ਵਾਹਨ ਲੈ ਕੇ ਰੋਡ ’ਤੇ ਨਿਕਲਣ ਸਮੇਂ ਜ਼ਰਾ ਸਾਵਧਾਨ, ਰਸਤੇ ’ਚ ਤੁਹਾਡੇ ਨਾਲ ਵੀ ਹੋ ਸਕਦਾ ਹੈ ਇਹ ਕੁੱਝ

Wednesday, Oct 11, 2023 - 03:57 PM (IST)

ਤਰਨਤਾਰਨ (ਰਮਨ) : ਜ਼ਿਲ੍ਹੇ ਵਿਚ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੇ ਨਾਲ ਵਿਸ਼ੇਸ਼ ਕਿਸਮ ਦਾ ਬਾਰਕੋਡ ਲਗਾਉਣ ਵਾਲਾ ਗਿਰੋਹ ਸਰਗਰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਵਲੋਂ ਸੋਮਵਾਰ ਦੁਪਹਿਰੇ ਇਕ ਘੰਟਾ ਪੱਟੀ ਇਲਾਕੇ ਵਿਚ ਨਾਕਾਬੰਦੀ ਕਰਦੇ ਹੋਏ ਦਰਜਨ ਤੋਂ ਵੱਧ ਵਾਹਨ ਚਾਲਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਜਿੱਥੇ ਧਮਕਾਇਆ ਗਿਆ, ਉੱਥੇ ਹੀ ਉਨ੍ਹਾਂ ਦੇ ਵਾਹਨ ਥਾਣੇ ’ਚ ਇਮਪਾਊਂਡ ਕਰਨ ਦੀ ਧਮਕੀ ਦਿੰਦੇ ਹੋਏ ਮੋਟੀਆਂ ਰਕਮਾਂ ਵੀ ਵਸੂਲ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਅਜਿਹਾ ਠੱਗ ਗਿਰੋਹ ਬੀਤੇ ਕਿੰਨੇ ਸਮੇਂ ਤੋਂ ਵਾਹਨ ਚਾਲਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਸਬੰਧੀ ਭਾਲ ਕਰਦੇ ਹੋਏ ਪੁਲਸ ਪ੍ਰਸ਼ਾਸਨ ਨੂੰ ਸਖਤ ਐਕਸ਼ਨ ਲੈਣ ਦੀ ਸਖਤ ਲੋੜ ਹੈ।

ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਇਹ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਹੀ ਪੰਜਾਬ ਸਰਕਾਰ

ਜਾਣਕਾਰੀ ਦਿੰਦੇ ਹੋਏ ਯੂਨਾਈਟਡ ਟਰੇਡ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਕਰੀਬ 12 ਵਜੇ ਪੱਟੀ ਮੋੜ ਵਿਖੇ ਕਰੀਬ ਇਕ ਦਰਜਨ ਸਿਵਲ ਕੱਪੜਿਆਂ ਵਿਚ ਮੌਜੂਦ ਵਿਅਕਤੀਆਂ ਵਲੋਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਰੋਕਦੇ ਹੋਏ ਇਹ ਦੱਸਿਆ ਗਿਆ ਕਿ ਉਹ ਪ੍ਰਾਈਵੇਟ ਕੰਪਨੀ ਤੋਂ ਸਬੰਧਿਤ ਹਨ ਅਤੇ ਹਾਈ ਸਕਿਓਰਿਟੀ ਨੰਬਰ ਪਲੇਟਾਂ ਦੀ ਜਾਂਚ ਕਰ ਰਹੇ ਹਨ। ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਟੀਮ ਵਲੋਂ ਹਾਈ ਸਕਿਓਰਿਟੀ ਨੰਬਰ ਪਲੇਟਾਂ ਲੱਗੀਆਂ ਹੋਣ ਦੇ ਬਾਵਜੂਦ ਉਸ ਉੱਪਰ ਇਕ ਬਾਰਕੋਡ ਵਰਗਾ ਸਟਿੱਕਰ ਚਿਪਕਾਉਣਾ ਸ਼ੁਰੂ ਕਰ ਦਿੱਤਾ ਗਿਆ, ਜਿਸ ਬਦਲੇ ਵਾਹਨ ਚਾਲਕਾਂ ਪਾਸੋਂ ਰੁਪਏ ਵੀ ਵਸੂਲ ਕੀਤੇ ਗਏ। ਗਿੱਲ ਨੇ ਦੱਸਿਆ ਕਿ ਫਤਿਹਗੜ੍ਹ ਚੂੜੀਆਂ ਤੋਂ ਆਏ ਇਨੋਵਾ ਗੱਡੀ ਦੇ ਚਾਲਕ ਤਾਰਾ ਸਿੰਘ ਨੂੰ ਸਬੰਧਿਤ ਵਿਅਕਤੀਆਂ ਵਲੋਂ ਗੱਡੀ ਨੂੰ ਥਾਣੇ ਵਿਚ ਇੰਪਾਊਂਡ ਕਰਵਾਉਣ ਦੀ ਧਮਕੀ ਦਿੰਦੇ ਹੋਏ ਨਾਲ ਲੈ ਗਏ, ਜਿਸ ਨੂੰ ਰਸਤੇ ਵਿਚ 2000 ਰੁਪਏ ਵਸੂਲਣ ਤੋਂ ਬਾਅਦ ਛੱਡ ਦਿੱਤਾ ਗਿਆ। 

ਇਹ ਵੀ ਪੜ੍ਹੋ : ਪੱਕਾ ਵਿਆਹ ਕਰਵਾ ਕੇ ਕੈਨੇਡਾ ਗਈ ਲਾੜੀ ਦੀ ਕਰਤੂਤ, ਤੋੜੇ ਸੁਫ਼ਨੇ, ਸੱਚਾਈ ’ਤੇ ਯਕੀਨ ਨਾ ਕਰ ਸਕੇ ਸਹੁਰੇ

ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਆਏ ਆਲਟੋ ਕਾਰ ਚਾਲਕ ਬਲਦੇਵ ਸਿੰਘ ਨੂੰ ਵੀ ਧਮਕਾਉਂਦੇ ਹੋਏ 1500 ਰੁਪਏ ਵਸੂਲ ਕਰ ਲਏ ਗਏ। ਹਰਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਤਰ੍ਹਾਂ ਕਰੀਬ ਇਕ ਦਰਜਨ ਵਾਹਨ ਚਾਲਕਾਂ ਨੂੰ ਸਬੰਧਿਤ ਟੀਮ ਵਲੋਂ ਗੁੰਮਰਾਹ ਕਰਦੇ ਹੋਏ ਧੋਖਾਧੜੀ ਦਾ ਸ਼ਿਕਾਰ ਬਣਾਇਆ ਗਿਆ ਅਤੇ ਮੋਟੀਆਂ ਰਕਮਾਂ ਵਸੂਲ ਕੀਤੀਆਂ ਗਈਆਂ ਹਨ। ਗਿੱਲ ਨੇ ਦੱਸਿਆ ਕਿ ਕਰੀਬ ਇਕ ਘੰਟਾ ਨਾਕਾ ਲਗਾਉਣ ਤੋਂ ਬਾਅਦ ਸਬੰਧਿਤ ਵਿਅਕਤੀ ਜੋ ਕਾਰਾਂ ਉੱਪਰ ਸਵਾਰ ਹੋ ਕੇ ਆਏ ਸਨ ਮੌਕੇ ਤੋਂ ਫਰਾਰ ਹੋ ਗਏ। ਹਰਜਿੰਦਰ ਸਿੰਘ ਗਿੱਲ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਹੈ ਕਿ ਅਜਿਹੇ ਠੱਗਾਂ ਖ਼ਿਲਾਫ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ ਤਾਂ ਜੋ ਲੋਕਾਂ ਨੂੰ ਤੰਗ ਪਰੇਸ਼ਾਨ ਅਤੇ ਲੁੱਟ ਦਾ ਸ਼ਿਕਾਰ ਨਾ ਬਣਾਇਆ ਜਾਵੇ।

ਇਹ ਵੀ ਪੜ੍ਹੋ : ਸੀ. ਬੀ. ਐੱਸ. ਈ. ਸਕੂਲਾਂ ’ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜਾਰੀ ਹੋਇਆ ਇਹ ਹੁਕਮ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਪੀ ਟ੍ਰੈਫਿਕ ਦੇਵ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜੇ ਕਿਸੇ ਨੂੰ ਅਜਿਹੇ ਵਿਅਕਤੀਆਂ ਸਬੰਧੀ ਕੋਈ ਜਾਣਕਾਰੀ ਹੈ ਤਾਂ ਉਹ ਤੁਰੰਤ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਕੋਈ ਵੀ ਅਜਿਹੀ ਸਟਿੱਕਰ ਲਗਾਉਣ ਦੀ ਨੋਟੀਫਿਕੇਸ਼ਨ ਜਾਰੀ ਨਹੀਂ ਹੋਈ ਹੈ ਜਦਕਿ ਹਾਈ ਸਕਿਓਰਟੀ ਨੰਬਰ ਪਲੇਟਾਂ ਲਗਾਉਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਦੱਸਿਆ ਕਿ ਅਜਿਹੇ ਗਿਰੋਹ ਦੀ ਭਾਲ ਕਰਦੇ ਹੋਏ ਸਖਤ ਕਾਨੂੰਨੀ ਕਾਰਵਾਈ ਅਮਲ ਵਿਚ ਜ਼ਰੂਰ ਲਿਆਂਦੀ ਜਾਵੇਗੀ। ਉੱਧਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰੀਜ਼ਨਲ ਟਰਾਂਸਪੋਰਟ ਅਥਾਰਟੀ ਤਰਨਤਾਰਨ ਰਜਨੀਸ਼ ਅਰੋਡ਼ਾ ਨੇ ਦੱਸਿਆ ਕਿ ਵਿਭਾਗ ਵਲੋਂ ਕੋਈ ਵੀ ਅਜਿਹੀ ਨੋਟੀਫਿਕੇਸ਼ਨ ਨਹੀਂ ਜਾਰੀ ਹੋਈ ਹੈ ਜਿਸ ਤਹਿਤ ਸਡ਼ਕਾਂ ਉੱਪਰ ਨਾਕੇ ਲਗਾ ਕੇ ਸਟਿੱਕਰ ਲਗਾਏ ਜਾਣ ਅਤੇ ਉਸ ਸਬੰਧੀ ਫੀਸ ਵਸੂਲ ਕੀਤੀ ਜਾਵੇ।ਉਨ੍ਹਾਂ ਦੱਸਿਆ ਕਿ ਹਾਈ ਸਕਿਓਰਟੀ ਨੰਬਰ ਪਲੇਟਾਂ ਜੋ ਸਿਰਫ ਵਾਹਨਾਂ ਨੂੰ ਦਫਤਰ ਵਿਚ ਲਗਾਈਆਂ ਜਾ ਰਹੀਆਂ ਹਨ, ਸਾਰੇ ਵਾਹਨਾਂ ਲਈ ਬਹੁਤ ਜ਼ਰੂਰੀ ਹਨ।

ਇਹ ਵੀ ਪੜ੍ਹੋ : ਖੇਮਕਰਨ ’ਚ ਵੱਡੀ ਵਾਰਦਾਤ, ਮਾਮੂਲੀ ਜਿਹੀ ਗੱਲ ਨੂੰ ਲੈ ਕੇ ਸ਼ਰੇਆਮ ਵੱਢ ਸੁੱਟਿਆ ਨੌਜਵਾਨ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News