ਟਰੈਕਟਰ ਟਰਾਲੀ ਚਾਲਕ ਨੂੰ ਪਿਆ ਅਚਾਨਕ ਮਿਰਗੀ ਦਾ ਦੌਰਾ, ਵਾਲ-ਵਾਲ ਟੱਲਿਆ ਵੱਡਾ ਹਾਦਸਾ
Tuesday, Dec 17, 2024 - 05:35 PM (IST)
ਦੀਨਾਨਗਰ (ਗੋਰਾਇਆ)- ਅੱਜ ਦੀਨਾਨਗਰ ਵਿਖੇ ਸਵੇਰੇ ਟਰੈਕਟਰ ਟਰਾਲੀ ਚਾਲਕ ਨੂੰ ਅਚਾਨਕ ਮਿਰਗੀ ਦਾ ਦੌਰਾ ਪੈਣ ਕਾਰਨ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਅਤੇ ਟਰੈਕਟਰ ਜਾ ਕੇ ਸਿੱਧਾ ਪੁਲਸ ਸਟੇਸ਼ਨ ਦੀ ਕੰਧ ਨਾਲ ਵੱਜਾ ਪਰ ਉਸ ਸਮੇਂ ਵੱਡਾ ਸੜਕੀ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਅਨੁਸਾਰ ਸਵੇਰੇ ਬਹਿਰਾਮਪੁਰ ਵਾਲੀ ਸਾਈਡ ਇੱਕ ਟਰੈਕਟਰ ਟਰਾਲੀ ਚਾਲਕ ਨੂੰ ਅਚਾਨਕ ਮਿਰਗੀ ਦਾ ਦੌਰਾ ਪੈ ਗਿਆ, ਜਿਸ ਕਾਰਨ ਟਰੈਕਟਰ ਚਾਲਕ ਟਰੈਕਟਰ ਤੋਂ ਹੇਠਾ ਡਿੱਗ ਗਿਆ ਅਤੇ ਟਰੈਕਟਰ ਟਰਾਲੀ ਇਕੱਲੀ ਹੀ ਕੁਝ ਦੂਰੀ ਤੱਕ ਸੜਕ ਤੇ ਚੱਲਦੀ ਰਹੀ।
ਅਖੀਰ ਥਾਣੇ ਦੀ ਕੰਧ ਨਾਲ ਵੱਜਣ ਕਾਰਨ ਰੁਕ ਗਿਆ, ਮੌਕੇ 'ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਟਰੈਕਟਰ ਟਰਾਲੀ ਚਾਲਕ ਨੂੰ ਮਿਰਗੀ ਦਾ ਦੌਰਾ ਪਿਆ ਤਾਂ ਟਰੈਕਟਰ ਚਾਲਕ ਸੜਕ ਦੇ ਵਿਚਕਾਰ ਡਿੱਗ ਗਿਆ ਅਤੇ ਇਸ ਦੀ ਲੱਤ ਦੇ ਉੱਪਰੋ ਦੀ ਟਰਾਲੀ ਦਾ ਟਾਇਰ ਲੰਘਣ ਕਾਰਨ ਟਰੈਕਟਰ ਚਾਲਕ ਜ਼ਖ਼ਮੀ ਹੋ ਗਿਆ ਅਤੇ ਟਰੈਕਟਰ ਇਕੱਲਾ ਹੀ ਸੜਕ 'ਤੇ ਚੱਲਦਾ ਰਿਹਾ। ਇਸ ਦੌਰਾਨ ਅੱਗੇ ਕੁਝ ਹੀ ਦੂਰੀ ਤੇ ਸਕੂਲ ਦੇ ਬੱਚੇ ਖੜੇ ਸਨ ਪਰ ਅਚਾਨਕ ਟਰੈਕਟਰ ਕੰਧ ਵਿੱਚ ਵੱਜਣ ਕਾਰਨ ਰੋਕ ਗਿਆ ਜੇਕਰ ਟਰੈਕਟਰ ਕੰਧ ਵਿੱਚ ਨਾ ਵੱਜਦਾ ਤਾਂ ਕਾਫੀ ਵੱਡਾ ਹਾਦਸਾ ਵਾਪਰ ਜਾਣਾ ਸੀ ਪਰ ਕੁਦਰਤ ਦੀ ਕਿਰਪਾ ਨਾਲ ਇਹ ਵੱਡਾ ਹਾਦਸਾ ਵਾਲ ਵਾਲ ਟੱਲਿਆ। ਉਧਰ ਇਸ ਸਬੰਧੀ ਪੁਲਸ ਨੂੰ ਸੂਚਨਾ ਮਿਲਦਿਆਂ ਹੀ ਪੁਲਸ ਵੱਲੋਂ ਟਰੈਕਟਰ ਟਰਾਲੀ ਚਾਲਕ ਨੂੰ ਹਸਪਤਾਲ ਵਿਖੇ ਇਲਾਜ ਪਹੁੰਚਾਇਆ ਗਿਆ।
ਇਸ ਸੰਬੰਧੀ ਇਲਾਕਾ ਵਾਸੀਆਂ ਨੇ ਦੱਸਿਆ ਕਿ ਪੁਲਸ ਪ੍ਰਸ਼ਾਸਨ ਦੀ ਨਲਾਇਕੀ ਕਾਰਨ ਸੜਕਾਂ 'ਤੇ ਆਮ ਟਰੈਕਟਰ ਟਰਾਲੀਆਂ ਦੌੜ ਦੀਆਂ ਨਜ਼ਰ ਆਉਂਦੀਆ ਹਨ ਜਿਨਾਂ ਵਿੱਚ ਜ਼ਿਆਦਾਤਰ ਭੱਠਿਆਂ ਦੀਆ ਇੱਟਾਂ ਨਾਲ ਭਰੇ ਹੁੰਦੇ ਹਨ ਅਤੇ ਇਹਨਾਂ ਨੂੰ ਜ਼ਿਆਦਾਤਰ ਚਲਾਉਣ ਵਾਲੇ ਵੀ ਪ੍ਰਵਾਸੀ ਮਜ਼ਦੂਰ ਹੁੰਦੇ ਹਨ। ਜਿਨ੍ਹਾਂ ਨੂੰ ਟਰੈਕਟਰ ਚਲਾਉਣ ਸਬੰਧੀ ਕੋਈ ਵਧੇਰੇ ਜਾਣਕਾਰੀ ਨਹੀਂ ਹੁੰਦੀ ਪਰ ਫਿਰ ਵੀ ਇਹ ਸੜਕਾਂ ਤੇ ਟਰੈਕਟਰ ਟਰਾਲੀਆਂ ਭਿਜਾਈ ਫਿਰਦੇ ਹਨ ਜਿਸ ਕਾਰਨ ਸੜਕੀ ਹਾਦਸੇ ਹੋਣ ਦਾ ਡਰ ਬਣਿਆ ਰਹਿੰਦਾ ਹੈ ਪਰ ਪੁਲਸ ਪ੍ਰਸ਼ਾਸ਼ਨ ਵੱਲੋਂ ਸਿਰਫ਼ ਦੋ ਪਹੀਆ ਵਾਹਨਾ ਦੇ ਹੀ ਚਲਾਨ ਕੱਟਕੇ ਵਾਹ-ਵਾਹ ਖੱਟੀ ਜਾ ਰਹੀ ਹੈ ਪਰ ਪੁਲਸ ਇਨ੍ਹਾਂ ਟਰੈਕਟਰ ਟਰਾਲੀਆਂ ਵਾਲਿਆਂ ਵਿਰੁੱਧ ਸਖ਼ਤੀ ਨਾਲ ਸ਼ਿਕੰਜਾ ਕੱਸਣ ਵਿੱਚ ਵਧੇਰੇ ਦਿਲਚਪਸੀ ਨਾ ਵਿਖਾਉਣ ਕਾਰਨ ਵੱਡਾ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਨ੍ਹਾਂ ਬੇਲੋੜੇ ਟਰੈਕਟਰ ਟਰਾਲੀਆਂ ਚਾਲਕਾਂ ਖ਼ਿਲਾਫ਼ ਸ਼ਿਕੰਜਾ ਕੱਸਣਾ ਚਾਹੀਦਾ ਹੈ।