ਲੰਬੇ ਸਮੇਂ ਬਾਅਦ ਸਟੇਜ 'ਤੇ ਇਕੱਠੇ ਦਿਸੇ ਭਗਵੰਤ ਮਾਨ ਤੇ ਖਹਿਰਾ (ਵੀਡੀਓ)

Sunday, Oct 14, 2018 - 06:40 PM (IST)

ਕੋਟਕਪੂਰਾ— ਪਿਛਲੇ ਕੁਝ ਸਮੇਂ ਤੋਂ ਵਿਵਾਦ ਕਾਰਨ ਵੱਖ-ਵੱਖ ਹੋਏ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਇਕ ਵਾਰ ਫਿਰ ਇਕੱਠੇ ਨਜ਼ਰ ਆਏ ਹਨ। ਖਹਿਰਾ ਧੜਾ ਬਰਗਾੜੀ 'ਚ ਇਨਸਾਫ ਲਈ ਬੈਠੇ ਪ੍ਰਦਰਸ਼ਨਕਾਰੀਆਂ 'ਚੋਂ ਪੁਲਸ ਦੀ ਗੋਲੀ ਨਾਲ ਮਾਰੇ ਗਏ ਕਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੀ ਤੀਜੀ ਬਰਸੀ ਮੌਕੇ ਕਰਵਾਏ ਗਏ ਸ਼ਹੀਦੀ ਸਮਾਗਮ 'ਚ ਪਹੁੰਚਿਆ ਸੀ, ਜਿੱਥੇ ਸੁਖਪਾਲ ਖਹਿਰਾ ਅਤੇ ਭਗਵੰਤ ਮਾਨ ਸਟੇਜ 'ਤੇ ਦੋਵੇਂ ਇਕੱਠੇ ਬੈਠੇ ਨਜ਼ਰ ਆਏ। ਦੱਸ ਦੇਈਏ ਕਿ ਖਹਿਰਾ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ 'ਆਪ' ਵੱਲੋਂ ਹਟਾਏ ਜਾਣ ਤੋਂ ਬਾਅਦ ਭਗਵੰਤ ਮਾਨ ਅਤੇ ਖਹਿਰਾ ਲੰਬੇ ਸਮੇਂ ਤੋਂ ਕਿਸੇ ਵੀ ਸਮਾਰੋਹ 'ਚ ਇਕੱਠੇ ਦਿਖਾਈ ਨਹੀਂ ਦਿੱਤੇ ਸਨ। ਹਰਪਾਲ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਬਣਾਉਣ ਤੋਂ ਬਾਅਦ ਖਹਿਰਾ ਅਤੇ ਭਗਵੰਤ ਮਾਨ ਦੇ ਰਿਸ਼ਤਿਆਂ 'ਚ ਖੱਟਾਸ ਆ ਗਈ ਸੀ। ਸਟੇਜ 'ਤੇ ਇਕੱਠੇ ਬੈਠੇ ਦਿਸੇ ਖਹਿਰਾ ਤੇ ਭਗਵੰਤ ਮਾਨ ਦੋਹਾਂ ਵਿਚਕਾਰ ਕੋਈ ਗੱਲਬਾਤ ਨਹੀਂ ਹੋਈ। ਗੱਲਬਾਤ ਤਾਂ ਦੂਰ ਦੋਵੇਂ ਇਕ-ਦੂਜੇ ਨਾਲ ਨਜ਼ਰਾਂ ਵੀ ਨਹੀਂ ਮਿਲਾਉਂਦੇ ਹਨ। 

ਉਥੇ ਹੀ ਦੂਜੇ ਪਾਸੇ ਸਟੇਜ 'ਤੇ ਖਹਿਰਾ ਤੋਂ ਇਕ ਕੁਝ ਦੂਰੀ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵੀ ਬੈਠੇ ਦਿਸੇ ਪਰ ਇੱਧਰ ਵੀ ਮਾਹੌਲ ਨਜ਼ਰਅੰਦਾਜ਼ੀ ਵਾਲਾ ਹੀ ਸੀ। ਉਂਝ ਖਹਿਰਾ ਅਤੇ ਮਾਨ ਇਕ-ਦੂਜੇ 'ਤੇ ਸ਼ਬਦੀ ਤੀਰ ਚਲਾਉਣ ਦਾ ਇਕ ਵੀ ਮੌਕਾ ਨਹੀਂ ਖੁੰਝਾਉਂਦੇ ਹਨ। ਇੰਨਾਂ ਹੀ ਨਹੀਂ ਬੀਤੇ ਹਫਤੇ ਜਦੋਂ ਖਹਿਰਾ ਨੇ ਬਰਗਾੜੀ ਰੋਸ ਮਾਰਚ ਕੀਤਾ ਸੀ ਤਾਂ ਵੀ ਭਗਵੰਤ ਮਾਨ ਨੇ ਉਸ 'ਚ ਸ਼ਮੂਲੀਅਤ ਕਰਨੀ ਜ਼ਰੂਰੀ ਨਹੀਂ ਸੀ ਸਮਝੀ ਅਤੇ ਦੂਜੇ ਨੇਤਾ ਵੀ ਇਕੱਠ 'ਚ ਸ਼ਾਮਲ ਹੋਏ ਬਿਨਾਂ ਹੀ ਚਲੇ ਗਏ ਸਨ। 

ਜ਼ਿਕਰਯੋਗ ਹੈ ਕਿ 14 ਅਕਤੂਬਰ 2015 ਨੂੰ ਪਿੰਡ ਬਹਿਬਲ ਕਲਾਂ 'ਚ ਸ਼ਾਂਤੀਪੂਰਨ ਧਰਨੇ 'ਤੇ ਬੈਠੀ ਸਿੱਖ ਸੰਗਤ 'ਤੇ ਪੁਲਸ ਵੱਲੋਂ ਕੀਤੀ ਫਾਈਰਿੰਗ ਦੀ ਘਟਨਾ 'ਚ ਸ਼ਹੀਦ ਹੋਏ 2 ਸਿੱਖ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਅੱਜ ਵੀ ਇਨਸਾਫ ਦੀ ਮੰਗ ਕਰ ਰਹੇ ਹਨ। ਘਟਨਾ ਦੇ ਸਮੇਂ ਵੱਖ-ਵੱਖ ਰਾਜਨੀਤਕ ਅਤੇ ਸਿੱਖ ਸੰਗਠਨਾਂ ਵੱਲੋਂ ਕੀਤੇ ਗਏ ਵਾਅਦੇ ਹਵਾ ਹੋ ਚੁੱਕੇ ਹਨ ਅਤੇ ਦੋਵਾਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਆਪਣੇ ਪੱਧਰ 'ਤੇ ਇਨਸਾਫ ਦੀ ਲੜਾਈ ਲੜਨ ਨੂੰ ਮਜਬੂਰ ਹਨ। ਅੱਜ ਵੀ ਇਥੇ ਬੈਠੀਆਂ ਸੰਗਤਾਂ ਨੇ ਸਰਕਾਰ ਨੂੰ ਅਪੀਲ ਕੀਤੀ ਇਸ ਗੋਲੀਕਾਂਡ ਦੇ ਦੋਸ਼ੀਆਂ ਸਜ਼ਾ ਦਿਵਾਈ ਜਾਵੇ। ਜ਼ਿਕਰਯੋਗ ਹੈ ਕਿ ਭਾਈ ਧਿਆਨ ਸਿੰਘ ਮੰਡ, ਦਲਜੀਤ ਸਿੰਘ ਦਾਦੂਵਾਲ ਦੀ ਅਗਵਾਈ 'ਚ ਰੱਖੇ ਗਏ ਸ਼ਹੀਦੀ ਸਮਾਗਮ 'ਚ ਸੁਖਪਾਲ ਖਹਿਰਾ, ਹਰਪਲਾ ਚੀਮਾ, ਭਗਵੰਤ ਮਾਨ, ਸਿਰਮਜੀਤ ਸਿੰਘ ਮਾਨ ਸਮੇਤ ਕਈ ਆਗੂ ਮੌਜੂਦ ਸਨ।


Related News