ਬਿਆਸ ਦਰਿਆ ਦਾ ਪਾਣੀ ਜਲੰਧਰ ਲਿਆਉਣ ਲਈ ਕਰੀਬ 150 ਏਕੜ ਜ਼ਮੀਨ ਐਕਵਾਇਰ ਕਰਨ ਦੀ ਯੋਜਨਾ

Thursday, Jun 21, 2018 - 11:10 AM (IST)

ਜਲੰਧਰ, (ਖੁਰਾਣਾ)—ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਸ ਤਰ੍ਹਾਂ ਹੇਠਾਂ ਜਾ ਰਿਹਾ ਹੈ, ਉਸ ਤੋਂ ਸਾਫ ਹੈ ਕਿ ਆਉਣ ਵਾਲੇ ਕੁਝ ਸਾਲਾਂ ਵਿਚ ਪੰਜਾਬੀਆਂ ਨੂੰ ਅੰਡਰਗਰਾਊਂਡ ਵਾਟਰ ਦੀ ਬਜਾਏ ਦਰਿਆਵਾਂ, ਨਹਿਰਾਂ ਦਾ ਪਾਣੀ ਸਾਫ ਕਰ ਕੇ ਪੀਣਾ ਪਵੇਗਾ। ਇਸ ਨੂੰ ਮੁੱਖ ਰੱਖਦਿਆਂ ਏਸ਼ੀਅਨ ਡਿਵੈੱਲਪਮੈਂਟ ਬੈਂਕ ਦੀ ਪਹਿਲ 'ਤੇ ਸੂਬਾ ਸਰਕਾਰ ਨੇ ਬਿਆਸ ਦਰਿਆ ਦੇ ਪਾਣੀ ਨੂੰ ਜਲੰਧਰ ਲਿਆ ਕੇ ਉਸਨੂੰ ਪੀਣਯੋਗ ਬਣਾਉਣ ਦਾ ਜੋ ਪ੍ਰਾਜੈਕਟ ਸ਼ੁਰੂ ਕੀਤਾ ਹੈ, ਉਹ ਪ੍ਰਾਜੈਕਟ ਇਨ੍ਹੀਂ ਦਿਨੀਂ ਕਾਫੀ ਪ੍ਰਗਤੀ 'ਤੇ ਹੈ ਕਿਉਂਕਿ ਏਸ਼ੀਅਨ ਡਿਵੈੱਲਪਮੈਂਟ ਬੈਂਕ ਦੀ ਪਹਿਲ 'ਤੇ ਵਿਦੇਸ਼ੀ ਮਾਹਿਰਾਂ 'ਤੇ ਆਧਾਰਿਤ ਇਕ ਟੀਮ ਤੇਜ਼ੀ ਨਾਲ ਇਸ 'ਤੇ ਕੰਮ ਕਰ ਰਹੀ ਹੈ। ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਇਸ ਟੀਮ ਨੇ ਪੌਂਗ ਡੈਮ ਤੋਂ ਲੈ ਕੇ ਪੰਜਾਬ ਵੱਲ ਵਹਿਣ ਵਾਲੇ ਬਿਆਸ ਦਰਿਆ ਦੇ ਕਈ ਕਿਨਾਰਿਆਂ ਦਾ ਨਿਰੀਖਣ ਕੀਤਾ ਪਰ ਢਿੱਲਵਾਂ ਦੇ ਨੇੜੇ ਸੰਜੋਗਲੀ ਪਿੰਡ ਜੋ ਬਿਆਸ ਦਰਿਆ ਦੇ ਕੰਢੇ ਪੈਂਦਾ ਹੈ, ਉਸਨੂੰ ਫਾਈਨਲ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।
ਪੰਪਿੰਗ ਸਟੇਸ਼ਨ ਤੇ ਰਿਜ਼ਰਵਾਇਰ ਲਈ ਚਾਹੀਦੀ ਜਗ੍ਹਾ
ਏ. ਬੀ. ਡੀ. ਵਲੋਂ ਤਾਇਨਾਤ ਟੀਮ ਨੇ ਬਿਆਸ ਦਰਿਆ ਦੇ ਪਾਣੀ ਨੂੰ ਜਲੰਧਰ ਤੱਕ ਲਿਆਉਣ ਲਈ ਢਿੱਲਵਾਂ ਤੋਂ ਵਾਇਆ ਕਪੂਰਥਲਾ ਰੂਟ ਨੂੰ ਫਾਈਨਲ ਕਰਨ ਦਾ ਫੈਸਲਾ ਲਿਆ ਹੈ ਕਿਉਂਕਿ ਇਹ ਰੂਟ ਸ਼ਾਰਟ ਕੱਟ ਪੈਂਦਾ ਹੈ ਅਤੇ ਇਸ ਖੇਤਰ ਵਿਚ ਨਾ ਤਾਂ ਜ਼ਿਆਦਾ ਆਬਾਦੀ ਹੈ ਅਤੇ ਨਾ ਹੀ ਜ਼ਿਆਦਾ ਇਸ ਖੇਤਰ ਦਾ ਵਿਕਾਸ ਹੋਇਆ ਹੈ। ਇਹ ਰੂਟ ਕਰੀਬ 40 ਕਿਲੋਮੀਟਰ ਦੇ ਕਰੀਬ ਹੋਵੇਗਾ, ਜਿਸ ਕਾਰਨ ਲਾਗਤ ਵੀ ਘੱਟ ਆਵੇਗੀ। ਪਾਣੀ ਨੂੰ ਅੰਡਰਗਰਾਊਂਡ ਪਾਈਪਾਂ ਦੇ ਜ਼ਰੀਏ ਜਲੰਧਰ ਤੱਕ ਲਿਆਂਦਾ ਜਾਵੇਗਾ। ਪ੍ਰਾਜੈਕਟ ਦੇ ਤਹਿਤ ਬਿਆਸ ਦਰਿਆ ਵਿਚੋਂ ਪਾਣੀ ਨੂੰ ਖਿੱਚਣ ਲਈ ਅਤਿ-ਆਧੁਨਿਕ ਪੰਪਿੰਗ ਸਟੇਸ਼ਨ ਬਣਾਇਆ ਜਾਵੇਗਾ, ਜਿਸ ਦੇ ਲਈ ਉਥੇ ਕਰੀਬ 50 ਏਕੜ ਜ਼ਮੀਨ ਐਕਵਾਇਰ ਕਰਨ ਦੀ ਲੋੜ ਪਵੇਗੀ। ਇਸੇ ਤਰ੍ਹਾਂ ਜਦੋਂ ਪਾਈਪਾਂ ਰਾਹੀਂ ਪਾਣੀ ਜਲੰਧਰ ਪਹੁੰਚੇਗਾ ਤਾਂ ਉਥੇ ਵੀ ਸ਼ਹਿਰ ਤੋਂ ਬਾਹਰ ਕਰੀਬ 100 ਏਕੜ ਜ਼ਮੀਨ ਚਾਹੀਦੀ ਹੈ, ਜਿਥੇ ਰਿਜ਼ਰਵਾਇਰ ਬਣਾ ਕੇ ਪਾਣੀ ਨੂੰ ਸਾਫ ਅਤੇ ਸਟੋਰ ਕੀਤਾ ਜਾ ਸਕੇ। ਇਥੇ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਨੂੰ ਪੀਣਯੋਗ ਵੀ ਬਣਾਇਆ ਜਾਵੇਗਾ। 
ਹੁਣ ਕੋਸ਼ਿਸ਼ ਇਹ ਹੋ ਰਹੀ ਹੈ ਇਹ 150 ਏਕੜ ਜ਼ਮੀਨ ਅਜਿਹੀ ਲੱਭੀ ਜਾਵੇ ਜੋ ਸਰਕਾਰ ਦੀ ਹੋਵੇ ਤਾਂ ਜੋ ਮੁਆਵਜ਼ੇ ਦੀ ਵੱਡੀ ਰਕਮ ਤੋਂ ਬਚਿਆ ਜਾ ਸਕੇ। ਹੁਣ ਏ. ਬੀ. ਡੀ. ਦੀ ਟੀਮ ਇਸ ਕੰਮ ਵਿਚ ਲੱਗੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਰੂਟ ਨੂੰ ਫਾਈਨਲ ਕਰ ਕੇ ਪ੍ਰਾਜੈਕਟ ਨੂੰ ਅੱਗੇ ਵਧਾਇਆ ਜਾ ਸਕਦਾ ਹੈ।


Related News