ਸ਼ੂਟਰ ਫਿਲਮ ਨੂੰ ਬੈਨ ਕਰਨ 'ਤੇ ਕਾਂਗੜ ਖੁਸ਼ ਪਰ ਸਿੱਧੂ ਮੂਸੇਵਾਲਾ ਦੇ ਹੱਕ 'ਚ

2/10/2020 3:56:36 PM

ਬਠਿੰਡਾ (ਕੁਨਾਲ) : ਵਿਵਾਦਾਂ ਵਿਚ ਘਿਰੇ ਗਾਇਕ ਸਿੱਧੂ ਮੂਸੇਵਾਲਾ ਦੇ ਹੱਕ ਵਿਚ ਆਏ ਪੰਜਾਬ ਦੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸਿੱਧੂ ਮੂਸੇਵਾਲਾ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਹਮੇਸ਼ਾ ਕਹਿੰਦਾ ਹੈ ਕਿ ਉਸ ਦੇ ਕਿਸੇ ਵੀ ਗਾਣੇ ਵਿਚ ਲੱਚਰਤਾ ਨਹੀਂ ਹੈ। ਉਹ ਸਮਾਜ ਨਾਲ ਜੁੜੀਆਂ ਗੱਲਾਂ ਨੂੰ ਹੀ ਆਪਣੇ ਗਾਣੇ ਵਿਚ ਗਾਉਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਕੋਈ ਗਾਇਕ ਗਲਤ ਗਾਣੇ ਗਾਉਂਦਾ ਹੈ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਗਾੜਦਾ ਹੈ ਤਾਂ ਅਜਿਹੇ ਗਾਇਕਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਗੁਰਪ੍ਰੀਤ ਕਾਂਗੜ ਨੇ ਪੰਜਾਬ ਸਰਕਾਰ ਵੱਲੋਂ 'ਸ਼ੂਟਰ' ਫਿਲਮ 'ਤੇ ਬੈਨ ਲਗਾਉਣ 'ਤੇ ਕਿਹਾ ਕਿ ਇਹ ਸਭ ਮੁੱਖ ਮੰਤਰੀ ਸਾਬ੍ਹ ਨੇ ਸੋਚ-ਸਮਝ ਕੇ ਹੀ ਕੀਤਾ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹੀਆਂ ਫਿਲਮਾਂ ਬਣਨੀਆਂ ਹੀ ਨਹੀਂ ਚਾਹੀਦੀਆਂ, ਜੋ ਨੌਜਵਾਨ ਪੀੜ੍ਹੀ 'ਤੇ ਗਲਤ ਅਸਰ ਪਾਉਂਦੀਆਂ ਹੋਣ।

ਦੱਸ ਦਈਏ ਕਿ ਬੀਤੇ ਦਿਨੀਂ ਸੰਗਰੂਰ ਦੇ ਦਿੜ੍ਹਬਾ 'ਚ ਪ੍ਰੋਗਰਾਮ ਇਕ ਦੌਰਾਨ ਸਿੱਧੂ ਮੂਸੇਵਾਲਾ ਨੇ ਮੁੜ ਤੋਂ ਵਿਵਾਦਿਤ ਬੋਲ ਬੋਲੇ ਹਨ। ਪ੍ਰੋਗਰਾਮ ਵਿਚ ਮੂਸੇਵਾਲੇ ਨੇ ਕਿਹਾ, 'ਦੱਸੋ ਕੀਹਦਾ-ਕੀਹਦਾ ਕੰਡਾ ਕੱਢਣਾ, ਗੱਭਰੂ ਜ਼ਮਾਨਤ 'ਤੇ ਆਇਆ ਹੋਇਆ ਹੈ।'  ਕੇਸ ਦਰਜ ਹੋਣ ਤੋਂ ਬਾਅਦ ਫਿਲਹਾਲ ਸਿੱਧੂ ਮੂਸੇਵਾਲਾ ਜ਼ਮਾਨਤ 'ਤੇ ਬਾਹਰ ਹੈ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਖਿਲਾਫ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਉਣ 'ਤੇ ਮਾਨਸਾ ਵਿਚ ਮਾਮਲਾ ਦਰਜ ਹੋਇਆ ਸੀ ਅਤੇ ਇਸੇ ਮਾਮਲੇ ਵਿਚ ਅਦਾਲਤ ਦੇ ਹੁਕਮਾਂ 'ਤੇ ਮੂਸੇਵਾਲਾ ਨੂੰ ਅਗਾਊਂ ਜ਼ਮਾਨਤ ਵੀ ਮਿਲੀ ਹੋਈ ਹੈ। ਇਹ ਕੋਈ ਪਹਿਲਾ ਮੌਕਾ ਨਹੀਂ, ਜਦੋਂ ਮੂਸੇਵਾਲਾ ਵਿਵਾਦਾਂ ਵਿਚ ਆਏ ਹਨ।


cherry

Edited By cherry