ਬਟਾਲਾ ਫੈਕਟਰੀ ਧਮਾਕੇ ਤੋਂ ਬਾਅਦ ਬਠਿੰਡਾ ਪੁਲਸ ਆਈ ਹਰਕਤ 'ਚ, ਕੀਤੀ ਵੱਡੀ ਕਾਰਵਾਈ

Thursday, Sep 05, 2019 - 06:12 PM (IST)

ਬਟਾਲਾ ਫੈਕਟਰੀ ਧਮਾਕੇ ਤੋਂ ਬਾਅਦ ਬਠਿੰਡਾ ਪੁਲਸ ਆਈ ਹਰਕਤ 'ਚ, ਕੀਤੀ ਵੱਡੀ ਕਾਰਵਾਈ

ਬਠਿੰਡਾ (ਅਮਿਤ, ਸੁਖਵਿੰਦਰ) : ਬੀਤੇ ਦਿਨੀਂ ਬਟਾਲਾ ਦੀ ਇਕ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਤੋਂ ਬਾਅਦ ਬਠਿੰਡਾ ਪੁਲਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅਫ਼ੀਮ ਵਾਲੀ ਗਲੀ ਸਥਿਤ ਇਕ ਰਿਹਾਇਸ਼ੀ ਇਲਾਕੇ ਵਿਚ ਛਾਪੇਮਾਰੀ ਕਰ ਕੇ ਇਕ ਘਰ 'ਚੋਂ ਪਟਾਕਿਆਂ ਦਾ ਵੱਡਾ ਜ਼ਖੀਰਾ ਬਰਾਮਦ ਕੀਤਾ ਹੈ, ਜਿੱਥੇ ਮੁਲਜ਼ਮ ਵੱਲੋਂ ਬਰੈੱਡ ਸਪਲਾਈ ਕਰਨ ਦੇ ਕਾਰੋਬਾਰ ਦੀ ਆੜ 'ਚ ਪਟਾਕਿਆਂ ਨੂੰ ਸਟੋਰ ਕੀਤਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਉਕਤ ਪਟਾਕੇ ਪਿਛਲੇ ਲੰਮੇ ਸਮੇਂ ਤੋਂ ਤਿਉਹਾਰਾਂ ਦੇ ਮੱਦੇਨਜ਼ਰ ਸਟਾਕ ਕੀਤੇ ਜਾ ਰਹੇ ਸਨ। ਪੁਲਸ ਵੱਲੋਂ ਉਕਤ ਗੋਦਾਮ ਨੂੰ ਸੀਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PunjabKesari

ਜ਼ਿਕਰਯੋਗ ਹੈ ਕਿ ਬਟਾਲਾ ਦੀ ਪਟਾਕਾ ਫੈਕਟਰੀ ਵਿਖੇ ਹੋਏ ਧਮਾਕੇ ਤੋਂ ਬਾਅਦ ਪੁਲਸ ਵੱਲੋਂ ਸ਼ਹਿਰ ਵਿਚ ਚੌਕਸੀ ਵਧਾਈ ਗਈ ਸੀ। ਵੀਰਵਾਰ ਨੂੰ ਪੁਲਸ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ਹਿਰ 'ਚ ਛਾਪੇਮਾਰੀ ਕੀਤੀ ਗਈ। ਦੁਪਹਿਰ ਸਮੇਂ ਕੋਤਵਾਲੀ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਅਫ਼ੀਮ ਵਾਲੀ ਗਲੀ ਸਥਿਤ ਇਕ ਮਕਾਨ 'ਚ ਬਣੇ ਗੋਦਾਮ ਵਿਖੇ ਵੱਡੀ ਮਾਤਰਾ 'ਚ ਪਟਾਕੇ ਸਟੋਰ ਕੀਤੇ ਹੋਏ ਹਨ। ਸੂਚਨਾ ਦੇ ਆਧਾਰ 'ਤੇ ਥਾਣਾ ਮੁਖੀ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਵੱਲੋਂ ਉਕਤ ਮਕਾਨ 'ਚ ਛਾਪੇਮਾਰੀ ਕੀਤੀ ਗਈ। ਮੁਲਜ਼ਮ ਵੱਲੋਂ ਬਰੈੱਡਾਂ ਦੇ ਵਿਚਾਰ ਪਟਾਕਿਆਂ ਨੂੰ ਛੁਪਾ ਕੇ ਰੱਖਿਆ ਹੋਇਆ ਸੀ। ਪੁਲਸ ਵੱਲੋਂ ਮਕਾਨ 'ਚੋਂ ਵੱਖ-ਵੱਖ ਤਰ੍ਹਾਂ ਦੇ ਵੱਡੀ ਮਾਤਰਾ 'ਚ ਪਟਾਕਿਆਂ ਨੂੰ ਬਰਾਮਦ ਕੀਤਾ ਗਿਆ।

PunjabKesari

ਬਰੈੱਡ ਸਲਪਾਈ ਕਰਨ ਦੀ ਆੜ 'ਚ ਚਲਦਾ ਸੀ ਕਾਰੋਬਾਰ
ਮੁਲਜ਼ਮ ਵੱਲੋਂ ਮਕਾਨ ਦੀ ਹੇਠਲੀ ਮੰਜ਼ਿਲ ਦੇ ਬਾਹਰ ਇਕ ਕਰਿਆਨੇ ਦੀ ਦੁਕਾਨ ਕਰ ਕੇ ਬਰੈੱਡ ਸਪਲਾਈ ਕਰਨ ਦਾ ਕਾਰੋਬਾਰ ਚਲਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਇਕ ਵੱਡੇ ਕਮਰੇ 'ਚ ਵੱਖ-ਵੱਖ ਤਰ੍ਹਾਂ ਦੇ ਪਟਾਕਿਆਂ ਨੂੰ ਸਟੋਰ ਕੀਤਾ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਪਟਾਕਿਆਂ ਦੀ ਸਪਲਾਈ ਦੀਵਾਲੀ ਮੌਕੇ ਕੀਤੀ ਜਾਣੀ ਸੀ। ਇਸ ਤੋਂ ਇਲਾਵਾ ਪਟਾਕਿਆਂ ਦੇ ਉਕਤ ਗੋਦਾਮ 'ਚ ਹੀ ਇਕ ਵਕੀਲ ਦਾ ਦਫਤਰ ਵੀ ਬਣਿਆ ਅਤੇ ਉਕਤ ਇਮਾਰਤ ਵੀ ਵਕੀਲ ਦੀ ਹੀ ਦੱਸੀ ਜਾ ਰਹੀ ਹੈ। ਜਿਸ ਗੋਦਾਮ 'ਚ ਪਟਾਕਿਆਂ ਨੂੰ ਸਟੋਰ ਕੀਤਾ ਗਿਆ ਸੀ ਉਸਦੀ ਉਪਰਲੀ ਮੰਜ਼ਿਲ 'ਤੇ ਹੀ ਮੁਲਜ਼ਮ ਵੱਲੋਂ ਰਿਹਾਇਸ਼ ਕੀਤੀ ਹੋਈ ਹੈ। ਹਰ ਸਮੇਂ ਉਕਤ ਗੋਦਾਮ 'ਚੋਂ ਬੱਚਿਆਂ ਅਤੇ ਹੋਰਨਾਂ ਦਾ ਆਉਣਾ ਜਾਣਾ ਵੀ ਰਹਿੰਦਾ ਹੈ। ਇਸ ਤੋਂ ਇਲਾਵਾ ਕਰਿਆਨੇ ਦੀ ਦੁਕਾਨ ਹੋਣ ਕਾਰਣ ਲੋਕਾਂ ਦਾ ਦੁਕਾਨ 'ਤੇ ਜਮਾਵੜਾ ਰਹਿੰਦਾ ਹੈ, ਜੇਕਰ ਕਦੇ ਵੀ ਉਕਤ ਜਗ੍ਹਾ 'ਤੇ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਬਟਾਲਾ ਵਰਗਾ ਵੱਡਾ ਹਾਦਸਾ ਵਾਪਰ ਸਕਦਾ ਸੀ।

ਡੀ. ਐੱਸ. ਪੀ. ਸਿਟੀ ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਅਫ਼ੀਮ ਵਾਲੀ ਗਲੀ ਸਥਿਤ ਇਕ ਮਕਾਨ 'ਚ ਬਰੈੱਡਾਂ ਦਾ ਕੰਮ ਕਰਨ ਵਾਲੇ ਇਕ ਵਿਅਕਤੀ ਕੋਲੋਂ ਵੱਡੀ ਮਾਤਰਾ ਵਿਚ ਪਟਾਕੇ ਬਰਾਮਦ ਕੀਤੇ ਗਏ ਹਨ। ਉਕਤ ਵਿਅਕਤੀ ਵੱਲੋਂ ਬਰੈੱਡਾਂ ਦੀ ਆੜ ਵਿਚ ਪਟਾਕਿਆਂ ਨੂੰ ਸਟੋਰ ਕੀਤਾ ਗਿਆ ਸੀ। ਉਕਤ ਵਿਅਕਤੀ ਕੋਲੋਂ ਪਟਾਕੇ ਸਟੋਰ ਕਰਨ ਦਾ ਕੋਈ ਵੀ ਲਾਇਸੈਂਸ ਨਹੀਂ ਮਿਲਿਆ। ਪੁਲਸ ਵੱਲੋਂ ਗੋਦਾਮ ਨੂੰ ਸੀਲ ਕਰ ਕੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਦੋਸ਼ੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।


author

cherry

Content Editor

Related News