ਚੋਣਾਂ ਨੂੰ ਲੈ ਕੇ ਜੇਲ 'ਚੋਂ ਬਲਵੰਤ ਸਿੰਘ ਰਾਜੋਆਣਾ ਵਲੋਂ ਸਿੱਖ ਸੰਗਤ ਨੂੰ ਅਪੀਲ (ਵੀਡੀਓ)

05/05/2019 6:47:55 PM

ਪਟਿਆਲਾ : ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਫਾਂਸੀ ਦੀ ਸਜ਼ਾ ਜ਼ਾਬਤਾ ਭਾਈ ਬਲਵੰਤ ਸਿੰਘ ਰਾਜੋਆਣਾ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਨਿੱਤਰ ਆਏ ਹਨ। ਪਟਿਆਲਾ ਦੀ ਕੇਂਦਰੀ ਜੇਲ 'ਚੋਂ ਉਨ੍ਹਾਂ ਨੇ ਆਪਣੀ ਭੈਣ ਦੇ ਹੱਥ ਇਕ ਚਿੱਠੀ ਭੇਜ ਕੇ ਸਿੱਖ ਜਗਤ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਰਾਜੋਆਣਾ ਨੇ ਸਮੁੱਚੇ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਤਰੱਕੀ ਲਈ, ਭਾਈਚਾਰਕ ਸਾਂਝ ਲਈ ਅਤੇ ਅਮਨ-ਸ਼ਾਂਤੀ ਲਈ ਆਪਣੀ ਇਕ-ਇਕ ਕੀਮਤੀ ਵੋਟ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾਉਣ। 
ਆਪਣੀ ਭੈਣ ਕਮਲਦੀਪ ਕੌਰ ਰਾਜੋਆਣਾ ਰਾਹੀਂ ਭੇਜੇ ਇਕ ਲਿਖਤੀ ਸੰਦੇਸ਼ ਵਿਚ ਭਾਈ ਰਾਜੋਆਣਾ ਨੇ ਕਿਹਾ ਕਿ ਬੰਦ ਕਮਰੇ ਵਿਚ ਵੋਟ ਪਾਉਣ ਦੇ ਮਿਲੇ ਅਧਿਕਾਰ ਨੂੰ ਇਕ ਹਥਿਆਰ ਬਣਾ ਕੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗਣ ਵਾਲੀ ਅਤੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਣ ਵਾਲੀ ਕਾਂਗਰਸ ਪਾਰਟੀ ਨੂੰ ਸਬਕ ਸਿਖਾਇਆ ਜਾਵੇ ।ਆਪਣੀ ਇਕ-ਇਕ ਕੀਮਤੀ ਵੋਟ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰਾਂ ਨੂੰ ਪਾਈ ਜਾਵੇ।ਇਸ ਦੇ ਵਿੱਚ ਹੀ ਪੰਜਾਬ ਅਤੇ ਪੰਜਾਬੀਆਂ ਦਾ ਭਲਾ ਹੈ ।
ਰਾਜੋਆਣਾ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 34 ਸਾਲ ਤੋਂ ਸ਼ਰੇਆਮ ਘੁੰਮ ਰਹੇ ਸਿੱਖਾਂ ਦੇ ਕਾਤਲ ਸੱਜਣ ਕੁਮਾਰ ਨੂੰ ਜੇਲ ਵਿਚ ਭੇਜਿਆ ਹੈ। ਇਸ ਲਈ ਸਮੂਹ ਸਿੱਖ ਸੰਗਤ ਨੂੰ ਅਪੀਲ ਹੈ ਕਿ ਉਹ ਅਕਾਲੀ-ਭਾਜਪਾ ਦੇ ਹੱਕ ਵਿਚ ਹੀ ਵੋਟ ਪਾਉਣ।


Gurminder Singh

Content Editor

Related News