ਆਈ. ਜੀ. ਉਮਰਾਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ 'ਸਿੱਟ' ਦੇ ਵੱਡੇ ਖੁਲਾਸੇ!
Wednesday, Feb 20, 2019 - 01:42 PM (IST)
ਫਰੀਦਕੋਟ : ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਵਿਚ ਸਪੈਸ਼ਲ ਜਾਂਚ ਟੀਮ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਸੰਗਤ ਵਲੋਂ ਪੁਲਸ ਨੂੰ ਕਿਸੇ ਤਰ੍ਹਾਂ ਦਾ ਉਕਸਾਇਆ ਨਹੀਂ ਗਿਆ ਸੀ। ਅਜੇ ਤਕ ਪੁਲਸ ਅਧਿਕਾਰੀ ਇਹ ਦਾਅਵਾ ਕਰਕੇ ਬਚਦੇ ਆ ਰਹੇ ਸਨ ਕਿ ਸੰਗਤ ਨੇ ਪੁਲਸ 'ਤੇ ਹਮਲਾ ਕਰ ਦਿਤਾ ਸੀ, ਜਿਸ ਕਾਰਨ ਉਨ੍ਹਾਂ ਨੂੰ ਫਾਇਰਿੰਗ ਕਰਨੀ ਪਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਦੂਜੇ ਪਾਸੇ ਇਸ ਮਾਮਲੇ ਵਿਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਨਾ ਤਾਂ ਲੁਧਿਆਣਾ ਸ਼ਹਿਰ ਤੋਂ ਰਵਾਨਾਗੀ ਦਾ ਸਮਾਂ ਪਾਇਆ ਅਤੇ ਨਾ ਹੀ ਆਪਣੀ ਆਮਦ ਦਰਜ ਕਰਵਾਈ। ਐੱਸ. ਆਈ. ਟੀ. ਨੇ ਲੁਧਿਆਣਾ ਸਿਟੀ ਦੇ 182 ਮੁਲਾਜ਼ਮਾਂ ਨੂੰ ਜਾਂਚ ਵਿਚ ਸ਼ਾਮਲ ਕੀਤਾ ਤਾਂ ਉਨ੍ਹਾਂ ਇਕੋ ਗੱਲ ਕਹੀ ਕਿ ਉਮਰਾਨੰਗਲ ਸਰ ਦੇ ਹੀ ਹੁਕਮ ਸਨ।
ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਕੋਟਕਪੂਰਾ 'ਚ ਛੇ ਵਜੇ ਪੁਲਸ ਫਾਇਰਿੰਗ ਕੀਤੀ ਗਈ ਜਦਕਿ ਲੁਧਿਆਣਾ ਸਿਟੀ ਪੁਲਸ ਚਾਰ ਵਜੇ ਹੀ ਕੋਟਕਪੂਰਾ ਪਹੁੰਚ ਗਈ ਸੀ। ਐੱਸ. ਆਈ. ਟੀ. ਦੀ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਕਿ ਲੁਧਿਆਣਾ ਵਿਚ ਪੁਲਸ ਨੂੰ ਦਿਨ ਵੇਲੇ ਹੀ ਹੁਕਮ ਮਿਲ ਗਏ ਹੋਣਗੇ ਕਿ ਚਾਰ ਵਜੇ ਕੋਟਕਪੂਰਾ ਪਹੁੰਚਣਾ ਹੈ, ਇਸ ਦਾ ਮਤਲਬ ਫਾਇਰਿੰਗ ਪਹਿਲਾਂ ਤੋਂ ਹੀ ਨਿਸ਼ਚਿਤ ਸੀ। ਉਥੇ ਹੀ ਹੁਣ ਤਕ ਸਭ ਤੋਂ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਬਹਿਬਲ ਕਲਾਂ ਅਤੇ ਕੋਟਕਪੂਰਾ ਫਾਇਰਿੰਗ ਵਿਚ ਸੰਗਤ ਵਲੋਂ ਪੁਲਸ ਨੂੰ ਭੜਕਾਇਆ ਨਹੀਂ ਗਿਆ ਸੀ। ਐੱਸ. ਆਈ. ਟੀ. ਦੇ ਅਧਿਕਾਰੀ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਕਿ ਹੁਣ ਜਾਂਚ ਵਿਚ ਸਾਹਮਣੇ ਨਹੀਂ ਆਇਆ ਕਿ ਸੰਗਤ ਵਲੋਂ ਪੁਲਸ 'ਤੇ ਹਮਲਾ ਕੀਤਾ ਗਿਆ ਹੋਵੇ, ਜਿਸ ਕਾਰਨ ਪੁਲਸ ਨੂੰ ਗੋਲੀ ਚਲਾਉਣੀ ਪਈ।
ਇਸ ਮਾਮਲੇ ਵਿਚ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੇ ਕਰੀਬੀ ਮੰਨੇ ਜਾਂਦੇ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਅਤੇ ਆਈ. ਡੀ. ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਸਾਬਕਾ ਡੀ. ਜੀ. ਪੀ. 'ਤੇ ਵੀ ਘੇਰਾ ਕੱਸਣ ਲੱਗਾ ਹੈ। ਐੱਸ. ਆਈ. ਟੀ. ਇਕ ਹੀ ਸਵਾਲ ਪਹਿਲੀ ਦੇ ਆਧਾਰ 'ਤੇ ਕਰ ਰਹੀ ਹੈ ਕਿ ਆਖਿਰਕਾਰ ਲੁਧਿਆਣਾ ਸਿਟੀ ਪੁਲਸ ਕਮਿਸ਼ਨਰ ਪਰਮਰਾਜ ਸਿੰਘ ਉਮਰਾਨੰਗਲ ਨੂੰ ਕਿਸ ਨੇ ਕੋਟਕਪੂਰਾ ਭੇਜਿਆ ਸੀ ਜਦਕਿ ਉਕਤ ਇਲਾਕਾ ਉਨ੍ਹਾਂ ਦੇ ਅਧੀਨ ਆਉਂਦਾ ਹੀ ਨਹੀਂ ਸੀ। ਫਿਰ ਉਹ ਕਿਸ ਦੇ ਹੁਕਮਾਂ 'ਤੇ ਲੁਧਿਆਣਾ ਤੋਂ ਭਾਰੀ ਪੁਲਸ ਲੈ ਕੇ ਕੋਟਕਪੂਰਾ ਪਹੁੰਚੇ ਸਨ।