ਜੇਕਰ ਤੁਸੀਂ ਵੀ ਕਰਦੇ ਹੋ ਐਨਰਜੀ ਡਰਿੰਕ ਦੀ ਵਰਤੋਂ ਤਾਂ ਸਾਵਧਾਨ, ਜ਼ਰੂਰ ਪੜ੍ਹੋ ਇਹ ਖ਼ਬਰ

12/16/2023 6:28:27 PM

ਮਾਲੇਰਕੋਟਲਾ (ਸ਼ਹਾਬੂਦੀਨ) : ਕਿਸੇ ਸਮੇਂ ਭਾਰਤ ਦੇਸ਼ ’ਚ ਰੰਗਲੇ ਸੂਬੇ ਵਜੋਂ ਜਾਣੇ ਜਾਂਦੇ ਪੰਜਾਬ ਦੇ ਅੱਜ ਧੁਰ ਅੰਦਰ ਤੱਕ ਨਸ਼ਾ ਰੂਪੀ ਦੈਂਤ ਨੇ ਆਪਣੀਆਂ ਜੜ੍ਹਾਂ ਇਸ ਤਰ੍ਹਾਂ ਫੈਲਾ ਰੱਖੀਆਂ ਹਨ ਕਿ ਨੌਜਵਾਨ ਵਰਗ ਦਾ ਇਸ ਤੋਂ ਬਚਣਾ ਮੁਸ਼ਕਿਲ ਲੱਗਦਾ ਹੈ। ਇਸੇ ਗੱਲ ਤੋਂ ਡਰਦੇ ਪੰਜਾਬੀ ਆਪਣੇ ਬੱਚਿਆਂ ਨੂੰ ਵਿਦੇਸ਼ਾਂ ’ਚ ਭੇਜ ਰਹੇ ਹਨ। ਅੱਜ ਸ਼ਹਿਰਾਂ ਤੇ ਪਿੰਡਾਂ ’ਚ ਪੜ੍ਹਨ ਦੀ ਉਮਰੇ ਸਕੂਲ-ਕਾਲਜ ਦੇ ਬੱਚੇ ਅਤੇ ਨੌਜਵਾਨ ਨਸ਼ੇ ਵਾਲੇ ਪਦਾਰਥਾਂ ਦੀਆਂ ਬਾਹਾਂ ’ਚ ਬੁਰੀ ਤਰ੍ਹਾਂ ਜਕੜਦੇ ਜਾ ਰਹੇ ਹਨ। ਕਦੇ ਸ਼ੌਕ ਦੇ ਨਾਂ ’ਤੇ, ਕਦੇ ਦੋਸਤੀ ਦੀ ਆੜ ’ਚ ਅਤੇ ਕਦੇ ਕੋਈ ਮਜਬੂਰੀ ਦੱਸ ਕੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਬਾਜ਼ਾਰ ’ਚ 20 ਰੁਪਏ ਤੋਂ 100 ਰੁਪਏ ਤੱਕ ਵਿਕਣ ਵਾਲੀ ਐਨਰਜੀ ਡਰਿੰਕ ਵੀ ਹੁਣ ਨਸ਼ਿਆਂ ਦੇ ਤੌਰ ’ਤੇ ਵਰਤੀ ਜਾਣ ਲੱਗੀ ਹੈ। ਇਹ ਐਨਰਜੀ ਡਰਿੰਕ ਗਲੀ-ਮੁਹੱਲੇ ਬਾਜ਼ਾਰਾਂ ’ਚ ਦੁਕਾਨਾਂ ’ਤੇ ਆਮ ਹੀ ਮਿਲ ਜਾਂਦੀ ਹੈ। ਅਸੀਂ ਸਮੂਹਿਕ ਤੌਰ ’ਤੇ ਇਕੱਠੇ ਹੋ ਕੇ ਇਸ ਖਿਲਾਫ ਮੁਹਿੰਮ ਸ਼ੁਰੂ ਕਰੀਏ ਤਾਂ ਇਸ ਲਾਹਨਤ ਦੀ ਨਕੇਲ ਕੱਸ ਸਕਦੇ ਹਾਂ।

ਇਹ ਵੀ ਪੜ੍ਹੋ : ਪੰਜਾਬ ਵਿਚ ਇਕ ਹੋਰ ਖ਼ਤਰਨਾਕ ਗੈਂਗਸਟਰ ਦਾ ਐਨਕਾਊਂਟਰ, ਸੀ. ਆਈ. ਏ. ਪੁਲਸ ਨੇ ਸਾਂਭਿਆ ਮੋਰਚਾ

ਇਸ ਸਮੇਂ ਸਮੁੱਚਾ ਪੰਜਾਬ ਡਰੱਗ ਮਾਫੀਆ ਦੇ ਸ਼ਿਕੰਜੇ ’ਚ ਹੈ। ਡਰੱਗ ਮਾਫੀਆ ਨੌਜਵਾਨਾਂ ਨੂੰ ਆਪਣੇ ਕਲਾਵੇ ’ਚ ਲੈਣ ਲਈ ਪੂਰੀ ਤਰ੍ਹਾਂ ਸਰਗਰਮ ਹੈ। ਛੋਟੇ ਕਸਬਿਆਂ ਜਾਂ ਪਿੰਡਾਂ ’ਚ ਖੁੱਲ੍ਹੇ ਕਈ-ਕਈ ਮੈਡੀਕਲ ਸਟੋਰ ਵੀ ਨਸ਼ਿਆਂ ਦੇ ਨਾਂ ’ਤੇ ਨੌਜਵਾਨਾਂ ਨੂੰ ਅਜਿਹਾ ਮਿੱਠਾ ਜ਼ਹਿਰ ਦੇ ਰਹੇ ਹਨ ਜਿਸ ਨਾਲ ਨੌਜਵਾਨ ਸਿਰਫ ਨਾਮਰਦੀ ਦਾ ਸ਼ਿਕਾਰ ਹੀ ਨਹੀਂ ਬਣ ਰਹੇ ਸਗੋਂ ਪਿੰਡਾਂ ’ਚ ਨਸ਼ਿਆਂ ਕਾਰਨ ਧੜਾਧੜ ਹੋ ਰਹੀਆਂ ਜਵਾਨ ਮੌਤਾਂ ਇਸ ਤ੍ਰਾਸਦੀ ਦੀ ਪ੍ਰਤੱਖ ਉਦਾਹਰਣ ਹਨ। ਡਰੱਗ ਮਾਫੀਆ ਨੂੰ ਕੁਝ ਰਾਜਨੀਤੀਵਾਨਾਂ ਦਾ ਸਹਿਯੋਗ ਪ੍ਰਾਪਤ ਹੋਣਾ ਵੀ ਦੱਸਿਆ ਜਾਂਦਾ ਹੈ। ਮਾਹਿਰਾਂ ਅਨੁਸਾਰ ਭੁੱਕੀ ਜਾਂ ਸ਼ਰਾਬ ਨਾਲੋਂ ਹੈਰੋਇਨ ਚਿੱਟੇ ਦਾ ਨਸ਼ਾ ਬੇਹੱਦ ਖਤਰਨਾਕ ਹਨ, ਕਿਉਂਕਿ ਚਿੱਟੇ ਵਰਗੇ ਨਸ਼ਿਆਂ ਦਾ ਸਿੱਧਾ ਅਸਰ ਮਨੁੱਖ ਦੇ ਦਿਮਾਗ ’ਤੇ ਹੁੰਦਾ ਹੈ। ਜਿਸ ਕਾਰਨ ਨਸ਼ੇੜੀ ਵਿਅਕਤੀ ਆਪਣੀ ਸ਼ੁੱਧ-ਬੁੱਧ ਖੋ ਬੈਠਦਾ ਹੈ। ਡਰੱਗ ਮਾਫੀਆ ਵੱਲੋਂ ਪੰਜਾਬ ਦੀ ਜਵਾਨੀ ਨੂੰ ਖਤਮ ਕਰਨ ਲਈ ਰਚੀ ਜਾ ਰਹੀ ਗਹਿਰੀ ਸਾਜਿਸ਼ ਨੂੰ ਬੇਨਕਾਬ ਕਰ ਕੇ ਇਸ ਪਾਸੇ ਲੋਕ ਲਹਿਰ ਖੜ੍ਹੀ ਕਰਨ ਦੀ ਲੋੜ ਹੈ।

ਇਹ ਵੀ ਪੜ੍ਹੋ : ਲੋਕਾਂ ਨੂੰ ਵੱਡੀ ਰਾਹਤ, ਅੱਜ ਤੋਂ ਏ. ਸੀ. ਬੱਸਾਂ ’ਚ ਵੀ ਆਮ ਕਿਰਾਇਆ

ਜਾਣਕਾਰੀ ਮੁਤਾਬਕ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐੱਸ. ਆਈ. ਲੰਮੇ ਸਮੇਂ ਤੋਂ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਲਈ ਹੈਰੋਇਨ-ਸਮੈਕ ਆਦਿ ਨੂੰ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਰਗੇ ਸਰਹੱਦੀ ਜ਼ਿਲ੍ਹਿਆਂ ਰਾਹੀਂ ਪੰਜਾਬ ’ਚ ਨਾਮੀ ਸਮੱਗਲਰਾਂ ਨੂੰ ਵੇਚ ਰਹੀ ਹੈ। ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੇ ਮਾਲੇਰਕੋਟਲਾ ਜ਼ਿਲ੍ਹੇ ਦੇ ਨਵੇਂ ਆਏ ਈਮਾਨਦਾਰ ਅਤੇ ਜਾਬਾਜ਼ ਐੱਸ. ਐੱਸ. ਪੀ. ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਨਸ਼ਿਆਂ ਖ਼ਿਲਾਫ ਛੇੜੀ ਗਈ ਜ਼ਬਰਦਸਤ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਵੇਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਮਾਲੇਰਕੋਟਲਾ ਪੁਲਸ ਮੁਖੀ ਹਰਕਮਲਪ੍ਰੀਤ ਖੱਖ ਵਾਂਗ ਪੰਜਾਬ ਦੇ ਸਮੁੱਚੇ ਜ਼ਿਲਿਆਂ ’ਚ ਪੁਲਸ ਨਸ਼ਿਆਂ ਖਿਲਾਫ ਜੰਗ ਛੇੜੇ ਤਾਂ ਨਸ਼ਿਆਂ ਦੀ ਇਹ ਲਾਹਨਤ ਘੱਟੋ-ਘੱਟ ਵਾਲੀ ਸਥਿਤੀ ’ਚ ਜ਼ਰੂਰ ਆ ਜਾਵੇਗੀ। ਪੁਲਸ ਦੀ ਇਸ ਨਸ਼ਾ ਵਿਰੋਧੀ ਮੁਹਿੰਮ ’ਚ ਆਮ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝ ਕੇ ਪੁਲਸ ਦਾ ਸਹਿਯੋਗ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਆਈ ਫੋਨ ਦੇ ਲਾਲਚ ’ਚ ਹੈਵਾਨ ਬਣ ਗਏ ਜਿਗਰੀ ਦੋਸਤ, ਬੇਰਹਿਮੀ ਦੀਆਂ ਹੱਦਾਂ ਟੱਪ ਦੋਸਤ ਦਾ ਕੀਤਾ ਕਤਲ

ਐਨਰਜੀ ਡਰਿੰਕ ਗਰਭਵਤੀ ਔਰਤਾਂ ਲਈ ਹੈ ਹਾਨੀਕਾਰਕ

ਗਰਭਵਤੀ ਔਰਤਾਂ ਨੂੰ ਪਹਿਲੇ ਤਿੰਨ ਮਹੀਨੇ ਕੈਫੀਨ (ਐਨਰਜੀ ਡਰਿੰਕ) ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਹ ਗਰਭਵਤੀ ਔਰਤਾਂ ਲਈ ਹਾਨੀਕਾਰਕ ਦੱਸੀ ਜਾਂਦੀ ਹੈ। ਐਨਰਜੀ ਡਰਿੰਕ ਦਾ ਸੇਵਨ ਕਰਨ ਨਾਲ ਗਰਭਪਾਤ ਹੋਣ ਦਾ ਖਤਰਾ ਹੋ ਸਕਦਾ ਹੈ। ਬਹੁਤ ਜ਼ਿਆਦਾ ਕੈਫੀਨ ਬੱਚੇ ਦੇ ਵਿਕਾਸ ’ਤੇ ਵੀ ਅਸਰ ਪਾਉਂਦੀ ਹੈ। ਗਰਭ ਅਵਸਥਾ ’ਚ ਫਿਟਨੈੱਸ ਬੈਲੇਂਸ ਡਾਈਟ ਸਭ ਤੋਂ ਜ਼ਰੂਰੀ ਹੁੰਦੀ ਹੈ। ਚੰਗੀ ਖੁਰਾਕ ਲੈਣ ਨਾਲ ਹੀ ਬੱਚੇ ਦੇ ਵਿਕਾਸ ’ਚ ਮਦਦ ਮਿਲਦੀ ਹੈ। ਪੌਸ਼ਟਿਕ ਭੋਜਨ ਨਾਲ ਜੱਚਾ-ਬੱਚਾ ਦੋਵੇਂ ਸਿਹਤਮੰਦ ਤੇ ਤੰਦਰੁਸਤ ਰਹਿੰਦੇ ਹਨ।

ਇਹ ਵੀ ਪੜ੍ਹੋ : ਥਾਣੇਦਾਰ ਨੇ ਸਰਹਿੰਦ ਨਹਿਰ ’ਚ ਛਾਲ ਮਾਰ ਕੀਤੀ ਖ਼ੁਦਕੁਸ਼ੀ, ਰੋਂਦੀ ਪਤਨੀ ਨੇ ਬਿਆਨ ਕੀਤਾ ਪੂਰਾ ਸੱਚ

ਕੀ ਹਨ ਨੁਕਸਾਨ

ਐਨਰਜੀ ਡਰਿੰਕ ਪੀਣ ਨਾਲ ਪਾਣੀ ਦੀ ਪਿਆਸ ਨਹੀਂ ਲੱਗਦੀ। ਜਿਸ ਨਾਲ ਸਰੀਰ ’ਚ ਪਾਣੀ ਦੀ ਕਮੀ ਆ ਜਾਂਦੀ ਹੈ। ਨੀਂਦ ਵੀ ਖਰਾਬ ਹੋ ਸਕਦੀ ਹੈ। ਮੋਟਾਪਾ ਤੇ ਸਿਹਤ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਦੰਦਾਂ ਲਈ ਸਹੀ ਨਹੀਂ ਹੈ। ਦਿਲ ਦੀ ਧੜਕਣ ਪੂਰੀ ਤਰ੍ਹਾਂ ਵਧ ਜਾਂਦੀ ਹੈ। ਐਨਰਜੀ ਡਰਿੰਕਸ ’ਚ ਮੌਜੂਦ ਕੈਫੀਨ ਤੁਹਾਡੀ ਕਿਡਨੀ ਦੀ ਤਰਲ ਪਦਾਰਥ ਬਣਾਏ ਰੱਖਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ। ਵਾਰ-ਵਾਰ ਪਿਸ਼ਾਬ ਆਉਂਦਾ ਹੈ ਅਤੇ ਸਰੀਰ ’ਚੋਂ ਪਾਣੀ ਦੀ ਕਮੀ ਹੋ ਜਾਂਦੀ ਹੈ।

ਕੀ ਕਹਿਣਾ ਹੈ ਗੁਰਦੀਪ ਸਿੰਘ ਧੀਮਾਨ ਦਾ 

ਕੇ. ਐੱਸ. ਗਰੁੱਪ ਦੇ ਡਾਇਰੈਕਟਰ ਗੁਰਦੀਪ ਸਿੰਘ ਧੀਮਾਨ ਦਾ ਕਹਿਣਾ ਹੈ ਕਿ ਨਸ਼ਿਆਂ ਦਾ ਦਰਿਆ ਪੰਜਾਬ ਦੀ ਜਵਾਨੀ ਦਾ ਘਾਣ ਤਾਂ ਕਰ ਹੀ ਰਿਹਾ ਹੈ, ਨਾਲ-ਨਾਲ ਸੂਬੇ ਦੇ ਵਿਰਸੇ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਦੀਆਂ ਨੀਹਾਂ ਨੂੰ ਵੀ ਖੌਖਲਾ ਕਰ ਰਿਹਾ ਹੈ। ਪਹਿਲਾਂ ਸ਼ੌਕ ਅਤੇ ਫੈਸ਼ਨ ਦੇ ਤੌਰ ’ਤੇ ਐਨਰਜੀ ਡਰਿੰਕ ਕਰਨ ਵਾਲਿਆਂ ਲਈ ਇਹ ਜ਼ਹਿਰ ਕਦੋਂ ਆਦਤ ਬਣ ਜਾਂਦੀ ਹੈ, ਇਸ ਦਾ ਪਤਾ ਹੀ ਨਹੀਂ ਲੱਗਦਾ। ਇਸ ਲੱਤ ਦੇ ਲਈ ਕੁਝ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ। ਅਸੀਂ ਆਪਣੇ ਕੰਮਾਂਕਾਰਾਂ ’ਚ ਇਨ੍ਹਾਂ ਜ਼ਿਆਦਾ ਉਲਝ ਗਏ ਹਾਂ ਕਿ ਇਹ ਜਾਨਣ ਦੀ ਕਦੇ ਕੋਸ਼ਿਸ਼ ਵੀ ਨਹੀਂ ਕਰਦੇ ਕਿ ਸਾਡਾ ਬੱਚਾ ਕੀ ਕਰ ਰਿਹਾ ਹੈ। ਬਸ ਬੱਚੇ ਦੀਆਂ ਮੰਗਾਂ ਪੂਰੀਆਂ ਕਰਨਾ ਹੀ ਆਪਣੀ ਜ਼ਿੰਮੇਵਾਰੀ ਸਮਝ ਬੈਠੇ ਹਾਂ।

ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤੇ ਯੂ. ਕੇ. ਵਾਸੀ ਪਰਮਜੀਤ ਸਿੰਘ ਢਾਡੀ ਦੇ ਮਾਮਲੇ ’ਚ ਨਵਾਂ ਮੋੜ

ਕੀ ਕਹਿਣਾ ਹੈ ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ

ਸਾਬਕਾ ਚੇਅਰਮੈਨ ਜ਼ਿਲਾ ਪ੍ਰੀਸ਼ਦ ਜਸਵੀਰ ਸਿੰਘ ਦਿਓਲ ਦਾ ਕਹਿਣਾ ਹੈ ਕਿ ਇਨਸਾਨ ਦੇ ਅੰਦਰ ਮੁਨਾਫਾਖੋਰੀ ਦੀ ਲਾਲਸਾ ਇਸ ਕਦਰ ਵੱਧ ਗਈ ਹੈ ਕਿ ਸਮਾਜ ’ਚ ਰਹਿੰਦੇ ਲੋਕਾਂ ਦੀ ਬਹੁਮੁੱਲੀ ਜ਼ਿੰਦਗੀ ਨੂੰ ਦਾਅ ’ਤੇ ਲਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਧੰਦੇ ’ਚ ਜੁੜੇ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਇਨ੍ਹਾਂ ਐਨਰਜੀ ਡਰਿੰਕ ਨਾਲ ਇਨਸਾਨੀ ਸਿਹਤ ’ਤੇ ਮਾੜਾ ਪ੍ਰਭਾਵ ਪੈਂਦਾ ਹੈ ਪਰ ਇਸ ਦੇ ਬਾਵਜੂਦ ਉਹ ਆਪਣਾ ਕਾਰਜ ਬਿਨਾਂ ਕਿਸੇ ਰੋਕ-ਟੋਕ ਦੇ ਜਾਰੀ ਰੱਖਦੇ ਹਨ। ਸਰਕਾਰ ਅਤੇ ਲੋਕ ਭਲਾਈ ਸੰਸਥਾਵਾਂ ਵੱਲੋਂ ਕੋਸ਼ਿਸ਼ ਕਰਨ ਦੇ ਬਾਵਜੂਦ ਨਸ਼ਿਆਂ ਦਾ ਇਹ ਵਹਾਅ ਲਗਾਤਾਰ ਚੱਲਦਾ ਹੋਇਆ ਵੱਡੀ ਗਿਣਤੀ ’ਚ ਘਰਾਂ ਦੇ ਚਿਰਾਗ ਬੁਝਾ ਚੁੱਕਾ ਹੈ।

ਕੀ ਕਹਿਣਾ ਹੈ ਐੱਸ. ਐੱਮ. ਓ. ਦਾ

ਐੱਸ.ਐੱਮ.ਓ. ਸਿਵਲ ਹਸਪਤਾਲ ਮਾਲੇਰਕੋਟਲਾ ਡਾ. ਜਗਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਐਨਰਜੀ ਡਰਿੰਕ ਬੱਚਿਆਂ ਲਈ ਤਾਂ ਕਾਫੀ ਨੁਕਸਾਨਦਾਇਕ ਹੈ। ਇਸ ਦੀ ਆਦਤ ਬਹੁਤ ਹੀ ਮਾੜੀ ਹੈ। ਸਾਨੂੰ ਇਸ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਇਸ ਨੂੰ ਪੀਣ ਨਾਲ ਇਕ ਵਾਰ ਤਾਂ ਸਰੀਰ ’ਚ ਐਨਰਜੀ ਆ ਜਾਂਦੀ ਹੈ, ਜੋ ਬਾਅਦ ’ਚ ਨੁਕਸਾਨਦਾਇਕ ਸਾਬਿਤ ਹੁੰਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਸਾਨੂੰ ਮਿਲ ਕੇ ਇਸ ਸਬੰਧੀ ਸਭ ਨੂੰ ਜਾਗਰੂਕ ਕੀਤਾ ਜਾਵੇ ਅਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਵਿਚ ਮਹਿੰਗੀ ਹੋ ਸਕਦੀ ਹੈ ਬਿਜਲੀ, 11 ਫੀਸਦੀ ਤਕ ਵੱਧ ਸਕਦੇ ਨੇ ਰੇਟ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News