ਬਹਿਬਲ ਕਲਾਂ ਗੋਲੀਕਾਂਡ ਮਾਮਲੇ ''ਚ SIT ਨੇ ਕੀਤੀ ਦੂਜੀ ਗ੍ਰਿਫਤਾਰੀ

06/18/2020 2:18:48 AM

ਚੰਡੀਗੜ੍ਹ,(ਰਮਨਜੀਤ)- 2015 'ਚ ਵਾਪਰੀ ਬਹਿਬਲ ਕਲਾਂ ਪੁਲਸ ਗੋਲੀਬਾਰੀ ਦੀ ਘਟਨਾ ਦੇ ਮਾਮਲੇ 'ਚ ਇਕ ਵੱਡੀ ਸਫਲਤਾ ਦਰਜ ਕਰਦਿਆਂ ਪੰਜਾਬ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵਲੋਂ ਬੁੱਧਵਾਰ ਨੂੰ ਦੂਜੀ ਗ੍ਰਿਫਤਾਰੀ ਕੀਤੀ ਗਈ ਹੈ। ਪੁਲਸ ਵਲੋਂ ਫਰੀਦਕੋਟ ਦੇ ਰਹਿਣ ਵਾਲੇ ਵਿਅਕਤੀ ਨੂੰ ਝੂਠੇ ਸਬੂਤ ਘੜਨ ਅਤੇ ਦੋਸ਼ੀ ਪੁਲਸ ਅਧਿਕਾਰੀ ਚਰਨਜੀਤ ਸਿੰਘ ਸ਼ਰਮਾ ਜੋ ਉਸ ਸਮੇਂ ਐੱਸ. ਐੱਸ. ਪੀ. ਮੋਗਾ ਵਜੋਂ ਤਾਇਨਾਤ ਸੀ, ਨਾਲ ਮਿਲੀਭੁਗਤ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਸ਼ਰਮਾ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਸ ਕੇਸ ਵਿਚ ਚਾਰਜਸ਼ੀਟ ਕੀਤਾ ਗਿਆ ਸੀ ਪਰ ਫਿਲਹਾਲ ਉਹ ਸਿਹਤ ਸਥਿਤੀ ਦੇ ਅਧਾਰ 'ਤੇ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ 'ਤੇ ਬਾਹਰ ਹੈ।

ਦੂਜੀ ਗ੍ਰਿਫ਼ਤਾਰੀ ਦੇ ਵੇਰਵੇ ਦਿੰਦਿਆਂ ਵਿਸ਼ੇਸ਼ ਜਾਂਚ ਟੀਮ ਦੇ ਮੁੱਖ ਜਾਂਚ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ  ਮੁਲਜ਼ਮ ਸੁਹੇਲ ਸਿੰਘ ਬਰਾੜ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ, ਜਿਸ ਨੂੰ 4 ਦਿਨ ਦੇ ਪੁਲਸ ਰਿਮਾਂਡ 'ਤੇ ਭੇਜਿਆ ਗਿਆ। ਮੁੱਢਲੀ ਪੜਤਾਲ ਤੋਂ ਪਤਾ ਲੱਗਿਆ ਕਿ ਸ਼ਰਮਾ ਦੇ ਕਰੀਬੀ ਵਕੀਲ ਬਰਾੜ ਦੇ ਘਰ ਸ਼ਰਮਾ ਅਤੇ ਉਸ ਸਮੇਂ ਦੇ ਹੋਰ ਭ੍ਰਿਸ਼ਟ ਪੁਲਸ ਅਧਿਕਾਰੀਆਂ ਨੂੰ ਬਚਾਉਣ ਦੀ ਪੂਰੀ ਸਾਜਿਸ਼ ਘੜੀ ਗਈ। ਬਰਾੜ ਨੇ ਕਥਿਤ ਤੌਰ 'ਤੇ ਪੁਲਸ ਅਧਿਕਾਰੀਆਂ ਨੂੰ ਉਸ ਦੀ ਰਿਹਾਇਸ਼ੀ ਜਗ੍ਹਾ ਅਤੇ ਉਸ ਦੀ 12 ਬੋਰ ਦੀ ਬੰਦੂਕ ਦੇ ਕੇ ਸ਼ਰਮਾ ਦੀ ਪਾਇਲਟ ਜਿਪਸੀ 'ਤੇ ਗੋਲੀਆਂ ਚਲਾਉਣ ਵਿਚ ਮਦਦ ਦਿੱਤੀ, ਜਿਸ ਨੇ ਦਾਅਵਾ ਕੀਤਾ ਸੀ ਕਿ ਪ੍ਰਦਰਸ਼ਨਕਾਰੀਆਂ ਦੀ ਭੀੜ ਵਲੋਂ ਜਿਪਸੀ 'ਤੇ ਗੋਲੀਆਂ ਚਲਾਉਣ ਤੋਂ ਬਾਅਦ ਹੀ ਪੁਲਸ ਨੇ ਜਵਾਬੀ ਕਾਰਵਾਈ ਕੀਤੀ। ਵਿਸ਼ੇਸ਼ ਜਾਂਚ ਟੀਮ ਦੀ ਜਾਂਚ ਅਨੁਸਾਰ ਜਦੋਂ ਬਰਗਾੜੀ ਅਤੇ ਹੋਰ ਥਾਵਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਲੜੀਵਾਰ ਘਟਨਾਵਾਂ ਤੋਂ ਬਾਅਦ 14.10.2015 ਨੂੰ ਬਹਿਬਲ ਕਲਾਂ ਵਿਖੇ ਸ਼ਾਂਤਮਈ ਢੰਗ ਨਾਲ ਧਰਨੇ 'ਤੇ ਬੈਠੇ ਨਿਰਦੋਸ਼ ਪ੍ਰਦਰਸ਼ਨਕਾਰੀਆਂ 'ਤੇ ਫਾਇਰਿੰਗ ਹੋਈ ਤਾਂ ਗੋਲੀਬਾਰੀ ਲਈ ਜ਼ਿੰਮੇਵਾਰ ਪੁਲਸ ਟੀਮ ਨੇ ਆਪਣੇ ਬਚਾਅ ਲਈ ਇਕ ਸਾਜਿਸ਼ ਘੜੀ। ਉਨ੍ਹਾਂ ਵਲੋਂ ਆਪਣੇ ਬਚਾਅ ਦੀ ਕਹਾਣੀ ਦੀ ਹਮਾਇਤ ਲਈ ਉਸ ਸਮੇਂ ਦੇ ਮੋਗਾ ਦੇ ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਦੀ ਪਾਇਲਟ ਜਿਪਸੀ 'ਤੇ ਜਾਅਲੀ ਗੋਲੀਆਂ ਦੇ ਨਿਸ਼ਾਨ ਲਗਾ ਕੇ ਝੂਠੇ ਸਬੂਤ ਘੜੇ ਗਏ। ਸ਼ਰਮਾ ਦੇ ਡਰਾਇਵਰ ਗੁਰਨਾਮ ਸਿੰਘ, ਜੋ ਕਿ ਐਸਕੋਰਟ ਵਾਹਨ ਚਲਾ ਰਿਹਾ ਸੀ, ਨੇ ਪੁਸ਼ਟੀ ਕੀਤੀ ਹੈ ਕਿ ਉਸ ਦੀ ਮਾਰੂਤੀ ਜਿਪਸੀ 'ਤੇ ਕੋਈ ਗੋਲੀ ਨਹੀਂ ਚਲਾਈ ਗਈ ਸੀ।

ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਬਰਾੜ ਦੀ ਗ੍ਰਿਫ਼ਤਾਰੀ ਨਾਲ ਬਹਿਬਲ ਕਲਾਂ ਕੇਸ ਵਿਚ ਵਾਪਰੀਆਂ ਲੜੀਵਾਰ ਘਟਨਾਵਾਂ ਨਾਲ ਜੁੜੇ ਵੱਡੇ ਸਬੰਧ ਸਾਹਮਣੇ ਆਏ ਹਨ ਅਤੇ ਅਗਲੇਰੀ ਜਾਂਚ 'ਚ ਸਾਜਿਸ਼ ਦੇ ਹੋਰ ਪਹਿਲੂਆਂ ਤੋਂ ਪਰਦਾ ਉਠਣ ਦੀ ਉਮੀਦ ਹੈ। ਇਸ ਦੌਰਾਨ ਕੋਟਕਪੁਰਾ ਗੋਲੀਬਾਰੀ ਦੀ ਘਟਨਾ ਵਿਚ ਵੀ ਜਾਂਚ ਜਾਰੀ ਹੈ, ਜਿਸ ਵਿਚ ਫਰੀਦਕੋਟ ਦੀ ਅਦਾਲਤ ਵਿਚ ਉਸ ਵੇਲੇ ਦੇ ਹਲਕਾ ਇੰਚਾਰਜ ਅਤੇ ਵਿਧਾਇਕ ਮਨਤਾਰ ਬਰਾੜ, ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ, ਐੱਸ. ਐੱਸ. ਪੀ. ਚਰਨਜੀਤ ਸਿੰਘ ਸ਼ਰਮਾ ਅਤੇ ਤਿੰਨ ਹੋਰਾਂ ਸਮੇਤ 6 ਵਿਅਕਤੀਆਂ ਖਿਲਾਫ ਤਿੰਨ ਚਾਰਜਸ਼ੀਟਾਂ ਦਾਖਲ ਕੀਤੀਆਂ ਹਨ।


Deepak Kumar

Content Editor

Related News