ਗਰਮੀਆਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ,  PSPCL ਨੂੰ ਸਖ਼ਤ ਹੁਕਮ ਜਾਰੀ

Tuesday, Jan 09, 2024 - 06:26 PM (IST)

ਗਰਮੀਆਂ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਖਿੱਚੀ ਤਿਆਰੀ,  PSPCL ਨੂੰ ਸਖ਼ਤ ਹੁਕਮ ਜਾਰੀ

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ (ਪੀ. ਐੱਸ. ਪੀ. ਸੀ. ਐੱਲ) ਨੂੰ ਆਦੇਸ਼ ਦਿੱਤੇ ਕਿ ਗਰਮੀਆਂ ਦੇ ਸੀਜ਼ਨ ਦੌਰਾਨ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਪਹਿਲਾਂ ਤੋਂ ਹੀ ਪ੍ਰਬੰਧ ਕਰ ਲਏਜਾਣ ਤਾਂ ਜੋ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਸਬੰਧੀ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਥੇ ਪੀ. ਐੱਸ. ਪੀ. ਸੀ. ਐੱਲ ਅਧਿਕਾਰੀਆਂ ਨਾਲ ਲਗਭਗ ਤਿੰਨ ਘੰਟੇ ਚੱਲੀ ਮੀਟਿੰਗ ਦੌਰਾਨ ਬਿਜਲੀ ਮੰਤਰੀ ਨੇ ਮੈਨੇਜਮੈਂਟ ਨੂੰ ਗਰਮੀਆਂ ਦੇ ਵਿੱਚ ਬਿਜਲੀ ਦੀ ਸੰਭਾਵਤ ਮੰਗ ਵਧਣ ਦੇ ਮੱਦੇਨਜ਼ਰ ਲੋੜੀਂਦੇ ਸਾਜੋ-ਸਮਾਨ ਅਤੇ ਮੁਢਲੇ ਢਾਂਚੇ ਦੀ ਖਰੀਦ ਲਈ ਟੈਂਡਰ ਪ੍ਰਕ੍ਰਿਆ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਸਮੇਂ-ਸਿਰ ਮੁਕੰਮਲ ਕਰ ਲਈਆਂ ਜਾਣ ਤਾਂ ਜੋ ਗਰਮੀਆਂ ਦੌਰਾਨ ਬਿਜਲੀ ਦੀ ਵਧੀ ਮੰਗ ਨੂੰ ਪੂਰਾ ਕਰਨ ’ਚ ਪੀ. ਐੱਸ. ਪੀ. ਸੀ. ਐੱਲ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੌਰਾਨ ਪੀ. ਐੱਸ. ਪੀ. ਸੀ. ਐੱਲ ਦੀ ਕਾਰਗੁਜ਼ਾਰੀ ਨਾਲ ਸਬੰਧਤ ਵੱਖ-ਵੱਖ ਮਾਪਦੰਡਾਂ ਦੀ ਸਮੀਖਿਆ ਕਰਦਿਆਂ, ਕੈਬਨਿਟ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਨੂੰ ਸੇਵਾਵਾਂ ਪਹੁੰਚਾਉਣ ਦੀ ਗਤੀ ਨੂੰ ਤੇਜ਼ ਕਰਨ ਅਤੇ ਜਿੰਨ੍ਹਾਂ ਖੇਤਰਾਂ ’ਚ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਨੁਕਸਾਨ ਘਟਾਉਣ ਲਈ ਵਿਸ਼ੇਸ਼ ਯਤਨ ਕਰਨ ਲਈ ਕਿਹਾ।

ਇਹ ਵੀ ਪੜ੍ਹੋ : ਪਾਸਪੋਰਟ ਬਣਾਉਣ ਦੇ ਮਾਮਲੇ 'ਚ ਪੰਜਾਬੀਆਂ ਨੇ ਤੋੜੇ ਸਾਰੇ ਰਿਕਾਰਡ, ਹੈਰਾਨ ਕਰ ਦੇਣਗੇ ਅੰਕੜੇ

ਉਨ੍ਹਾਂ ਕਿਹਾ ਕਿ ਪਹਿਲ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਖਰਾਬ ਮੀਟਰਾਂ ਨਾਲ ਸਬੰਧਤ ਔਸਤਨ ਬਿੱਲਾਂ ਦੇ ਕੇਸਾਂ ਦੇ ਨਿਪਟਾਰੇ ਨੂੰ ਇਕ ਮਹੀਨੇ ਦੇ ਅੰਦਰ-ਅੰਦਰ ਯਕੀਨੀ ਬਣਾਇਆ ਜਾਵੇ। ਬਿਜਲੀ ਮੰਤਰੀ ਨੇ ਵਿਭਾਗ ਦੇ ਮੁੱਖ ਇੰਜੀਨੀਅਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਸਬੰਧਤ ਡਿਵੀਜਨ ਅਧਿਕਾਰੀਆਂ ਨਾਲ ਮਹੀਨਾਵਾਰ ਪੜਚੋਲ ਮੀਟਿੰਗਾਂ ਕਰਨ ਤਾਂ ਜੋ ਵਿਭਾਗ ਦੀ ਕਾਰਗੁਜਾਰੀ ਵਿੱਚ ਹੋਰ ਸੁਧਾਰ ਲਿਆਂਦਾ ਜਾ ਸਕੇ। ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਇੰਜੀਨੀਅਰਾਂ ਵੱਲੋਂ ਭਵਿੱਖ ਵਿੱਚ ਇਕ-ਦੂਸਰੇ ਨਾਲ ਸਬੰਧਤ ਦਫਤਰਾਂ ਦੇ ਕੰਮਕਾਰ ਦਾ ਵੀ ਨਿਰੀਖਣ ਕੀਤਾ ਜਾਇਆ ਕਰੇਗਾ।

PunjabKesari

ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ. ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਯਕੀਨ ਪ੍ਰਗਟ ਕੀਤਾ ਕਿ ਜਿਸ ਤਰ੍ਹਾਂ ਵਿਭਾਗ ਵੱਲੋਂ ਸਾਲ 2023 ਦੌਰਾਨ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਦਿਆਂ ਨਵੇਂ ਰਿਕਾਰਡ ਕਾਇਮ ਕੀਤੇ ਗਏ, ਉਸੇ ਤਰ੍ਹਾਂ ਸਾਲ 2024 ਦੌਰਾਨ ਵੀ ਬਿਜਲੀ ਵਿਭਾਗ ਸੂਬੇ ਦੀਆਂ ਤਰੱਕੀ ਦੀਆਂ ਰਾਹਾਂ ਰੁਸ਼ਨਾਉਣ ਵਿੱਚ ਅਹਿਮ ਰੋਲ ਨਿਭਾਵੇਗਾ। ਮੀਟਿੰਗ ’ਚ ਵਧੀਕ ਮੁੱਖ ਸਕੱਤਰ (ਬਿਜਲੀ) ਤੇਜਵੀਰ ਸਿੰਘ, ਸੀ.ਐੱਮ.ਡੀ ਪੀ.ਐੱਸ.ਪੀ.ਸੀ.ਐੱਲ ਬਲਦੇਵ ਸਿੰਘ ਸਰਾਂ, ਡਾਇਰੈਕਟਰ ਡਿਸਟ੍ਰੀਬਿਊਸ਼ਨ ਡੀ.ਪੀ.ਐੱਸ. ਗਰੇਵਾਲ, ਡਾਇਰੈਕਟਰ ਜਨਰੇਸ਼ਨ ਪਰਮਜੀਤ ਸਿੰਘ ਅਤੇ ਚੀਫ਼ ਇੰਜਨੀਅਰ ਹਾਜ਼ਰ ਸਨ।

ਇਹ ਵੀ ਪੜ੍ਹੋ :  ਵੱਡੀ ਖ਼ਬਰ : ਮੰਨੂ ਮਹਾਵਾ ਗੈਂਗ ਦੇ ਤਿੰਨ ਹੋਰ ਮੈਂਬਰ ਗ੍ਰਿਫਤਾਰ, 19 ਕਿੱਲੋ ਹੈਰੋਇਨ ਬਰਾਮਦ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Anuradha

Content Editor

Related News