ਬਹਿਬਲ ਕਲਾਂ ਗੋਲੀਕਾਂਡ ਦੇ ਮੁੱਖ ਗਵਾਹ ਦੀ ਪਤਨੀ ਤੇ ਬੇਟੇ ਨੇ ਮੰਗਿਆ ਨਿਆਂ

01/30/2020 11:48:30 AM

ਚੰਡੀਗੜ੍ਹ (ਭੁੱਲਰ) : ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ, ਜਿਸ ਦੀ ਪਿਛਲੇ ਦਿਨੀਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਣ ਮੌਤ ਹੋ ਗਈ ਸੀ, ਦੀ ਪਤਨੀ ਜਸਵੀਰ ਕੌਰ ਆਪਣੇ ਬੇਟੇ ਸਮੇਤ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਅੱਜ ਇਥੇ ਮਿਲੀ ਤੇ ਉਸ ਨੇ ਸੁਰਜੀਤ ਸਿੰਘ ਦੀ ਮੌਤ ਦੇ ਮਾਮਲੇ 'ਚ ਨਿਆਂ ਦੀ ਗੁਹਾਰ ਲਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੁਰਜੀਤ ਸਿੰਘ ਦੀ ਮੌਤ ਬਿਜਲੀ ਵਿਭਾਗ, ਪੁਲਸ ਅਤੇ ਕੁੱਝ ਕਾਂਗਰਸੀ ਨੇਤਾਵਾਂ ਵਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਕਾਰਣ ਹੋਈ ਹੈ।

ਉਸ ਨੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਤੇ ਮੰਤਰੀ ਗੁਰਪ੍ਰੀਤ ਕਾਂਗੜ ਦਾ ਅੱਜ ਮੁੜ ਨਾਮ ਲੈਂਦਿਆਂ ਦਾਅਵਾ ਕੀਤਾ ਕਿ ਇਨ੍ਹਾਂ ਦਾ ਵੀ ਸੁਰਜੀਤ ਸਿੰਘ ਨੂੰ ਤੰਗ ਕਰਨ ਵਾਲੇ ਵਿਅਕਤੀਆਂ ਤੇ ਸਰਕਾਰੀ ਮੁਲਾਜ਼ਮਾਂ ਨੂੰ ਸਮਰਥਨ ਹਾਸਿਲ ਸੀ। ਜਸਵੀਰ ਕੌਰ ਨੇ ਕਿਹਾ ਕਿ ਉਸ ਦੇ ਪਤੀ ਨੂੰ ਕਿਸੇ ਸਾਜ਼ਿਸ਼ ਤਹਿਤ ਵਾਰ-ਵਾਰ ਬਿਜਲੀ ਵਿਭਾਗ ਤੇ ਪੁਲਸ ਰਾਹੀਂ ਜ਼ਲੀਲ ਕਰਵਾਇਆ ਜਾ ਰਿਹਾ ਸੀ। ਉਸ ਨੇ ਉਨ੍ਹਾਂ ਦੇ ਘਰ ਆ ਕੇ ਧਮਕਾਉਣ ਵਾਲੇ ਕੁੱਝ ਪੁਲਸ ਮੁਲਾਜ਼ਮਾਂ ਦੇ ਵੀ ਨਾਮ ਮੁੱਖ ਮੰਤਰੀ ਨੂੰ ਦੱਸੇ ਹਨ। ਕਾਂਗਰਸ ਦੇ ਆਗੂ ਮਨਜਿੰਦਰ ਸਿੰਘ ਨਾਲ ਵਿਧਾਇਕ ਕਿੱਕੀ ਢਿੱਲੋਂ ਦੀਆਂ ਤਸਵੀਰਾਂ ਤੇ ਉਸ ਨੂੰ ਜੱਟ ਮਹਾਸਭਾ ਦਾ ਉਪ ਪ੍ਰਧਾਨ ਬਣਾਉਣ ਦੇ ਸਬੂਤ ਵੀ ਪੀੜਤ ਪਰਿਵਾਰ ਨੇ ਪੇਸ਼ ਕੀਤੇ। ਸੁਰਜੀਤ ਸਿੰਘ ਦੀ ਪਤਨੀ ਨੇ ਮੰਤਰੀ ਕਾਂਗੜ ਦੇ ਇਸ ਦਾਅਵੇ ਨੂੰ ਵੀ ਚੁਣੌਤੀ ਦਿੱਤੀ ਕਿ ਉਹ ਸਬੰਧਤ ਪਰਿਵਾਰ ਨੂੰ ਨਹੀਂ ਜਾਣਦੇ ਤੇ ਘਟਨਾ ਸਮੇਂ ਉਹ ਬਿਜਲੀ ਮੰਤਰੀ ਨਹੀਂ ਸੀ।
ਸੁਰਜੀਤ ਦੇ ਬੇਟੇ ਨੇ ਕਿਹਾ ਕਿ ਇਹ ਮਾਮਲਾ ਬਿਜਲੀ ਵਿਭਾਗ 'ਚ 2018 'ਚ ਉਸ ਸਮੇਂ ਸ਼ੁਰੂ ਹੋਇਆ, ਜਦੋਂ ਕਾਂਗੜ ਬਿਜਲੀ ਮੰਤਰੀ ਸਨ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਕਾਂਗੜ ਵਲੋਂ ਮੈਨੂੰ ਤੇ ਮੇਰੇ ਪਿਤਾ ਨੂੰ ਦਫ਼ਤਰ 'ਚੋਂ ਇਹ ਕਹਿ ਕੇ ਬਾਹਰ ਕੱਢਿਆ ਗਿਆ ਸੀ ਕਿ ਮੈਂ ਤੁਹਾਨੂੰ ਨਹੀਂ ਜਾਣਦਾ। ਉਸ ਨੇ ਇਥੋਂ ਤੱਕ ਕਿਹਾ ਕਿ ਕਾਂਗੜ ਨਾਲ ਉਨ੍ਹਾਂ ਦੀ ਸਿੱਧੀ ਗੱਲ ਕਰਵਾਈ ਜਾਵੇ ਤਾਂ ਉਹ ਸੱਚਾਈ ਕਬੂਲ ਕਰਵਾ ਲੈਣਗੇ।


Babita

Content Editor

Related News