ਦਾਜ ਦੇ ਲੋਭੀਆਂ ਨੇ ਵਿਆਹੁਤਾ ਨੂੰ ਕੁੱਟਮਾਰ ਕਰਕੇ ਘਰੋਂ ਕੱਢਿਆ, 4 ਖ਼ਿਲਾਫ਼ ਮਾਮਲਾ ਦਰਜ
Friday, Oct 18, 2024 - 05:35 AM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਫਿਰੋਜ਼ਪੁਰ ’ਚ ਵਿਆਹੁਤਾ ਕੋਲੋਂ ਹੋਰ ਦਾਜ ਮੰਗਣ 'ਤੇ ਤੰਗ-ਪਰੇਸ਼ਾਨ ਕਰਕੇ ਘਰੋਂ ਕੱਢਣ ਦੇ ਦੋਸ਼ 'ਚ ਥਾਣਾ ਵੋਮੈਨ ਫਿਰੋਜ਼ਪੁਰ ਪੁਲਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ 4 ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਸੰਦੀਪ ਕੌਰ ਪੁੱਤਰੀ ਬਚਿੱਤਰ ਸਿੰਘ ਵਾਸੀ ਪਿੰਡ ਚੋਹਲਾ ਜ਼ਿਲ੍ਹਾ ਫਿਰੋਜ਼ਪੁਰ ਨੇ ਦੱਸਿਆ ਕਿ ਉਸ ਦਾ ਵਿਆਹ ਰਣਜੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀ ਪਿੰਡ ਠੱਲ੍ਹ ਜ਼ਿਲ੍ਹਾ ਜਲੰਧਰ ਨਾਲ ਮਿਤੀ 3 ਜੂਨ, 2020 ਨੂੰ ਹੋਇਆ ਸੀ।
ਵਿਆਹ ਦੇ ਸਮੇਂ ਉਸ ਦੇ ਮਾਤਾ-ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਇਸਤਰੀ ਧੰਨ ਵਜੋਂ ਦਿੱਤਾ ਸੀ, ਪਰ ਦੋਸ਼ੀ ਇਸ ਤੋਂ ਖੁਸ਼ ਨਹੀਂ ਸਨ। ਦੋਸ਼ੀਅਨ ਰਣਜੀਤ ਸਿੰਘ, ਸੱਸ ਮਲਕੀਤ ਕੌਰ ਪਤਨੀ ਟਹਿਲ ਸਿੰਘ, ਕਰਮਜੀਤ ਸਿੰਘ ਪੁੱਤਰ ਟਹਿਲ ਸਿੰਘ ਵਾਸੀਅਨ ਪਿੰਡ ਠੱਲ੍ਹ ਜ਼ਿਲ੍ਹਾ ਜਲੰਧਰ ਅਤੇ ਬਲਜਿੰਦਰ ਕੌਰ ਪਤਨੀ ਮੱਖਣ ਸਿੰਘ ਵਾਸੀ ਸਾਦਿਕ ਪੁਰ ਜ਼ਿਲ੍ਹਾ ਜਲੰਧਰ ਜੋ ਉਸ ਨੂੰ ਘੱਟ ਦਾਜ ਲਿਆਉਣ ਕਰਕੇ ਤੰਗ-ਪਰੇਸ਼ਾਨ ਕਰਨ ਲੱਗੇ ਅਤੇ ਹੋਰ ਦਾਜ ਦੀ ਮੰਗ ਕਰਦੇ ਸਨ ਅਤੇ ਉਸ ਵੱਲੋਂ ਇਨਕਾਰ ਕਰਨ 'ਤੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ ਤੇ ਉਸ ਦਾ ਇਸਤਰੀ ਧਨ ਖੁਰਦ-ਬੁਰਦ ਕਰ ਰਹੇ ਹਨ। ਜਾਂਚ ਕਰਤਾ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਵਿਆਹੁਤਾ ਦੇ ਬਿਆਨਾਂ ’ਤੇ ਉਸ ਦੇ ਸਹੁਰੇ ਮੈਂਬਰਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।