ਕੁਮੈਂਟਸ ਕਰਨ ਦਾ ਵਿਰੋਧ ਕੀਤਾ ਤਾਂ ਪਹਿਲਾਂ ਨੌਜਵਾਨਾਂ ਨੂੰ ਕੁੱਟਿਆ ਫਿਰ ਘਰ ’ਤੇ ਕੀਤਾ ਹਮਲਾ, 6 ਜ਼ਖਮੀ

Sunday, Nov 24, 2024 - 04:58 AM (IST)

ਲੁਧਿਆਣਾ (ਗੌਤਮ) - ਪਿੰਡ ਹਿਮਾਂਯੁਪਰਾ ’ਚ ਕੁਮੈਂਟਸ ਕਰਨ ਦਾ ਵਿਰੋਧ ਕਰਨ ’ਤੇ ਗੁੱਸੇ ’ਚ ਆਏ ਨੌਜਵਾਨਾਂ ਨੇ ਪਹਿਲਾਂ ਨੌਜਵਾਨਾਂ ਨੂੰ ਰਸਤੇ ’ਚ ਰੋਕ ਕੇ ਕੁੱਟਮਾਰ ਕੀਤੀ, ਫਿਰ ਉਸ ਦੇ ਘਰ ’ਤੇ ਹਮਲਾ ਕਰ ਕੇ ਇੱਟਾਂ-ਪੱਥਰ ਸੁੱਟੇ, ਜਿਸ ਦੌਰਾਨ ਪਰਿਵਾਰ ਦੀਆਂ 2 ਔਰਤਾਂ ਸਮੇਤ 6 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਜ਼ਖਮੀਆਂ ਦੀ ਪਛਾਣ ਪਿੰਡ ਹਿਮਾਂਯੁਪਰਾ ਦੇ ਰਹਿਣ ਵਾਲੇ ਗੁਰਮੀਤ ਸਿੰਘ, ਉਸ ਦੇ ਬੇਟੇ ਸਚਵੀਰ ਸਿੰਘ, ਉਸ ਦੀ ਭਾਬੀ ਸਰਬਜੀਤ ਕੌਰ, ਪਤਨੀ ਹਰਪ੍ਰੀਤ ਸਿੰਘ, ਭਤੀਜੇ ਰਹਿਮਤਵੀਰ ਸਿੰਘ ਅਤੇ ਉਸ ਦੇ ਪਿਤਾ ਚਰਨ ਸਿੰਘ ਵਜੋਂ ਕੀਤੀ ਗਈ ਹੈ। ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਥਾਣਾ ਸਦਰ ਦੀ ਪੁਲਸ ਨੇ ਜਾਂਚ ਤੋਂ ਬਾਅਦ ਜ਼ਖਮੀ ਗੁਰਮੀਤ ਸਿੰਘ ਦੇ ਬਿਆਨ ’ਤੇ ਕੇਸ ਦਰਜ ਕਰ ਲਿਆ।

ਮੁਲਜ਼ਮਾਂ ਦੀ ਪਛਾਣ ਡਿੰਪਲ ਸਿੰਘ, ਭੋਲੂ ਸਿੰਘ, ਹਰਸ਼ ਸਿੰਘ, ਰਾਜਾ ਸਿੰਘ, ਹਰਦੀਪ ਸਿੰਘ, ਗੁਰਭੈ ਸਿੰਘ, ਜਸਵਿੰਦਰ ਸਿੰਘ ਰੋਬਿਨ ਸਿੰਘ ਅਤੇ ਉਸ ਦੇ 5 ਹੋਰ ਸਾਥੀਆਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਸਚਵੀਰ ਸਿੰਘ ਆਪਣੇ ਦੋਸਤ ਰੋਜਪ੍ਰੀਤ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਵਿਚ ਉਸ ਦੇ ਘਰ ਛੱਡਣ ਲਈ ਜਾ ਰਿਹਾ ਸੀ, ਤਾਂ ਰਸਤੇ ਵਿਚ ਕਰਿਆਨੇ ਦੀ ਦੁਕਾਨ ਕੋਲ ਡਿੰਪਲ, ਰੋਬਿਨ, ਭੋਲੂ, ਹਰਸ਼ ਬੈਠੇ ਹੋਏ ਸਨ। ਜਦੋਂ ਉਹ ਉਥੋਂ ਗੁਜ਼ਰ ਰਹੇ ਸਨ ਤਾਂ ਉਕਤ ਨੌਜਵਾਨਾਂ ਨੇ ਕੁਮੈਂਟਸ ਕਰਨੇ ਸ਼ੁਰੂ ਕਰ ਦਿੱਤੇ।

ਜਦੋਂ ਉਹ ਵਾਪਸ ਆ ਰਿਹਾ ਸੀ ਤਾਂ ਉਕਤ ਲੜਕਿਆਂ ਨੇ ਉਸ ਨੂੰ ਰਸਤੇ ’ਚ ਘੇਰ ਕੇ ਗਾਲੀ-ਗਲੋਚ ਕਰਦਿਆਂ ਕੁੱਟਮਾਰ ਕੀਤੀ। ਉਸ ਦੇ ਬੇਟੇ ਦੇ ਦੋਸਤਾਂ ਨੇ ਮੌਕੇ ’ਤੇ ਵਿਚ ਬਚਾਅ ਕੀਤਾ। ਰਾਤ ਨੂੰ ਉਕਤ ਲੋਕ ਉਨ੍ਹਾਂ ਦੇ ਘਰ ਆ ਗਏ, ਜਿਨ੍ਹਾਂ ਨੇ ਉਨ੍ਹਾਂ ਦੇ ਘਰ ਇੱਟਾਂ-ਪੱਥਰ ਸੁੱਟਣੇ ਸ਼ੁਰੂ ਕਰ ਦਿੱਤੇ। ਹਮਲਾਵਰਾਂ ਨੇ ਉਨ੍ਹਾਂ ਦੇ ਘਰ ਦੇ ਸ਼ੀਸ਼ੇ ਤੋੜ ਦਿੱਤੇ। ਮੁਲਜ਼ਮਾਂ ਨੇ ਹਮਲੇ ਦੌਰਾਨ ਉਸ ਦੀ, ਉਸ ਦੀ ਭਾਬੀ, ਪਤਨੀ, ਭਤੀਜੇ ਅਤੇ ਪਿਤਾ ਦੀ ਵੀ ਕੁੱਟਮਾਰ ਕੀਤੀ।

ਜਦੋਂ ਆਂਢ-ਗੁਆਂਢ ਦੇ ਲੋਕ ਉਸ ਦਾ ਬਚਾਅ ਕਰਨ ਆਏ ਤਾਂ ਮੁਲਜ਼ਮ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਜਾਂਚ ਅਫਸਰ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਭਾਲ ਕੀਤੀ ਜਾ ਰਹੀ ਹੈ।


Inder Prajapati

Content Editor

Related News