ਸਬਸਿਡੀ ਮੋਹ : ਖਹਿਰਾ ਤੇ ਕਾਂਗੜ ਮੋਟਰਾਂ ਦਾ ਬਿੱਲ ਤਾਰਨ ਤੋਂ ਭੱਜੇ
Saturday, Jun 22, 2019 - 02:19 PM (IST)

ਬਠਿੰਡਾ (ਵੈੱਬ ਡੈਸਕ) : ਬਿਜਲੀ ਸਬਸਿਡੀ ਇਹੋ ਜਿਹੀ ਮਲਾਈ, ਜਿਸ ਨੂੰ ਛੱਡਣ ਦਾ ਕਿਸੇ ਦਾ ਵੀ ਮਨ ਨਹੀਂ ਕਰਦਾ। ਫਿਰ ਉਹ ਭਾਵੇਂ ਕੋਈ ਆਮ ਖਪਤਕਾਰ ਹੋਵੇ ਜਾਂ ਫਿਰ ਕਹਿੰਦੇ -ਕਹਾਉਂਦੇ ਲੀਡਰ.। ਬਹੁਤ ਸਾਰੇ ਲੀਡਰ ਤਾਂ ਅਜਿਹੇ ਹਨ, ਜਿਨ੍ਹਾਂ ਨੇ ਖੇਤੀ ਮੋਟਰਾਂ 'ਤੇ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕਰ ਕੇ ਵਾਹ-ਵਾਹ ਤਾਂ ਖੱਟ ਲਈ ਪਰ ਜਦੋਂ ਮੌਕਾ ਆਇਆ ਤਾਂ ਸਬਸਿਡੀ ਦਾ ਮੋਟਾ ਗੱਫਾ ਵੇਖ ਮਨ ਡੋਲ ਗਿਆ। ਦਰਅਸਲ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਸਬਸਿਡੀ ਛੱਡਣ ਦੇ ਆਪਣੇ ਬੋਲਾਂ 'ਤੇ ਖਰ੍ਹੇ ਨਹੀਂ ਉਤਰੇ। ਦੱਸਣਯਗ ਹੈ ਕਿ ਸਰਕਾਰ ਬਣਨ ਤੋਂ ਬਾਅਦ ਪੰਜਾਬ ਦੇ ਖਜ਼ਾਨੇ ਨੂੰ ਭਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਦੇ-ਪੁੱਜਦੇ ਲੀਡਰਾਂ, ਕਿਸਾਨਾਂ ਤੇ ਕਿਸਾਨ ਆਗੂਆਂ ਨੂੰ ਮੋਟਰਾਂ ਤੋਂ 'ਬਿਜਲੀ ਸਬਸਿਡੀ' ਛੱਡਣ ਦੀ ਅਪੀਲ ਕੀਤੀ ਸੀ, ਜਿਸਤੋਂ ਬਾਅਦ ਸਿਰਫ ਉਂਗਲਾਂ 'ਤੇ ਗਿਣਨ ਜੋਗੇ ਲੋਕਾਂ ਨੇ ਹੀ ਬਿਜਲੀ ਸਬਸਿਡੀ ਦਾ ਮੋਹ ਤਿਆਗਣ ਦਾ ਐਲਾਨ ਕੀਤਾ ਪਰ ਬਾਅਦ 'ਚ ਬਹੁਤਿਆਂ ਨੇ ਗੱਲ ਆਈ-ਗਈ ਕਰ ਦਿੱਤੀ ਤੇ ਮੋਟਰਾਂ ਦੇ ਬਿੱਲ ਤਾਰੇ ਹੀ ਨਹੀਂ। ਆਓ ਇਕ ਨਜ਼ਰ ਮਾਰਦੇ ਹਾਂ ਆਪਣੇ ਵਾਅਦੇ ਤੋਂ ਮੁੱਕਰੇ ਉਨ੍ਹਾਂ ਲੀਡਰਾਂ 'ਤੇ ਜਿਨ੍ਹਾਂ ਨੇ ਸਬਸਿਡੀ ਦੀ ਮਲਾਈ ਵੀ ਖਾ ਲਈ ਤੇ ਮੂੰਹ ਵੀ ਨਹੀਂ ਲਿੱਬੜਣ ਦਿੱਤਾ।
ਬਿਜਲੀ ਮੰਤਰੀ ਤੋਂ ਮਾਲ ਮੰਤਰੀ ਬਣੇ ਗੁਰਪ੍ਰੀਤ ਸਿੰਘ ਕਾਂਗੜ ਨੇ ਸਤੰਬਰ 2018 'ਚ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕੀਤਾ ਸੀ ਪਰ 8 ਮਹੀਨਿਆਂ ਤੋਂ ਉਨ੍ਹਾਂ ਖੇਤੀ ਮੋਟਰਾਂ ਦਾ ਕੋਈ ਬਿੱਲ ਨਹੀਂ ਤਾਰਿਆ। ਕਾਂਗੜ ਨੇ ਦੋ ਮੋਟਰਾਂ 'ਤੇ ਬਿਜਲੀ ਸਬਸਿਡੀ ਛੱਡੀ ਸੀ। ਗੁਰਪ੍ਰੀਤ ਕਾਂਗੜ ਦੇ ਨਾਂ 'ਤੇ ਖਾਤਾ ਨੰਬਰ ਏਪੀ 19/40 ਅਤੇ ਉਨ੍ਹਾਂ ਦੀ ਪਤਨੀ ਸੁਖਪ੍ਰੀਤ ਕੌਰ ਦੇ ਨਾਂ 'ਤੇ ਖਾਤਾ ਨੰਬਰ ਏਪੀ 19/183 ਤਹਿਤ ਖੇਤੀ ਮੋਟਰਾਂ ਹਨ। 7.5-7.5 ਹਾਰਸ ਪਾਵਰ ਦੀਆਂ ਦੋਵੇਂ ਮੋਟਰਾਂ ਦਾ ਛੇ ਮਹੀਨਿਆਂ ਦਾ ਕਰੀਬ 36,264 ਰੁਪਏ ਬਿੱਲ ਬਣਦਾ ਹੈ ਪਰ ਕਾਂਗੜ ਸਾਹਿਬ ਨੇ ਸਹਿਮਤੀ ਦੇ ਅੱਠ ਮਹੀਨੇ ਮਗਰੋਂ ਵੀ ਇਹ ਬਿੱਲ ਨਹੀਂ ਤਾਰਿਆ ਹੈ। ਹਾਲਾਂਕਿ ਮਾਲ ਮੰਤਰੀ ਦਾ ਇਸ ਮਾਮਲੇ 'ਚ ਕਹਿਣੈ ਕਿ ਬਿਜਲੀ ਮਹਿਕਮੇ ਨੇ ਕੋਈ ਬਿੱਲ ਭੇਜਿਆ ਹੀ ਨਹੀਂ ਪਰ ਉਹ ਖੁਦ ਇਕ-ਦੋ ਦਿਨਾਂ 'ਚੇ ਸਾਰਾ ਬਿੱਲ ਪਤਾ ਕਰ ਕੇ ਤਾਰ ਦੇਣਗੇ, ਜਦਕਿ ਸਬੰਧਤ ਐਕਸੀਅਨ ਦਾ ਕਹਿਣਾ ਹੈ ਕਿ ਖੇਤੀ ਮੋਟਰਾਂ ਦਾ ਬਿੱਲ ਭੇਜਿਆ ਨਹੀਂ ਜਾਂਦਾ, ਸਗੋਂ ਖਪਤਕਾਰ ਆਪਣੇ-ਆਪ ਬਿੱਲ ਕਰਦਾ ਹੈ।
ਇਸੇ ਤਰ੍ਹਾਂ ਦੂਜਾ ਨਾਂ ਹੈ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਦਾ। ਜੋ ਕਾਂਗੜ ਤੋਂ ਚਾਰ ਕਦਮ ਅੱਗੇ ਨਿਕਲੇ। ਜਨਤਕ ਤੌਰ 'ਤੇ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕਰ ਖਹਿਰਾ ਨੇ ਅਜੇ ਤੱਕ ਸਬਸਿਡੀ ਨਹੀਂ ਛੱਡੀ। ਖਹਿਰਾ ਨੇ ਤਾਂ ਪਾਵਰਕਾਮ ਦੇ ਨੋਟਿਸ ਮਿਲਣ ਦੇ ਬਾਅਦ ਵੀ ਬਿੱਲ ਤਾਰਣ ਤੋਂ ਦੜ੍ਹ ਵੱਟੀ ਰੱਖੀ। ਖਹਿਰਾ ਪਰਿਵਾਰ ਦੇ ਨਾਂ 'ਤੇ ਕੁੱਲ 9 ਖੇਤੀ ਮੋਟਰਾਂ ਨੇ, ਜਿਨ੍ਹਾਂ 'ਤੇ ਉਹ ਸਬਸਿਡੀ ਦਾ ਲਾਭ ਲੈ ਰਹੇ ਹਨ। ਕਪੂਰਥਲਾ ਦੇ ਪਿੰਡ ਰਾਮਗੜ੍ਹ ਵਿਚ ਸੁਖਪਾਲ ਖਹਿਰਾ ਦੇ ਨਾਮ 'ਤੇ 4, ਉਨ੍ਹਾਂ ਦੇ ਪਿਤਾ ਦੇ ਨਾਂ 'ਤੇ ਵੀ ਚਾਰ ਅਤੇ ਮਾਤਾ ਦੇ ਨਾਂ 'ਤੇ ਇਕ ਮੋਟਰ ਕੁਨੈਕਸ਼ਨ ਹੈ, ਜਿਨ੍ਹਾਂ ਦਾ ਖਹਿਰਾ ਨੇ ਐਲਾਨ ਕਰ ਕੇ ਵੀ ਬਿੱਲ ਨਹੀਂ ਤਾਰਿਆ। ਭੁਲੱਥ ਸਬ ਡਵੀਜ਼ਨ ਨੇ ਖਹਿਰਾ ਪਰਿਵਾਰ ਨੂੰ ਸਬਸਿਡੀ ਬਾਰੇ 9 ਨੋਟਿਸ ਵੀ ਭੇਜੇ, ਪਰ ਖਹਿਰਾ ਨੇ ਕੋਈ ਲਿਖਤੀ ਜੁਆਬ ਨਹੀਂ ਦਿੱਤਾ।
ਉਲਟਾ ਖਹਿਰਾ ਦਾ ਕਹਿਣਾ ਹੈ ਕਿ ''ਮੈਂ ਤਿੰਨ ਸਾਲ ਪਹਿਲਾਂ ਪਾਵਰਕਾਮ ਚੇਅਰਮੈਨ ਨੂੰ ਪੱਤਰ ਭੇਜ ਕੇ ਸਬਸਿਡੀ ਛੱਡਣ ਦੀ ਸਹਿਮਤੀ ਦੇ ਦਿੱਤੀ ਸੀ ਪਰ ਪਾਵਰਕਾਮ ਨੇ ਅੱਜ ਤੱਕ ਕੋਈ ਹੁੰਗਾਰਾ ਨਹੀਂ ਭਰਿਆ।'' ਦੂਜੇ ਪਾਸੇ ਕਰਤਾਰਪੁਰ ਡਵੀਜ਼ਨ ਦੇ ਐਕਸੀਅਨ ਮੁਤਾਬਕ ਉਨ੍ਹਾਂ ਖੇਤੀ ਬਿੱਲਾਂ ਵਾਲੇ 9 ਨੋਟਿਸ ਖਹਿਰਾ ਪਰਿਵਾਰ ਨੂੰ ਭੇਜੇ ਗਏ ਸਨ, ਜਿਨ੍ਹਾਂ 'ਚੋਂ 4 ਨੋਟਿਸ ਖਹਿਰਾ ਨੇ ਰਿਸੀਵ ਵੀ ਕੀਤੇ ਪਰ ਖਹਿਰਾ ਪਰਿਵਾਰ ਨੇ ਸ਼ਰਤ ਰੱਖ ਦਿੱਤੀ ਕਿ ਪਹਿਲਾਂ ਖੇਤੀ ਮੋਟਰਾਂ ਲਈ 24 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇ ਤਾਂ ਹੀ ਉਹ ਬਿੱਲ ਭਰਨਗੇ। ਜਦਕਿ ਅਜਿਹਾ ਕਰਨਾ ਸੰਭਵ ਨਹੀਂ।
ਹੋਰ ਤਾਂ ਹੋਰ ਬਾਦਲ ਪਰਿਵਾਰ ਕੋਲ ਵੀ ਤਿੰਨ ਖੇਤੀ ਕੁਨੈਕਸ਼ਨ ਹਨ ਜਿਨ੍ਹਾਂ 'ਤੇ ਸਬਸਿਡੀ ਮਿਲਦੀ ਹੈ ਪਰ ਵੱਡੇ ਬਾਦਲ ਸਾਬ੍ਹ ਤਾਂ ਕੋਈ ਖੇਤੀ ਕੁਨੈਕਸ਼ਨ ਹੋਣ ਤੋਂ ਹੀ ਇਨਕਾਰ ਕਰ ਗਏ ਸਨ।
ਇਹ ਤਾਂ ਸਨ ਵਾਅਦਾ ਕਰ ਕੇ ਮੁੱਕਰੇ ਲੀਡਰ, ਹੁਣ ਇਕ ਝਾਤ ਉਨ੍ਹਾਂ ਫਰਾਖ ਦਿਲ ਲੀਡਰਾਂ 'ਤੇ ਜਿਨ੍ਹਾਂ ਨੇ ਵਾਅਦੇ ਮੁਤਾਬਕ ਬਿਜਲੀ ਮੋਟਰਾਂ ਤੋਂ ਸਬਸਿਡੀ ਛੱਡੀ ਹੈ ਅਤੇ ਖੇਤੀ ਮੋਟਰਾਂ ਦਾ ਬਿੱਲ ਤਾਰਿਆ ਹੈ:-
ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਤਿੰਨ ਮੋਟਰਾਂ ਦਾ 1.24 ਲੱਖ ਰੁਪਏ, ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਨੇ ਦੋ ਮੋਟਰਾਂ ਦਾ 30,640 ਰੁਪਏ, ਜਾਖੜ ਪਰਿਵਾਰ ਨੇ ਦੋ ਮੋਟਰਾਂ ਦਾ 72,750 ਰੁਪਏ ਤੇ ਮਹਿਰਾਜ ਦੇ ਕਮਲਜੀਤ ਦਿਓਲ ਨੇ ਵੀ ਆਪਣਾ ਬਿੱਲ ਭਰਿਆ ਹੈ।
ਹੁਣ ਤੁਹਾਨੂੰ ਦੱਸਦੇ ਹਾਂ ਸੂਬੇ ਦੇ ਉਹ ਕਿਸਾਨਾਂ ਬਾਰੇ ਜਿਨ੍ਹਾਂ ਕੋਲ ਸਭ ਤੋਂ ਵੱਧ ਮੋਟਰ ਕੁਨੈਕਸ਼ਨ ਹਨ:-
ਪੰਜਾਬ ਭਰ 'ਚ 10 ਹਜ਼ਾਰ 128 ਅਜਿਹੇ ਕਿਸਾਨ ਹਨ ਜਿਨ੍ਹਾਂ ਦੇ ਕੋਲ ਇਕ ਤੋਂ ਵੱਧ ਮੋਟਰ ਕੁਨੈਕਸ਼ਨ ਹਨ ਜਦਕਿ ਸੂਬੇ ਦੇ ਟੌਪ 25 ਅਜਿਹੇ ਕਿਸਾਨਾਂ ਦੀ ਸ਼ਨਾਖ਼ਤ ਹੋਈ ਹੈ ਜਿਨ੍ਹਾਂ ਦੇ ਇਕੋ ਨਾਮ 'ਤੇ ਕਈ-ਕਈ ਖੇਤੀ ਮੋਟਰਾਂ ਹਨ।
ਇਨ੍ਹਾਂ 'ਚ ਜਲੰਧਰ ਸਰਕਲ ਦੇ 8
ਕਪੂਰਥਲਾ ਦੇ 5
ਪਟਿਆਲਾ ਦੇ 4
ਨਵਾਂਸ਼ਹਿਰ, ਮੁਹਾਲੀ ਅਤੇ ਫ਼ਰੀਦਕੋਟ ਦੇ 2-2 ਕਿਸਾਨ ਹਨ।
ਦੱਸ ਦੇਈਏ ਕਿ ਪੰਜਾਬ 'ਚ ਕਰੀਬ 16 ਲੱਖ ਟਿਊਬਵੈੱਲ ਹਨ, ਜਿਨ੍ਹਾਂ ਦੀ ਸਬਸਡੀ ਰਾਸ਼ੀ 5400 ਕਰੋੜ ਰੁਪਏ ਸਾਲਾਨਾ ਦੇ ਲਗਭਗ ਹੈ, ਜਿਸ ਨਾਲ 1000 ਕਰੋੜ ਰੁਪਏ ਸਾਲਾਨਾ ਦਾ ਬੋਝ ਸਰਕਾਰੀ ਖਜ਼ਾਨੇ 'ਤੇ ਪੈਂਦਾ ਹੈ।