ਸਾਵਧਾਨ! ਨੌਸਰਬਾਜਾਂ ਨੇ ਆਨਲਾਈਨ ਠੱਗੀ ਮਾਰਨ ਦਾ ਲੱਭਿਆ ਇਹ ਨਵਾਂ ਤਰੀਕਾ

Wednesday, Oct 16, 2024 - 04:05 AM (IST)

ਗੁਰਦਾਸਪੁਰ (ਹਰਮਨ) - ਪਿਛਲੇ ਸਮੇਂ ਦੌਰਾਨ ਨੌਸਰਬਾਜਾਂ ਵੱਲੋਂ ਆਨਲਾਈਨ ਠੱਗੀ ਮਾਰਨ ਦੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਮਾਮਲੇ ਵਿੱਚ ਸਿਤਮ ਦੀ ਗੱਲ ਇਹ ਹੈ ਕਿ ਜਦੋਂ ਲੋਕਾਂ ਨੂੰ ਇਹਨਾਂ ਠੱਗਾਂ ਦੇ ਪੁਰਾਣੇ ਢੰਗ ਤਰੀਕਿਆਂ ਬਾਰੇ ਸਮਝ ਲੱਗਣੀ ਸ਼ੁਰੂ ਹੁੰਦੀ ਹੈ ਤਾਂ ਇਹ ਨੌਸਰਬਾਜ ਕੋਈ ਹੋਰ ਨਵਾਂ ਤਰੀਕਾ ਲੱਭ ਕੇ ਹੋਰ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੰਦੇ ਹਨ। ਇਸ ਤਹਿਤ ਮੌਜੂਦਾ ਸਮੇਂ ਵਿੱਚ ਅਜਿਹੇ ਸ਼ਾਤਰ ਕਿਸਮ ਦੇ ਠੱਗਾਂ ਨੇ ਮੋਬਾਈਲ ਫੋਨਾਂ ਨੂੰ ਹੈਕ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ, ਜਿਸ ਤਹਿਤ ਇਹ ਨੌਸਰਬਾਜ ਮੋਬਾਈਲ ਫੋਨ ਤੇ ਐਸਐਮਐਸ ਰਾਹੀਂ ਕੋਈ ਅਜਿਹਾ ਲਿੰਕ ਸ਼ੇਅਰ ਕਰਦੇ ਹਨ ਜਿਸ ਨੂੰ ਖੋਲਦੇ ਸਾਰ ਹੀ ਫੋਨ ਹੈਕ ਹੋ ਜਾਂਦਾ ਹੈ ਅਤੇ ਮਿੰਟਾਂ ਸਕਿੰਟਾਂ ਵਿੱਚ ਹੀ ਫੋਨ ਦੇ ਨਾਲ ਜੁੜੇ ਬੈਂਕ ਖਾਤਿਆਂ ਵਿੱਚੋਂ ਪੈਸੇ ਉਡ ਜਾਂਦੇ ਹਨ। ਗੁਰਦਾਸਪੁਰ ਸ਼ਹਿਰ ਨਾਲ ਸੰਬੰਧਿਤ ਕੁਝ ਲੋਕਾਂ ਨੇ ਆਪਣੇ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਉਹਨਾਂ ਦੇ ਫੋਨ ’ਤੇ ਵੱਖ-ਵੱਖ ਨੰਬਰਾਂ ਤੋਂ ਐਸਐਮਐਸ ਆ ਰਹੇ ਹਨ, ਜਿਹਨਾਂ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਡਾ ਪਾਰਸਲ ਡਿਲੀਵਰ ਕਰਨਾ ਹੈ। ਪਰ ਤੁਹਾਡਾ ਐਡਰੈਸ ਪੂਰੀ ਤਰ੍ਹਾਂ ਅਪਡੇਟ ਨਹੀਂ ਹੈ। ਇਸ ਲਈ ਹੇਠ ਲਿਖੇ ਲਿੰਕ ’ਤੇ ਕਲਿੱਕ ਕਰਕੇ ਆਪਣਾ ਐਡਰੈਸ ਅਪਡੇਟ ਕਰੋ ਤਾਂ ਜੋ ਤੁਹਾਡਾ ਪਾਰਸਲ ਤੁਹਾਨੂੰ ਪਹੁੰਚਾਇਆ ਜਾ ਸਕੇ। 

ਉਹਨਾਂ ਦੱਸਿਆ ਕਿ ਜਦੋਂ ਅਜਿਹੇ ਮੈਸੇਜ ਨੂੰ ਸ਼ੱਕੀ ਸਮਝ ਕੇ ਉਹ ਓਪਨ ਨਹੀਂ ਕਰਦੇ ਤਾਂ ਕੁਝ ਦੇਰ ਬਾਅਦ ਕਿਸੇ ਹੋਰ ਨੰਬਰ ਤੋਂ ਅਜਿਹਾ ਹੀ ਮੈਸੇਜ ਆ ਜਾਂਦਾ ਹੈ ਅਤੇ ਜਿਹੜੇ ਲੋਕ ਗਲਤੀ ਨਾਲ ਝਾਂਸੇ ਵਿਚ ਆ ਕੇ ਅਜਿਹੇ ਮੈਸੇਜ ਨੂੰ ਓਪਨ ਕਰ ਲੈਂਦੇ ਹਨ, ਉਹਨਾਂ ਦੇ ਫੋਨ ਵਿੱਚੋਂ ਪੈਸੇ ਉੱਡ ਜਾਂਦੇ ਹਨ। ਇੱਥੇ ਹੀ ਬੱਸ ਨਹੀਂ ਕਈ ਵਾਰ ਜੇਕਰ ਕੁਝ ਲੋਕਾਂ ਨੇ ਆਪਣਾ ਕੋਈ ਪਾਰਸਲ ਖੁਦ ਟਰੈਕ ਕਰਨਾ ਹੁੰਦਾ ਹੈ ਤਾਂ ਕਈ ਵਾਰ ਕੋਰੀਅਰ ਕੰਪਨੀਆਂ ਜਾਂ ਡਾਕ ਵਿਭਾਗ ਦੇ ਨਾਲ ਰਲਦੇ ਮਿਲਦੇ ਨਾਮ ਵਾਲੀ ਸਾਈਟ ’ਤੇ ਗਲਤੀ ਨਾਲ ਕਲਿੱਕ ਕੀਤੇ ਜਾਣ ’ਤੇ ਵੀ ਉਨਾਂ ਦਾ ਫੋਨ ਜਾਂ ਆਈਡੀ ਹੈਕ ਹੋ ਜਾਂਦੀ ਹੈ ਜਿਸ ਨਾਲ ਤੁਰੰਤ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਉੱਡਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇੱਥੇ ਹੀ ਬੱਸ ਨਹੀਂ ਹੁਣ ਚੋਰਾਂ ਨੇ ਡਾਕਟਰਾਂ ਨੂੰ ਵੀ ਠੱਗੀ ਦਾ ਨਿਸ਼ਾਨਾ ਬਣਾਉਣ ਲਈ ਇੱਕ ਨਵਾਂ ਰਾਹ ਲੱਭਿਆ ਹੈ। ਗੁਰਦਾਸਪੁਰ ਸ਼ਹਿਰ ਦੇ ਇੱਕ ਡਾਕਟਰ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਨੰਬਰ ਤੋਂ ਮੈਸੇਜ ਆਇਆ ਕਿ ਉਹ ਸੈਨਾ ਦਾ ਜਵਾਨ ਹੈ ਅਤੇ ਉਸ ਨੇ ਆਪਣੇ ਕਿਸੇ ਰਿਸ਼ਤੇਦਾਰ ਦਾ ਇਲਾਜ ਕਰਵਾਉਣਾ ਹੈ। ਉਕਤ ਵਿਅਕਤੀ ਨੇ ਪਹਿਲਾਂ ਕੋਈ ਰਿਪੋਰਟ ਸ਼ੇਅਰ ਕੀਤੀ ਅਤੇ ਡਾਕਟਰ ਨੂੰ ਕਿਹਾ ਕਿ ਰਿਪੋਰਟ ਚੈਕ ਕਰਕੇ ਇਲਾਜ ’ਤੇ ਆਉਣ ਵਾਲਾ ਖਰਚਾ ਦੱਸਿਆ ਜਾਵੇ। ਕਿਉਂਕਿ ਫੌਜ ਦੀ ਡਿਊਟੀ ’ਤੇ ਹੋਣ ਕਰਕੇ ਉਹ ਖੁਦ ਨਹੀ ਆ ਸਕਦਾ। 

ਜਦੋਂ ਡਾਕਟਰ ਨੇ ਸਾਰੀ ਰਿਪੋਰਟ ਚੈੱਕ ਕੀਤੀ ਤਾਂ ਵਿਅਕਤੀ ਨੇ ਕਿਹਾ ਕਿ ਇਸ ’ਤੇ ਕਿੰਨਾ ਖਰਚ ਆਵੇਗਾ। ਡਾਕਟਰ ਵੱਲੋਂ ਦੱਸੇ ਗਏ ਖਰਚੇ ਅਨੁਸਾਰ ਵਿਅਕਤੀ ਨੇ ਕਿਹਾ ਕਿ ਉਹ ਇਹ ਪੈਸੇ ਆਨਲਾਈਨ ਟਰਾਂਸਫਰ ਕਰ ਦੇਵੇਗਾ। ਉਸ ਨੇ ਉਕਤ ਡਾਕਟਰ ਨੂੰ ਆਪਣਾ ਗੂਗਲ ਪੇਅ ਨੰਬਰ ਦੇ ਕੇ ਕਿਹਾ ਕਿ ਉਹ ਇਕ ਰੁਪਿਆ ਟਰਾਂਸਫਰ ਕਰ ਦੇਣ ਤਾਂ ਜੋ ਖਾਤੇ ਦੀ ਪੁਸ਼ਟੀ ਹੋਣ ਦੇ ਬਾਅਦ ਉਹ ਡਾਕਟਰ ਨੂੰ ਆਪਣੇ ਵਾਲੀ ਸਾਈਡ ਤੋਂ ਬਣਦੀ ਰਾਸ਼ੀ ਭੇਜ ਸਕੇ। ਜਦੋਂ ਡਾਕਟਰ ਨੇ ਇੱਕ ਰੁਪਿਆ ਭੇਜਿਆ ਤਾਂ ਕੁਝ ਹੀ ਮਿੰਟਾਂ ਬਾਅਦ ਡਾਕਟਰ ਦੇ ਖਾਤੇ ਵਿੱਚ ਪਏ ਇਕ ਲੱਖ ਰੁਪਏ ਤੋਂ ਜ਼ਿਆਦਾ ਰਾਸ਼ੀ ਉਕਤ ਠੱਗ ਨੇ ਆਪਣੇ ਖਾਤੇ ਵਿੱਚ ਟ੍ਰਾਂਸਫਰ ਕਰ ਲਈ ਜਿਸ ਬਾਰੇ ਉਕਤ ਡਾਕਟਰ ਨੇ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਹੈ। ਅਜਿਹੇ ਹੋਰ ਵੀ ਅਨੇਕਾਂ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਬਾਰੇ ਲੋਕ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਅਜਿਹੇ ਨੌਸਰਬਾਜਾਂ ਵੱਲੋਂ ਰੋਜ਼ਾਨਾ ਹੀ ਆਨਲਾਈਨ ਠੱਗੀ ਮਾਰਨ ਦੇ ਨਵੇਂ ਨਵੇਂ ਢੰਗ ਤਰੀਕੇ ਲੱਭੇ ਜਾ ਰਹੇ ਹਨ ਜਿਸ ਕਾਰਨ ਆਮ ਲੋਕ ਉਹਨਾਂ ਦੇ ਝਾਂਸੇ ਵਿੱਚ ਆ ਕੇ ਠੱਗੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਪਹਿਲਾਂ ਅਜਿਹੇ ਨੌਸਰਬਾਜ ਕਿਸੇ ਢੰਗ ਤਰੀਕੇ ਨਾਲ ਓਟੀਪੀ ਲੈ ਕੇ ਤੇ ਬੈਂਕ ਖਾਤਿਆਂ ਵਿੱਚੋਂ ਪੈਸੇ ਉਡਾ ਲੈਂਦੇ ਸਨ। ਪਰ ਹੁਣ ਜਦੋਂ ਲੋਕ ਇਸ ਗੱਲ ਨੂੰ ਲੈ ਕੇ ਸਤਰਕ ਹੋ ਗਏ ਹਨ ਕਿ ਕਿਸੇ ਵੀ ਵਿਅਕਤੀ ਨੂੰ ਆਪਣਾ ਓਟੀਪੀ ਨਹੀਂ ਦੇਣਾ ਤਾਂ ਨੌਸਰਬਾਜਾਂ ਨੇ ਫੋਨ ਹੈਕ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ।

ਕੀ ਕਹਿਣਾ ਹੈ ਐਸਐਸਪੀ ਦਾ?
ਇਸ ਸਬੰਧ ਵਿੱਚ ਐਸਐਸਪੀ ਹਰੀਸ਼ ਦਯਾਮਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਪਹਿਲਾਂ ਵੀ ਕਈ ਠੱਗਾਂ ਨੂੰ ਲੱਭ ਕੇ ਕਾਨੂੰਨ ਦੇ ਸ਼ਿਕੰਜੇ ਵਿੱਚ ਲਿਆ ਚੁੱਕੀ ਹੈ। ਹੁਣ ਵੀ ਪੁਲਿਸ ਵੱਲੋਂ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਇੱਕ ਵੱਖਰਾ ਥਾਣਾ ਵੀ ਬਣਾਇਆ ਗਿਆ ਹੈ ਅਤੇ ਨਿਤ ਕਈ ਸ਼ਿਕਾਇਤਾਂ ਇਸ ਥਾਣੇ ਵਿੱਚ ਆ ਰਹੀਆਂ ਹਨ। ਉਹਨਾਂ ਲੋਕਾਂ ਨੂੰ ਕਿਹਾ ਕਿ ਪੁਲਿਸ ਵੱਲੋਂ ਵੀ ਪੂਰੀ ਸੰਜੀਦਗੀ ਤੇ ਨਾਲ ਅਜਿਹੇ ਨੌਸਰਬਾਜਾਂ ਨੂੰ ਕਾਬੂ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਉਹਨਾਂ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵੀ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਕਿਸੇ ਨੂੰ ਵੀ ਆਪਣਾ ਫੋਨ ਜਾਂ ਪਾਸਵਰਡ ਨਾ ਦੇਣ। ਜੇਕਰ ਉਹਨਾਂ ਨੂੰ ਕੋਈ ਅਣਅਧਿਕਾਰਤ ਮੈਸੇਜ ਜਾਂ ਫੋਨ ਆਉਂਦਾ ਹੈ ਤਾਂ ਕਿਸੇ ਨਾਲ ਗੱਲ ਕਰਨ ਦੀ ਬਜਾਏ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਕੁਝ ਠੀਕ ਕਰ ਲੈਣ। ਆਨਲਾਈਨ ਸਾਈਟ ’ਤੇ ਕਲਿਕ ਕਰਨ ਤੋਂ ਪਹਿਲਾਂ ਇਸ ਗੱਲ ਦੀ ਪੁਸ਼ਟੀ ਜਰੂਰ ਕਰ ਲਈ ਜਾਵੇ ਕਿ ਉਹ ਸਹੀ ਲਿੰਕ ’ਤੇ ਹੀ ਕਲਿੱਕ ਕਰ ਰਹੇ ਹਨ ਤਾਂ ਜੋ ਅਜਿਹੀਆਂ ਠੱਗੀਆਂ ਹੋਣ ਦੀ ਸੰਭਾਵਨਾ ਘੱਟ ਹੋ ਸਕੇ। ਉਹਨਾਂ ਕਿਹਾ ਕਿ ਜੇਕਰ ਕਿਸੇ ਨਾਲ ਅਜਿਹਾ ਕੁਝ ਵਾਪਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਜਰੂਰ ਕੀਤੀ ਜਾਵੇ।


Inder Prajapati

Content Editor

Related News