Carry On Jatta 3 ਦੇਖਣ ਗਏ ਦੋਸਤਾਂ ਨਾਲ ਕੁੱਟਮਾਰ, ਜੰਮ ਕੇ ਹੋਇਆ ਹੰਗਾਮਾ
Friday, Jul 21, 2023 - 11:45 AM (IST)

ਲੁਧਿਆਣਾ (ਰਿਸ਼ੀ) : ਇੱਥੇ ਡਾਬਾ ਰੋਡ ਸਥਿਤ ਨਿਰਮਲ ਪੈਲੇਸ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਫਿਲਮ ਦੇਖਣ ਆਏ 3 ਦੋਸਤਾਂ ਨਾਲ ਕੁੱਟਮਾਰ ਹੋ ਗਈ। ਦਰਅਸਲ ਤਿੰਨੇਂ ਦੋਸਤ Carry On Jatta 3 ਦੇਖਣ ਲਈ ਪੁੱਜੇ ਸਨ ਅਤੇ ਪੈਲਸ ਦੇ ਬਾਹਰ ਆਪਣੀ ਐਕਟਿਵਾ ਖੜ੍ਹੀ ਕੀਤੀ ਸੀ। ਜਿਵੇਂ ਹੀ ਫਿਲਮ ਦੇਖਣ ਮਗਰੋਂ ਉਹ ਬਾਹਰ ਆਏ ਤਾਂ ਉੱਥੇ ਐਕਟਿਵਾ ਨਹੀਂ ਸੀ। ਇਸ ਦੌਰਾਨ ਨਜ਼ਦੀਕ ਇਕ ਫੈਕਟਰੀ ਦੇ ਸਕਿਓਰਿਟੀ ਗਾਰਡ ਨੇ ਦੱਸਿਆ ਕਿ ਪੈਲਸ ਵਾਲੇ ਐਕਟਿਵਾ ਚੁੱਕ ਕੇ ਲੈ ਗਏ। ਜਦੋਂ ਉਨ੍ਹਾਂ ਨੇ ਪੈਲਸ ਮਾਲਕਾਂ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਦੋਹਾਂ ਧਿਰਾਂ ਵਿਚਕਾਰ ਬਹਿਸਬਾਜ਼ੀ ਸ਼ੁਰੂ ਹੋ ਗਈ। ਗੱਲ ਇੰਨੀ ਵੱਧ ਗਈ ਕਿ ਪੈਲਸ ਮਾਲਕਾਂ ਨੇ ਤਿੰਨਾਂ ਦੋਸਤਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਨ੍ਹਾਂ ਦੇ ਕੇਸਾਂ ਦੀ ਵੀ ਬੇਅਦਬੀ ਕੀਤੀ। ਫਿਲਹਾਲ ਪੁਲਸ ਨੇ ਤਿੰਨਾਂ ਦੋਸਤਾਂ ਦੇ ਬਿਆਨਾਂ 'ਤੇ ਪੈਲਸ ਮਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।