ਜਵਾਈ ਤੇ ਸਹੁਰੇ ਪਰਿਵਾਰ 'ਚ ਖੂਨੀ ਝੜਪ (ਵੀਡੀਓ)

12/04/2018 11:42:07 AM

ਬਠਿੰਡਾ (ਜ.ਬ.)— ਜ਼ਿਲਾ ਕਚਹਿਰੀ ਦੇ ਬਾਹਰ ਜਵਾਈ ਅਤੇ ਸਹੁਰੇ ਪਰਿਵਾਰ 'ਚ ਸਮਾਂ ਤੇ ਜਗ੍ਹਾ ਮਿੱਥ ਕੇ ਹੋਈ ਲੜਾਈ ਦੌਰਾਨ ਸੱਸ-ਸਹੁਰੇ ਨੂੰ ਗੰਭੀਰ ਸੱਟਾਂ ਲੱਗੀਆਂ। ਜਿਸਦੇ ਕਾਰਨ ਜਵਾਈ ਤੇ ਉਸਦੇ ਭਰਾ ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਵਿਰੁੱਧ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਅਰੁਣ ਕੁਮਾਰ ਵਾਸੀ ਧੋਬੀਆਣਾ ਬਠਿੰਡਾ ਦਾ ਆਪਣੀ ਪਤਨੀ ਰਿੰਪੀ ਨਾਲ ਤਲਾਕ ਦਾ ਮੁਕੱਦਮਾ ਕਚਹਿਰੀ ਵਿਚ ਚੱਲ ਰਿਹਾ ਹੈ। ਇਸ ਤੋਂ ਪਹਿਲਾਂ ਦੋਵੇਂ ਪਰਿਵਾਰਾਂ 'ਚ ਲੜਾਈ-ਝਗੜੇ, ਕੁੜੱਤਣ ਹੋਣਾ ਸੁਭਾਵਿਕ ਹੈ। ਬੀਤੇ ਦਿਨ ਅਰੁਣ ਕੁਮਾਰ ਦੀ ਆਪਣੇ ਸਹੁਰੇ ਪਰਿਵਾਰ ਨਾਲ ਫੋਨ ਰਾਹੀਂ ਗੱਲਬਾਤ ਹੋਈ ਤਾਂ ਗਰਮਾ-ਗਰਮੀ ਹੋਈ। ਇਸ ਦੌਰਾਨ ਦੋਵੇਂ ਧਿਰਾਂ ਨੇ ਇਕ-ਦੂਜੇ ਨੂੰ ਦੇਖ ਲੈਣ ਖਾਤਰ ਸੋਮਵਾਰ ਨੂੰ ਸਮਾਂ ਅਤੇ ਜਗ੍ਹਾ ਕਚਹਿਰੀ ਚੌਕ, ਬਠਿੰਡਾ ਨਿਸ਼ਚਿਤ ਕਰ ਲਈ।

ਮਿਥੇ ਸਮੇਂ 'ਤੇ ਦੋਵੇਂ ਧਿਰਾਂ ਕਚਹਿਰੀ ਚੌਕ 'ਚ ਪਹੁੰਚ ਗਈਆਂ। ਮੌਕੇ 'ਤੇ ਅਰੁਣ ਕੁਮਾਰ, ਉਸਦਾ ਭਰਾ ਸੁਖਦੇਵ ਕੁਮਾਰ ਤੇ ਕੁਝ ਹੋਰ ਵਿਅਕਤੀ ਪਹੁੰਚ ਗਏ। ਜਦੋਂ ਕਿ ਦੂਜੇ ਪਾਸੇ ਤੋਂ ਅਰੁਣ ਕੁਮਾਰ ਦਾ ਸਹੁਰਾ ਪੱਪਾ ਸਿੰਘ, ਸੱਸ ਰਾਣੀ ਕੌਰ, ਸਾਲਾ ਆਦਿ ਵਿਅਕਤੀ ਪਹੁੰਚੇ। ਇਨ੍ਹਾਂ ਦੇ ਆਉਂਦਿਆਂ ਹੀ ਅਰੁਣ ਕੁਮਾਰ ਤੇ ਸੁਖਦੇਵ ਕੁਮਾਰ ਹਮਲਾਵਰ ਹੋ ਗਏ, ਜਿਨ੍ਹਾਂ ਕੋਲ ਕ੍ਰਿਪਾਨ ਤੇ ਡਾਂਗ ਸੀ। ਲੜਾਈ ਦੌਰਾਨ ਉਕਤ ਦੇ ਸੱਸ-ਸਹੁਰਾ ਬੁਰੀ ਤਰ੍ਹਾਂ ਜ਼ਖਮੀ ਹੋ ਗਏ, ਜਦਕਿ ਸਾਲੇ ਤੇ ਇਕ ਹੋਰ ਵਿਅਕਤੀ ਨੂੰ ਵੀ ਸੱਟਾਂ ਲੱਗੀਆਂ ਹਨ।

ਜਦੋਂ ਇਥੇ ਲੜਾਈ ਹੋ ਰਹੀ ਸੀ ਤਾਂ ਦਰਸ਼ਕਾਂ ਨੇ ਵਿਚਕਾਰ ਆਉਣ ਦੀ ਹਿੰਮਤ ਨਹੀਂ ਕੀਤੀ, ਪਰ ਸਿਵਲ ਵਰਦੀ 'ਚ ਲੰਘ ਰਹੇ ਇਕ ਪੁਲਸ ਮੁਲਾਜ਼ਮ ਨੇ ਦਲੇਰੀ ਦਿਖਾਉਂਦਿਆਂ ਕ੍ਰਿਪਾਨ ਵਾਲੇ ਨੂੰ ਘੇਰ ਲਿਆ। ਅੰਤ ਉਸ ਤੋਂ ਕ੍ਰਿਪਾਨ ਖੋਹ ਲਈ, ਜਿਸ ਨਾਲ ਪੱਪਾ ਸਿੰਘ ਤੇ ਰਾਣੀ ਕੌਰ ਦੀ ਜਾਨ ਬਚ ਸਕੀ। ਇਸੇ ਦੌਰਾਨ ਸਾਹਮਣੇ ਬਣੀ ਕਚਹਿਰੀ 'ਚ ਬਣੀ ਪੁਲਸ ਚੌਕੀ ਦੇ ਮੁਲਾਜ਼ਮਾਂ ਨੂੰ ਵੀ ਖ਼ਬਰ ਮਿਲ ਗਈ, ਜ਼ਿਨਾਂ ਨੇ ਮੌਕੇ 'ਤੇ ਪਹੁੰਚ ਕੇ ਅਰੁਣ ਕੁਮਾਰ ਤੇ ਸੁਖਦੇਵ ਕੁਮਾਰ ਨੂੰ ਦਬੋਚ ਲਿਆ।
ਦੂਜੇ ਪਾਸੇ ਜ਼ਖਮੀ ਹੋਏ ਪੱਪਾ ਸਿੰਘ, ਰਾਣੀ ਕੌਰ ਤੇ ਹੋਰਨਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿਥੇ ਉਨ੍ਹਾਂ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ। ਮਾਮਲੇ ਦੀ ਪੁਸ਼ਟੀ ਕਰਦਿਆਂ ਥਾਣਾ ਸਿਵਲ ਲਾਇਨ ਦੇ ਮੁਖੀ ਰਛਪਾਲ ਸਿੰਘ ਨੇ ਦੱਸਿਆ ਕਿ ਦੋਵੇਂ ਭਰਾਵਾਂ ਵਿਰੁੱਧ ਇਰਾਦਾ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਧਿਰਾਂ ਸਮਾਂ ਅਤੇ ਮਿਤੀ ਮਿੱਥ ਕੇ ਲੜਣ ਲਈ ਹੀ ਇਥੇ ਆਏ ਸਨ। ਉਹ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰ ਰਹੇ ਹਨ।


cherry

Content Editor

Related News