ੇ ਲਈ ਅਰਜ਼ੀ ਦੇ ਸਕਦੇ ਹੋ ਅਤੇ ਆਨਲਾਈਨ ਬੈਂਕ ਖਾਤਾ ਖੋਲ੍ਹ ਸਕਦੇ ਹਨ। ਇਸ ਤੋਂ ਇਲਾਵਾ ਨਵਾਂ ਸਿਮ ਕਾਰਡ ਲੈਣ, ਸਿਮ ਕਾਰਡ ਸਵੈਪ ਅਤੇ ਮੋਬਾਈਲ ਨੰਬਰ ਪੋਰਟ ਕਰਨ ਲਈ ਵੀ ਕੇ. ਵਾਈ. ਸੀ. ਅਪਡੇਟ ਕਰਵਾਉਣ ਦੀ ਜ਼ਰੂਰਤ ਪੈਂਦੀ ਹੈ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਰੈਕੇਟ ਦਾ ਪਰਦਾਫਾਸ਼, ਧੰਦੇ 'ਚ ਫਸੀਆਂ 2 ਔਰਤਾਂ ਨੂੰ ਛੁਡਾਇਆ, ਸੰਚਾਲਕਾ ਗ੍ਰਿਫ਼ਤਾਰ

ਕੇ. ਵਾਈ. ਸੀ. ਧੋਖਾਦੇਹੀ ਕੀ ਹੈ?
ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਨਿੱਤ ਨਵੇਂ ਤਰੀਕੇ ਲੱਭ ਰਹੇ ਹਨ। ਭਾਵੇਂ ਇਹ ਕੇ. ਵਾਈ. ਸੀ. ਨਾਲ ਸਬੰਧਤ ਧੋਖਾਦੇਹੀ ਹੋਵੇ, ਵੱਖ-ਵੱਖ ਕਿਸਮਾਂ ਦੀ ਬੈਂਕਿੰਗ ਧੋਖਾਦੇਹੀ ਜਾਂ ਏਟੀਐੱਮ ਧੋਖਾਧੜੀ ਹੋਵੇ, ਇਹ ਧੋਖੇਬਾਜ਼ ਹਰ ਰੋਜ਼ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਰਹੇ ਹਨ ਤੇ ਉਨ੍ਹਾਂ ਦੀ ਮਿਹਨਤ ਦੀ ਕਮਾਈ ਨੂੰ ਠੱਗ ਰਹੇ ਹਨ। ਅੱਜ-ਕੱਲ੍ਹ ਧੋਖਾਦੇਹੀ ਕਰਨ ਵਾਲੇ ਗਾਹਕਾਂ ਨੂੰ ਉਨ੍ਹਾਂ ਦੇ ਵੇਰਵੇ ਜਿਵੇਂ ਕਿ ਪਛਾਣ ਸਬੰਧੀ ਜਾਣਕਾਰੀ, ਬੈਂਕਿੰਗ ਜਾਣਕਾਰੀ, ਡੇਬਿਟ ਜਾਂ ਕ੍ਰੈਡਿਟ ਕਾਰਡ ਜਾਣਕਾਰੀ ਤੇ ਓ. ਟੀ. ਪੀ. ਸਾਂਝਾ ਕਰਨ ਲਈ ਆਖ ਕੇ ਅਸਾਨੀ ਨਾਲ ਫਸਾ ਲੈਂਦੇ ਹਨ ਤੇ ਉਨ੍ਹਾਂ ਦੇ ਬੈਂਕ ਖਾਤਿਆਂ ਤੱਕ ਅਣਅਧਿਕਾਰਤ ਪਹੁੰਚ ਪ੍ਰਾਪਤ ਕਰ ਲੈਂਦੇ ਹਨ।

ਇਸ ਤੋਂ ਇਲਾਵਾ ਕੇ. ਵਾਈ. ਸੀ. ਅਪਡੇਟ ਦੇ ਬਹਾਨੇ ਸਾਈਬਰ ਠੱਗ ਸਿਮ ਕਾਰਡ ਨੂੰ ਆਪਣੇ ਕੋਲ ਐਕਟੀਵੇਟ ਕਰ ਸਕਦੇ ਹਨ। ਲੌਗਇਨ ਜਾਣਕਾਰੀ ਨਾ ਦਿਓ। ਜਿਸ ਨਾਲ ਉਸ ਸਿਮ ਕਾਰਡ ਨਾਲ ਜੁੜੇ ਬੈਂਕ ਖਾਤੇ ਲੁੱਟੇ ਜਾ ਸਕਦੇ ਹਨ। ਆਰ. ਬੀ. ਆਈ. ਦੀ ਰਿਪੋਰਟ ਅਨੁਸਾਰ ਹਾਲ ਹੀ ਦੇ ਦਿਨਾਂ ’ਚ, ਕੇ. ਵਾਈ. ਸੀ. ਨਾਲ ਸਬੰਧਤ ਧੋਖਾਦੇਹੀ ਕੇਸਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਗਾਹਕਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਕਿਸੇ ਅਣਜਾਣ ਵਿਅਕਤੀ/ਸੰਗਠਨ ਨਾਲ ਆਪਣੀ ਨਿੱਜੀ ਪਛਾਣ ਸਬੰਧੀ ਜਾਣਕਾਰੀ ਸਾਂਝੀ ਨਾ ਕਰਨ। ਆਰ. ਬੀ. ਆਈ. ਨੇ ਆਪਣੀ ਵੈੱਬਸਾਈਟ ’ਤੇ ਵੀ ਸੱਪਸ਼ਟ ਕੀਤਾ ਹੈ ਕਿ ਬੈਂਕ ਕਦੇ ਵੀ ਅਜਿਹੀ ਜਾਣਕਾਰੀ ਫੋਨ ਕਾਲ ਦੌਰਾਨ ਨਹੀਂ ਮੰਗਦੇ ਤੇ ਗਾਹਕਾਂ ਨੂੰ ਇਸ ਬਾਰੇ ਚੁਕੰਨੇ ਰਹਿਣਾ ਚਾਹੀਦਾ ਹੈ।

ਜੇਕਰ ਉਨ੍ਹਾਂ ਨੂੰ ਕੇ. ਵਾਈ. ਸੀ. ਅਪਡੇਟ ਕਰਵਾਉਣ ਲਈ ਕੋਈ ਜਾਅਲੀ ਫੋਨ ਕਾਲ ਆਉਂਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਸਬੰਧਿਤ ਬੈਂਕ ਅਧਿਕਾਰੀਆਂ ਨੂੰ ਇਸ ਦੀ ਰਿਪੋਰਟ ਕਰਨੀ ਚਾਹੀਦੀ ਹੈ। ਉਹ ਅਜਿਹੀਆਂ ਬੇਨਤੀਆਂ ਦੀ ਰਿਪੋਰਟ ਸਿੱਧਾ ਆਰ. ਬੀ. ਆਈ. ਨੂੰ ਵੀ ਕਰ ਸਕਦੇ ਹਨ।

ਹੇਠ ਲਿਖੀਆਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ
1. ਆਪਣੀ ਪਛਾਣ ਤੇ ਬੈਂਕਿੰਗ ਵੇਰਵੇ ਕਿਸੇ ਨਾਲ ਵੀ ਸਾਂਝਾ ਕਰਨ ਤੇ ਗੁਰੇਜ਼ ਕਰਨਾ ਚਾਹੀਦਾ ਹੈ।
2. ਫੋਨ ਕਾਲ ਦੌਰਾਨ ਕਿਸੇ ਨੂੰ ਵੀ ਏ. ਟੀ. ਐੱਮ. ਪਿਨ, ਸੀ. ਵੀ. ਵੀ. ਨੰਬਰ ਜਾਂ ਇੰਟਰਨੈੱਟ ਬੈਂਕਿੰਗ ਲੋਗਇਨ ਜਾਣਕਾਰੀ ਨਾ ਦਿਓ।
3. ਇੰਟਰਨੈੱਟ 'ਤੇ ਦਿੱਤੀ ਜਾਣਕਾਰੀ ਤੋਂ ਜਲਦੀ ਭਰੋਸਾ ਨਾ ਕਰੋ। ਕਿਸੇ ਦੁਆਰਾ ਪ੍ਰਾਪਤ ਹੋਏ ਧੋਖਾਦੇਹੀ ਸੰਦੇਸ਼ਾਂ ’ਤੇ ਵਿਸ਼ਵਾਸ ਨਾ ਕਰੋ।
4. ਈਮੇਲ ਜਾਂ ਮੈਸੇਜ ਦੁਆਰਾ ਮਿਲੇ ਫਾਲਤੂ ਦੇ ਲੁਭਾਵਣੇ ਲਿੰਕਾਂ ਨੂੰ ਨਹੀਂ ਖੋਲ੍ਹਣਾ ਚਾਹੀਦਾ।
5. ਬੈਂਕਿੰਗ ਸਬੰਧੀ ਕੰਮਾਂ ਲਈ ਬੈਂਕ ਦੀ ਆਪਣੀ ਐਪਲੀਕੇਸ਼ਨ ਦੀ ਵਰਤੋਂ ਕਰੋ। ਫਾਲਤੂ ਦੀਆਂ ਐਪਲੀਕੇਸ਼ਨ ਡਾਊਨਲੋਡ ਨਾ ਕਰੋ।
6. ਸਿਰਫ ਜਾਣੀਆਂ-ਪਛਾਣੀਆਂ ਤੇ ਸੁਰੱਖਿਅਤ ਵੈੱਬਸਾਈਟਾਂ ’ਤੇ ਹੀ ਪੇਮੈਂਟ ਕਰਨ ਲਈ ਆਪਣੇ ਕ੍ਰੈਡਿਟ ਕਾਰਡ, ਡੈਬਿਟ ਕਾਰਡ ਜਾਂ ਇੰਟਰਨੈੱਟ ਬੈਂਕਿੰਗ ਦੀ ਵਰਤੋਂ ਕਰੋ।
7. ਫ੍ਰੀ ਆਫਰਾਂ ਜਾਂ ਉਨ੍ਹਾਂ ਵੈੱਬਸਾਈਟਾਂ ’ਤੋਂ ਖਬਰਦਾਰ ਰਹੇ, ਜੋ ਬਹੁਤ ਹੀ ਘੱਟ ਕੀਮਤ ’ਤੇ ਚੀਜ਼ਾਂ ਵੇਚਦੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Sandeep Kumar

Content Editor

Related News