ਬੇਟੀ ਬਚਾਓ ਬੇਟੀ ਪਡ਼੍ਹਾਓ ਮੁਹਿੰਮ ਤਹਿਤ ਅਧਿਕਾਰੀ ਅਪਨਾਉਣ ਇਕ-ਇਕ ਸਕੂਲ : ਵਿਨੇ ਬਬਲਾਨੀ

Friday, Jul 27, 2018 - 03:13 AM (IST)

ਬੇਟੀ ਬਚਾਓ ਬੇਟੀ ਪਡ਼੍ਹਾਓ ਮੁਹਿੰਮ ਤਹਿਤ ਅਧਿਕਾਰੀ ਅਪਨਾਉਣ ਇਕ-ਇਕ ਸਕੂਲ : ਵਿਨੇ ਬਬਲਾਨੀ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ)— ਜ਼ਿਲੇ ਵਿਚ ਬੇਟੀ ਬਚਾਓ ਬੇਟੀ ਪਡ਼੍ਹਾਓ ਮੁਹਿੰਮ ਨੂੰ ਵੱਡੀ ਪੱਧਰ ’ਤੇ ਜਾਰੀ ਕਰਨ ਲਈ ਅੱਜ ਬੁਲਾਈ ਗਈ ਮੀਟਿੰਗ ਵਿਚ ਡਿਪਟੀ ਕਮਿਸ਼ਨਰ ਵਿਨੇ ਬਬਲਾਨੀ ਨੇ ਜ਼ਿਲੇ ਦੇ ਸਮੂਹ ਅਧਿਕਾਰੀਆਂ ਨੂੰ ਇਕ-ਇਕ ਸਰਕਾਰੀ ਸਕੂਲ ਅਪਣਾ ਕੇ ਉਸ ਵਿਚ ਬੇਟੀ ਬਚਾਓ ਬੇਟੀ ਪਡ਼੍ਹਾਓ ਮੁਹਿੰਮ ਦੀਆਂ ਗਤੀਵਿਧੀਆਂ ਚਲਾਉਣ ਦੇ ਨਾਲ-ਨਾਲ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਸਰਵੇਖਣ ਤਹਿਤ ਸਾਫ਼-ਸਫ਼ਾਈ ਤੇ ਹੋਰ ਪ੍ਰਬੰਧਾਂ ਦੇ ਸੁਧਾਰ ਵੱਲ  ਧਿਆਨ ਦੇਣ ਦੀ ਅਪੀਲ ਵੀ ਕੀਤੀ।
ਜ਼ਿਲਾ ਟਾਸਕ ਫ਼ੋਰਸ ਦੀ ਮੀਟਿੰਗ ਦੌਰਾਨ ਉਨ੍ਹਾਂ ਸਿਹਤ ਵਿਭਾਗ, ਸਿੱਖਿਆ ਵਿਭਾਗ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਮੋਢਿਆਂ ’ਤੇ ਇਸ ਯੋਜਨਾ ਦੀ ਸਫ਼ਲਤਾ ਦਾ ਪੂਰਾ ਭਾਰ ਹੋਣ ਕਾਰਨ, ਇਨ੍ਹਾਂ ਵਿਭਾਗਾਂ ਨੂੰ ਅਗਾਊਂ ਰੂਪ ਰੇਖਾ ਉਲੀਕਣ ਲਈ ਆਖਿਆ। ਸਬ-ਡਵੀਜ਼ਨਲ ਮੈਜਿਸਟ੍ਰੇਟਾਂ ਦੇ ਇਸ ਟਾਸਕ ਫ਼ੋਰਸ ਦੇ ਬਲਾਕ ਪੱਧਰੀ ਚੇਅਰਪਰਸਨ ਹੋਣ ਦੇ ਨਾਤੇ, ਉਨ੍ਹਾਂ ਨੂੰ ਆਪੋ-ਆਪਣੇ ਅਧੀਨ ਪੈਂਦੇ ਬਲਾਕਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਇਸ ਸਕੀਮ ਨੂੰ ਪੂਰੀ ਜਨਤਕ ਭਾਗੀਦਾਰੀ ਨਾਲ ਚਲਾਉਣ ਲਈ ਆਖਿਆ।
ਏ.ਡੀ.ਸੀ.  ਅੰਮ੍ਰਿਤਾ ਸਿੰਘ ਨੇ ਸਕੂਲਾਂ ਵਿਚ ਸਥਿਤ ਲਡ਼ਕੀਆਂ ਦੇ ਬਾਥਰੂਮਾਂ ਦੀ ਸਫ਼ਾਈ ਵੱਲ ਧਿਆਨ ਦੇਣ ਅਤੇ ਉਨ੍ਹਾਂ ’ਤੇ ਕੰਧ ਚਿੱਤਰ  ਬਣਾਉਣ ਲਈ ਵੀ ਆਖਿਆ।  ਜ਼ਿਲਾ ਪ੍ਰੋਗਰਾਮ ਅਫ਼ਸਰ ਅਮਰਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਸਾਰੀਆਂ ਗਤੀਵਿਧੀਆਂ ਲਈ ਕੇਂਦਰ ਸਰਕਾਰ ਨੂੰ 50 ਲੱਖ ਰੁਪਏ ਦਾ ਪ੍ਰਾਜੈਕਟ ਬਣਾ ਕੇ ਭੇਜਿਆ ਗਿਆ ਹੈ।
ਨੋਡਲ ਅਫ਼ਸਰ ਅਤੇ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਤੇ ਸੈਨੀਟੇਸ਼ਨ ਅਮਰੀਕ ਸਿੰਘ ਅਨੁਸਾਰ ਸਵੱਛਤਾ ਸਰਵੇਖਣ ਲਈ ਅਗਸਤ ਮਹੀਨੇ ਵਿਚ ਕੇਂਦਰੀ ਟੀਮ ਜ਼ਿਲੇ ਦੇ ਕਿਸੇ ਵੀ ਪੰਜ ਪਿੰਡਾਂ ਦਾ ਦੌਰਾ ਕਰੇਗੀ ਅਤੇ ਉਸ ਦੀ ਰਿਪੋਰਟ ਦੇ ਅਾਧਾਰ ’ਤੇ ਸਵੱਛਤਾ ਰੈਂਕਿੰਗ ਵਿਚ ਸਥਾਨ ਮਿਲੇਗਾ।


Related News