ਦੇਸ਼ 'ਚ 11 ਕਰੋੜ ਮੈਂਬਰਾਂ ਵਾਲੀ ਭਾਜਪਾ ਸਭ ਤੋਂ ਵੱਡੀ ਪਾਰਟੀ ਬਣੀ : ਸ਼ਵੇਤ ਮਲਿਕ (ਵੀਡੀਓ)

Monday, Aug 12, 2019 - 12:02 PM (IST)

ਬਠਿੰਡਾ (ਵਰਮਾ,ਅਮਿਤ ਸ਼ਰਮਾ) : ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਬਠਿੰਡਾ ਤੇ ਮਾਨਸਾ 'ਚ ਭਾਜਪਾ ਕਾਰਜਕਾਰੀਆਂ ਦੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਭਰ 'ਚ ਭਾਜਪਾ 11 ਕਰੋੜ ਮੈਂਬਰਾਂ ਵਾਲੀ ਸਭ ਤੋਂ ਵੱਡੀ ਪਾਰਟੀ ਬਣੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਸਾਰੇ ਲੋਕ ਭਾਜਪਾ ਦਾ ਹੀ ਗੁਣਗਾਨ ਕਰ ਰਹੇ ਹਨ। ਹੁਣ ਤਾਂ ਵਿਸ਼ਵ ਦੇ ਹਰਮਨ ਪਿਆਰੇ ਆਗੂਆਂ 'ਚ ਵੀ ਉਹ ਸ਼ਾਮਲ ਹੋ ਚੁੱਕੇ ਹਨ। ਵਿਸ਼ਵ ਦੇ ਕਈ ਚੋਣਵੇਂ ਦੇਸ਼ ਭਾਜਪਾ ਦੀ ਜਨਹਿੱਤ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਦੇਸ਼ 'ਚ ਇਨ੍ਹਾਂ ਨੀਤੀਆਂ ਨੂੰ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਮਰਥਨ ਮੰਗ ਰਹੇ ਹਨ।

ਸ਼ਵੇਤ ਮਲਿਕ ਨੇ ਕਿਹਾ ਕਿ 6 ਜੁਲਾਈ ਪੰਜਾਬ ਵਿਚ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਦਾ ਟੀਚਾ 2 ਲੱਖ ਨਵੇਂ ਮੈਂਬਰਾਂ ਨੂੰ ਜੋੜਨ ਦਾ ਸੀ ਪਰ ਹੁਣ ਤੱਕ 4 ਲੱਖ ਨਵੇਂ ਮੈਂਬਰ ਪਾਰਟੀ ਨਾਲ ਜੁੜ ਚੁੱਕੇ ਹਨ ਅਤੇ ਇਹ ਸਿਲਸਿਲਾ ਅੱਗੇ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2022 'ਚ ਪੰਜਾਬ ਭਾਜਪਾ ਸਭ ਤੋਂ ਵੱਡੀ ਪਾਰਟੀ ਬਣ ਕੇ ਸਾਹਮਣੇ ਆਵੇਗੀ, ਜਿਸ ਦਾ ਅਨੁਮਾਨ ਮੈਂਬਰਸ਼ਿਪ ਮੁਹਿੰਮ ਤੋਂ ਲਾਇਆ ਜਾ ਸਕਦਾ ਹੈ। ਪੰਜਾਬ ਦੇ ਲੋਕਾਂ ਦਾ ਝੁਕਾਅ ਭਾਜਪਾ ਵੱਲ ਹੈ ਅਤੇ ਪਾਰਟੀ ਅਜਿਹਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਵੇਗੀ।

ਇਸ ਮੌਕੇ ਮੋਦੀ ਸਰਕਾਰ ਦਾ ਗੁਣਗਾਨ ਕਰਦਿਆਂ ਸ਼ੇਵਤ ਮਲਿਕ ਨੇ ਕਸ਼ਮੀਰ ਅੰਦਰ 370 ਅਤੇ ਧਾਰਾ 35 ਏ ਦੇ ਹਟਾਉਣ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਿਰ ਬੰਨ੍ਹਦਿਆਂ ਕਿਹਾ ਕਿ ਇਸ ਜੋੜੀ ਨੇ ਕਾਂਗਰਸ ਨੂੰ ਵਿਖਾ ਦਿੱਤਾ ਕਿ ਕਿਸ ਤਰ੍ਹਾਂ ਦੇਸ਼ ਅੰਦਰ 'ਇਕ ਸੰਵਿਧਾਨ ਇਕ ਵਿਧਾਨ' ਲਾਗੂ ਕਰਨਾ ਹੈ। ਉਥੇ ਹੀ ਕਾਂਗਰਸ 'ਤੇ ਵਰ੍ਹਦਿਆਂ ਮਲਿਕ ਨੇ ਕਿਹਾ ਕਿ ਜਿੱਥੇ ਗੁਆਂਢੀ ਮੁਲਕ ਪਾਕਿਸਤਾਨ ਇਸ ਫੈਸਲੇ ਤੋਂ ਬੌਖਲਾਇਆ ਹੋਇਆ ਉਥੇ ਹੀ ਕਾਂਗਰਸ ਵੀ ਪਾਕਿ ਦੀ ਬੋਲੀ ਬੋਲ ਰਹੀ ਹੈ, ਜਦੋਂਕਿ ਕਾਂਗਰਸ ਪਾਰਟੀ ਦੇ ਇਨਸਾਫ ਪਸੰਦ ਮੈਂਬਰਾਂ ਵੱਲੋਂ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਪ੍ਰਦੇਸ਼ ਸੰਗਠਨ ਮਹਾਮੰਤਰੀ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਦੇ ਸਹਿ ਮੀਡੀਆ ਪ੍ਰਮੁੱਖ ਸੁਨੀਲ ਸਿੰਗਲਾ, ਜਨਰਲ ਸਕੱਤਰ ਦਿਆਲ ਸਿੰਘ ਸੋਢੀ ਆਦਿ ਮੌਜੂਦ ਸਨ।


author

cherry

Content Editor

Related News