ਬਿਆਸ ਦਰਿਆ ''ਚ ਛੱਡਿਆ 1 ਲੱਖ ਮੱਛੀਆਂ ਦਾ ਪੂੰਗ (ਵੀਡੀਓ)

Friday, Jul 27, 2018 - 10:22 AM (IST)

ਰਈਆ/ਬਾਬਾ ਬਕਾਲਾ ਸਾਹਿਬ (ਦਿਨੇਸ਼, ਹਰਜੀਪ੍ਰੀਤ, ਰਾਕੇਸ਼)—ਸਿੱਖਿਆ ਮੰਤਰੀ ਤੇ ਸੁਤੰਤਰਤਾ ਸੈਨਾਨੀ ਓਮ ਪ੍ਰਕਾਸ਼ ਸੋਨੀ ਨੇ ਵਾਤਾਵਰਣ ਨੂੰ ਬਚਾਉਣ ਲਈ ਬਿਆਸ ਦਰਿਆ  'ਚ 1 ਲੱਖ ਮੱਛੀਆਂ ਦਾ ਪੂੰਗ ਛੱਡਿਆ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਇਕ ਮਿੱਲ 'ਚੋਂ ਸੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਾਰੇ ਗਏ ਸਨ, ਜਿਨ੍ਹਾਂ ਦੀ ਘਾਟ ਨੂੰ ਪੂਰਾ ਕਰਨ ਲਈ ਮੱਛੀਆਂ ਦਾ ਪੂੰਗ ਛੱਡਿਆ ਗਿਆ ਹੈ, ਜਦੋਂ ਕਿ ਇਸ ਤੋਂ ਪਹਿਲਾਂ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਵੀ ਵਾਤਾਵਰਣ ਦੇ ਬਚਾਅ ਲਈ ਇਥੇ ਹੀ ਪੂੰਗ ਛੱਡਿਆ ਗਿਆ ਸੀ।
ਅੱਜ ਸਵੇਰੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਤੇ ਹਲਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨਾਲ ਬਿਆਸ ਪੁੱਜੇ ਸ. ਸੋਨੀ ਕਿਸ਼ਤੀ 'ਚ ਸਵਾਰ ਹੋਏ ਤੇ ਉਨ੍ਹਾਂ ਦਰਿਆ 'ਚ ਜਾ ਕੇ ਮੱਛੀਆਂ ਦਾ ਪੂੰਗ ਛੱਡਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਸੋਨੀ ਨੇ ਕਿਹਾ ਕਿ ਜਿਸ ਮਿੱਲ 'ਚੋਂ ਸੀਰਾ ਰਿਸਣ ਕਾਰਨ ਸੈਂਕੜੇ ਜਲ ਜੀਵ ਮਰ ਗਏ ਸਨ, ਸਰਕਾਰ ਵੱਲੋਂ ਉਸ ਮਿੱਲ 'ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ ਅਤੇ ਮਿੱਲ ਅਜੇ ਤੱਕ ਬੰਦ ਹੈ। ਉਨ੍ਹਾਂ ਕਿਹਾ ਕਿ ਪਾਣੀ, ਹਵਾ, ਵਾਤਾਵਰਣ ਤੇ ਸਿਹਤ ਨੂੰ ਬਚਾਉਣਾ ਸਰਕਾਰ ਦੀ ਮੁੱਖ ਤਰਜੀਹ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਦੇ ਦਰਿਆਈ ਪਾਣੀ ਨੂੰ ਪ੍ਰਦੂਸ਼ਣ ਤੋਂ ਮੁਕਤ ਕਰਨ ਤੱਕ ਕੋਸ਼ਿਸ਼ ਜਾਰੀ ਰਹੇਗੀ। ਨਸ਼ਿਆਂ ਖਿਲਾਫ ਭਾਵੇਂ ਸਰਕਾਰ ਨੂੰ ਲੱਖ ਔਕੜਾਂ ਦਾ ਸਾਹਮਣਾ ਕਰਨਾ ਪਵੇ ਪਰ ਸਰਕਾਰ ਨਸ਼ਾ ਸਮਾਪਤ ਕਰ ਕੇ ਹੀ ਦਮ ਲਵੇਗੀ ਅਤੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 15 ਅਗਸਤ ਤੱਕ ਦਰਿਆ ਬਿਆਸ 'ਚ 20 ਲੱਖ ਮੱਛੀਆਂ ਦਾ ਪੂੰਗ ਛੱਡਿਆ ਜਾਵੇਗਾ, ਜਿਸ ਵਿਚੋਂ ਹੁਣ ਤੱਕ 6 ਲੱਖ ਤੋਂ ਵੱਧ ਪੂੰਗ ਛੱਡਿਆ ਜਾ ਚੁੱਕਾ ਹੈ।
ਇਸ ਮੌਕੇ ਸ਼ਿਵਰਾਜ ਸਿੰਘ ਬੱਲ ਕਾਰਜਕਾਰੀ ਮੈਜਿਸਟ੍ਰੇਟ ਅੰਮ੍ਰਿਤਸਰ, ਰਵਿੰਦਰ ਸਿੰਘ ਅਰੋੜਾ ਐੱਸ. ਡੀ. ਐੱਮ. ਬਾਬਾ ਬਕਾਲਾ, ਐੱਸ. ਐੱਸ. ਮਰਵਾਹਾ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਗੁਰਿੰਦਰ ਸਿੰਘ ਮਜੀਠੀਆ ਚੀਫ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਹਰਪਾਲ ਸਿੰਘ ਐੱਸ. ਡੀ. ਓ., ਹਰਦੀਪ ਸਿੰਘ ਐੱਸ. ਈ., ਰਾਜ ਕੁਮਾਰ ਡਿਪਟੀ ਡਾਇਰੈਕਟਰ ਮੱਛੀ ਪਾਲਣ ਤੇ ਹਰਪ੍ਰੀਤ ਸਿੰਘ ਡੀ. ਐੱਸ. ਪੀ. ਬਾਬਾ ਬਕਾਲਾ ਵੀ ਹਾਜ਼ਰ ਸਨ।


Related News