99 ਸਾਲਾ ਬੇਬੇ ਮਰਨ ਤੋਂ ਪਹਿਲਾਂ ਲਿਖ ਗਈ ਖ਼ਾਸ ਅੰਤਿਮ ਇੱਛਾਵਾਂ, ਮੌਤ ਮਗਰੋਂ ਪੂਰੀਆਂ ਕਰਨ 'ਚ ਲੱਗਾ ਪਰਿਵਾਰ

10/13/2021 2:59:24 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਨੇੜਲੇ ਪਿੰਡ ਗੁਰੂਗੜ੍ਹ ਦੀ ਵਾਸੀ 99 ਸਾਲਾ ਬੇਬੇ ਤੇਜ ਕੌਰ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਬੇਬੇ ਤੇਜ ਕੌਰ ਨੇ ਕੁੱਝ ਸਾਲ ਪਹਿਲਾਂ ਹੀ ਆਪਣੀਆਂ ਅੰਤਿਮ ਇੱਛਾਵਾਂ ਲਿਖ ਦਿੱਤੀਆਂ ਸਨ, ਜਿਨ੍ਹਾਂ ਨੂੰ ਅੱਜ ਪਰਿਵਾਰ ਨੇ ਅੰਤਿਮ ਸੰਸਕਾਰ ਮੌਕੇ ਪੂਰਾ ਕਰ ਦਿਖਾਇਆ। ਬੇਬੇ ਤੇਜ ਕੌਰ ਨੇ ਕੁੱਝ ਸਾਲ ਪਹਿਲਾਂ ਆਪਣੇ ਪਰਿਵਾਰਕ ਮੈਂਬਰਾਂ ਤੋਂ ਇੱਕ ਪੱਤਰ ਲਿਖਵਾਇਆ ਸੀ। ਇਸ ਪੱਤਰ 'ਚ ਉਸ ਨੇ ਕਿਹਾ ਸੀ ਕਿ ਉਸ ਦੇ ਮਰਨ ਤੋਂ ਬਾਅਦ ਉਸ ਦੀਆਂ ਜੋ ਅੰਤਿਮ ਇੱਛਾਵਾਂ ਹਨ, ਉਹ ਪੂਰੀਆਂ ਕੀਤੀਆਂ ਜਾਣ। ਬੇਬੇ ਤੇਜ ਕੌਰ ਨੇ ਪਹਿਲੀ ਇੱਛਾ ਜ਼ਾਹਰ ਕੀਤੀ ਕਿ ਮੇਰੇ ਮਰਨ ’ਤੇ ਕਿਸੇ ਨੇ ਰੋਣਾ ਨਹੀਂ, ਨਾ ਹੀ ਮੈਨੂੰ ਮੱਥਾ ਟੇਕਣਾ ਹੈ, ਮੇਰੇ ਅੰਤਿਮ ਸਸਕਾਰ ਮੌਕੇ ਦੁੱਖ ਦਾ ਪ੍ਰਗਟਾਵਾ ਕਰਨ ਦੀ ਬਜਾਏ ਵਾਹਿਗੁਰੂ ਦਾ ਜਾਪ ਕਰਨਾ ਹੈ'।

ਇਹ ਵੀ ਪੜ੍ਹੋ : ਪੰਜਾਬ ਪੁਲਸ ਵੱਲੋਂ ਝੋਨੇ ਦੀ ਤਸਕਰੀ ਕਰਨ ਦੇ ਦੋਸ਼ ਹੇਠ 8 ਲੋਕ ਗ੍ਰਿਫ਼ਤਾਰ, 7260 ਕੁਇੰਟਲ ਝੋਨੇ ਸਣੇ 7 ਵਾਹਨ ਜ਼ਬਤ

PunjabKesari

99 ਸਾਲਾ ਬੇਬੇ ਤੇਜ ਕੌਰ ਨੇ ਲੋਕਾਂ ਨੂੰ ਵਹਿਮਾਂ-ਭਰਮਾਂ ਤੋਂ ਦੂਰ ਕਰਦਿਆਂ ਕਿਹਾ ਕਿ ਉਸ ਦੇ ਅੰਤਿਮ ਸਸਕਾਰ ਮੌਕੇ ਕੋਈ ਵੀ ਕਰਮ ਕਾਂਡ ਨਹੀਂ ਕਰਨਾ, ਜਿਸ ਵਿਚ ਨਾ ਹੀ ਅਰਥੀ ਦੌਰਾਨ ਡੱਕਾ ਤੋੜਨਾ ਅਤੇ ਨਾ ਹੀ ਘੜਾ ਭੰਨਣਾ ਹੈ। ਉਸ ਨੇ ਇਹ ਵੀ ਇੱਛਾ ਜ਼ਾਹਰ ਕੀਤੀ ਕਿ ਉਸ ਦੀ ਮ੍ਰਿਤਕ ਦੇਹ ਨੂੰ ਪੂਰੇ ਪੰਜ ਕੱਕਾਰ ਪੁਆਉਣੇ ਹਨ, ਸਿਰ ’ਤੇ ਕੇਸਕੀ ਸਜਾਉਣੀ ਹੈ ਅਤੇ ਸਿਰੋਪਾਓ ਪਾ ਕੇ ਅੰਤਿਮ ਵਿਦਾਇਗੀ ਦੇਣੀ ਹੈ। ਬੇਬੇ ਤੇਜ ਕੌਰ ਦੀ ਅੰਤਿਮ ਇੱਛਾ ਇਹ ਵੀ ਰਹੀ ਕਿ ਉਸਦੀ ਅਰਥੀ ਨੂੰ ਮੋਢਾ ਉਸ ਦਾ ਇੱਕ ਦੋਹਤਾ ਜ਼ਰੂਰ ਦੇਵੇ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਮਕਾਣ ਨਹੀਂ ਕਰਨੀ।

ਇਹ ਵੀ ਪੜ੍ਹੋ : ਆਨਲਾਈਨ ਆਰਡਰ ਕੀਤਾ 53,000 ਰੁਪਏ ਦਾ 'ਆਈਫੋਨ-12', ਡੱਬਾ ਖੋਲ੍ਹਦੇ ਹੀ ਉੱਡੇ ਹੋਸ਼

PunjabKesari

ਬੇਬੇ ਤੇਜ ਕੌਰ ਨੇ ਇਹ ਵੀ ਇੱਛਾ ਜਤਾਈ ਕਿ ਉਸਦੇ ਭੋਗ ਵਾਲੇ ਦਿਨ ਜਲੇਬੀਆਂ ਨਹੀਂ ਬਣਾਉਣੀਆਂ, ਸਗੋਂ ਕੜਾਹ ਪ੍ਰਸ਼ਾਦ ਤਿਆਰ ਕਰਕੇ ਸਾਦੇ ਢੰਗ ਨਾਲ ਲੰਗਰ ਵਰਤਾਉਣਾ ਹੈ। ਬੇਬੇ ਤੇਜ ਕੌਰ ਦੀ ਇਹ ਇੱਛਾ ਸੀ ਕਿ ਮੇਰੀ ਅਰਥੀ ਜਦੋਂ ਘਰੋਂ ਚੁੱਕਣੀ ਹੈ ਅਤੇ ਉਸ ਤੋਂ ਬਾਅਦ ਸਮਸ਼ਾਨ ਘਾਟ ਵਿਚ ਰੱਖਣੀ ਹੈ ਤਾਂ ਉੱਥੇ ਬੋਲੇ ਸੋ ਨਿਹਾਲ ਦਾ ਜੈਕਾਰਾ ਲਗਾਉਣਾ ਹੈ ਕਿਉਂਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਖਾਲਸਾ ਹਾਂ।

ਇਹ ਵੀ ਪੜ੍ਹੋ : ਲੁਧਿਆਣਾ 'ਚ ਡੇਂਗੂ ਦੇ 45 ਨਵੇਂ ਮਾਮਲੇ ਆਏ ਸਾਹਮਣੇ, 19 ਮਰੀਜ਼ਾਂ ਦੀ ਪੁਸ਼ਟੀ

ਬੇਬੇ ਤੇਜ ਕੌਰ ਨੇ ਪਰਿਵਾਰ ਨੂੰ ਨਿਰਦੇਸ਼ ਦਿੱਤੇ ਸਨ ਕਿ ਮੇਰੀ ਮੌਤ ਤੋਂ ਬਾਅਦ ਚੜ੍ਹਦੀ ਕਲਾ ਵਿਚ ਰਹਿਣਾ ਹੈ ਅਤੇ ਕੋਈ ਸੋਗ ਜਾਂ ਅਫ਼ਸੋਸ ਨਹੀਂ ਕਰਨਾ। ਬੇਬੇ ਤੇਜ ਕੌਰ 99 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰ ਗਈ ਅਤੇ ਪਰਿਵਾਰ ਨੇ ਉਸ ਵੱਲੋਂ ਦੱਸੀਆਂ ਗਈਆਂ ਅੰਤਿਮ ਇੱਛਾਵਾਂ ਨੂੰ ਮੰਨ ਕੇ ਉਸ ਦੇ ਆਧਾਰ ’ਤੇ ਅੰਤਿਮ ਸੰਸਕਾਰ ਕੀਤਾ ਅਤੇ ਅੱਗੋਂ ਭੋਗ ਅਤੇ ਅੰਤਿਮ ਅਰਦਾਸ ਵੀ ਬੇਬੇ ਦੀ ਇੱਛਾ ਅਨੁਸਾਰ ਹੀ ਕਰਨਗੇ। ਬੇਸ਼ੱਕ ਤੇਜ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ ਪਰ ਉਸ ਦੀਆਂ ਅੰਤਿਮ ਇੱਛਾਵਾਂ ਸਮਾਜ ਨੂੰ ਸੇਧ ਦੇਣਗੀਆਂ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News