ਆਈ. ਜੀ. ਉਮਰਾਨੰਗਲ 12 ਮਾਰਚ ਤਕ ਜੁਡੀਸ਼ੀਅਲ ਰਿਮਾਂਡ ''ਤੇ
Tuesday, Feb 26, 2019 - 06:59 PM (IST)

ਫਰੀਦਕੋਟ (ਜਗਤਾਰ) : ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿਚ ਗ੍ਰਿਫਤਾਰ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਦਾ 4 ਦਿਨ ਦੇ ਪੁਲਸ ਰਿਮਾਂਡ ਖਤਮ ਹੋਣ ਤੋਂ ਬਾਅਦ ਮੰਗਲਵਾਰ ਨੂੰ ਮੁੜ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਗਿਆ, ਜਿੱਥੋਂ ਅਦਾਲਤ ਨੇ ਉਮਰਾਨੰਗਲ ਨੂੰ 12 ਮਾਰਚ ਤਕ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਅਦਾਲਤ ਨੇ ਕਿਹਾ ਕਿ ਉਮਰਾਨੰਗਲ ਦੀ ਅਗਲੀ ਪੇਸ਼ੀ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇਗੀ।
ਦੱਸਣਯੋਗ ਹੈ ਕਿ ਬੀਤੀ 18 ਫ਼ਰਵਰੀ ਨੂੰ ਆਈ. ਜੀ. ਪਰਮਰਾਜ ਉਮਰਾਨੰਗਲ ਨੂੰ ਐੱਸ. ਆਈ. ਟੀ. ਨੇ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ 19 ਫਰਵਰੀ ਨੂੰ ਫਰੀਦਕੋਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਥੋਂ ਮਾਨਯੋਗ ਅਦਾਲਤ ਨੇ ਉਮਰਾਨੰਗਲ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਸੀ। 23 ਫਰਵਰੀ ਨੂੰ ਮਾਨਯੋਗ ਅਦਾਲਤ ਨੇ ਪਰਮਰਾਜ ਸਿੰਘ ਉਮਰਾਨੰਗਲ ਦਾ 3 ਦਿਨ ਲਈ ਹੋਰ ਪੁਲਿਸ ਰਿਮਾਂਡ ਵਧਾਇਆ ਸੀ।
ਇਕ ਪਾਸੇ ਜਿਥੇ ਉਮਰਾਨੰਗਲ ਦੇ ਵਕੀਲਾਂ ਵਲੋਂ ਇਸ ਪੂਰੇ ਮਾਮਲੇ ਵਿਚ ਉਨ੍ਹਾਂ ਦੀ ਗਿਫਤਾਰੀ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਗਿਆ ਸੀ, ਉਥੇ ਹੀ ਉਮਰਾਨੰਗਲ ਵਲੋਂ ਆਈ. ਜੀ. 'ਤੇ ਜਾਂਚ ਵਿਚ ਸਹਿਯੋਗ ਨਾ ਕਰਨ ਦੇ ਵੀ ਦੋਸ਼ ਮਾਨਯੋਗ ਅਦਾਲਤ 'ਚ ਲਗਾਏ ਜਾਣ ਦੇ ਕਿਆਸ ਲੱਗੇ ਸਨ। ਕੋਟਕਪੂਰਾ ਗੋਲੀਕਾਂਡ ਵਿਚ ਉਮਰਾਨੰਗਲ ਦੀ ਸ਼ਮੂਲੀਅਤ ਨੂੰ ਲੈ ਕੇ 23 ਫਰਵਰੀ ਨੂੰ ਐੱਸ. ਆਈ. ਟੀ. ਵਲੋਂ ਇਕ ਵੀਡੀਓ ਕਲਿਪ ਵੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀ ਗਈ ਸੀ ਅਤੇ ਇਸ ਦੇ ਜਵਾਬ ਵਿਚ ਉਮਰਾਨੰਗਲ ਦੇ ਵਕੀਲਾਂ ਵਲੋਂ ਵੀ ਇਕ ਵੀਡੀਓ ਕਲਿਪ ਮਾਨਯੋਗ ਅਦਾਲਤ ਵਿਚ ਪੇਸ਼ ਕੀਤੀ ਗਈ ਸੀ। ਇਸ ਸਭ ਦੇ ਚਲਦੇ ਸਭ ਦੀਆਂ ਨਜ਼ਰਾਂ ਅੱਜ ਦੀ ਪੇਸ਼ੀ 'ਤੇ ਟਿਕੀਆਂ ਰਹਿਣਗੀਆਂ।