ਲੋਕ ਸਭਾ ਚੋਣਾਂ ਦੌਰਾਨ ਸਰਹੱਦਾਂ ’ਤੇ CCTV ਕੈਮਰਿਆਂ ਨਾਲ ਬਠਿੰਡਾ ਪੁਲਸ ਰੱਖੇਗੀ ਤਿੱਖੀ ਨਜ਼ਰ

04/01/2024 2:15:53 PM

ਬਠਿੰਡਾ (ਵਰਮਾ) - ਦੂਜੇ ਰਾਜਾਂ ਤੋਂ ਆਉਣ ਵਾਲੇ ਨਸ਼ੇ, ਸ਼ਰਾਬ ਅਤੇ ਪੈਸੇ ਨੂੰ ਰੋਕਣ ਲਈ ਬਠਿੰਡਾ ਪੁਲਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਸਰਹੱਦਾਂ ’ਤੇ ਨਜ਼ਰ ਰੱਖਣ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਅੰਤਰਰਾਜੀ ਨਾਕਿਆਂ ’ਤੇ ਸੀ. ਸੀ. ਟੀ. ਵੀ. ਕੈਮਰੇ ਲਗਾ ਕੇ ਦੂਜੇ ਰਾਜਾਂ ਤੋਂ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਲੋਕ ਸਭਾ ਚੋਣਾਂ ਨੂੰ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ-ਨਾਲ ਜ਼ਿਲ੍ਹਾ ਪੁਲਸ ਨੇ ਕਮਰ ਕੱਸ ਲਈ ਹੈ। 

ਇਹ ਵੀ ਪੜ੍ਹੋ - ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਵੱਡੀ ਰਾਹਤ, ਨਹੀਂ ਵਧੇਗਾ ਟੋਲ ਟੈਕਸ ਤੇ ਬੱਸਾਂ ਦਾ ਕਿਰਾਇਆ

ਚੋਣਾਂ ਵਿਚ ਵਰਤੋਂ ਲਈ ਗੁਆਂਢੀ ਰਾਜਾਂ ਤੋਂ ਆਉਣ ਵਾਲੇ ਨਸ਼ਿਆਂ ਅਤੇ ਪੈਸੇ ਨੂੰ ਰੋਕਣ ਲਈ ਬਠਿੰਡਾ ਪੁਲਸ ਵੱਲੋਂ ਗੁਆਂਢੀ ਰਾਜਾਂ ਦੀ ਪੁਲਸ ਨਾਲ ਮਿਲ ਕੇ ਸਾਂਝੀ ਨਿਗਰਾਨੀ ਕੀਤੀ ਜਾ ਰਹੀ ਹੈ। ਸਰਹੱਦ ’ਤੇ ਹੋਣ ਵਾਲੀ ਹਰ ਗਤੀਵਿਧੀ ’ਤੇ ਨੇੜਿਓਂ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਲਈ ਜਾ ਰਹੀ ਹੈ। ਇਸ ਦੇ ਲਈ ਬਠਿੰਡਾ ਪੁਲਸ ਨੇ ਹਰਿਆਣਾ ਅਤੇ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਇਲਾਕੇ ਵਿਚ ਉੱਚਾਈ ਚੈਕਿੰਗ ਪੁਆਇੰਟ ਬਣਾਏ ਹਨ, ਜਦਕਿ ਉਕਤ ਸਰਹੱਦਾਂ ’ਤੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾਏ ਗਏ ਹਨ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਦੱਸ ਦੇਈਏ ਕਿ ਦੋ ਦਿਨ ਪਹਿਲਾਂ ਬਠਿੰਡਾ ਜ਼ੋਨ ਦੇ ਏ. ਡੀ. ਜੀ. ਪੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਰੇਂਜ ਅਧੀਨ ਆਉਂਦੇ ਜ਼ਿਲ੍ਹਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਹਰਿਆਣਾ ਅਤੇ ਰਾਜਸਥਾਨ ਦੇ ਪੁਲਸ ਅਧਿਕਾਰੀਆਂ ਨਾਲ ਵੀ ਸਾਂਝੀ ਮੀਟਿੰਗ ਕੀਤੀ ਸੀ, ਜਿਸ ਦੌਰਾਨ ਸਮਾਜ ਵਿਰੋਧੀ ਅਨਸਰਾਂ ਨੂੰ ਰੋਕਣ ਲਈ ਉਪਰਾਲੇ ਕੀਤੇ ਗਏ ਸਨ। ਚੋਣਾਂ ਲਈ ਰਣਨੀਤੀ ਬਣਾਈ ਗਈ ਸੀ। ਇਸ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਅੰਤਰਰਾਜੀ ਵਹਾਅ ਨੂੰ ਰੋਕਣ ਲਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੀਆਂ ਸਰਹੱਦਾਂ ’ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਅਤੇ ਇਹ ਨਾਕਾਬੰਦੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਨਿਗਰਾਨੀ ਹੇਠ ਹੋਵੇਗੀ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਉੱਚ ਪੱਧਰ 'ਤੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਚਾਂਦੀ ਵੀ ਚਮਕੀ

ਬਠਿੰਡਾ ਜ਼ਿਲ੍ਹੇ ਦੀਆਂ ਸਰਹੱਦਾਂ ’ਤੇ 16 ਨਾਕੇ ਲਾਏ ਜਾ ਰਹੇ ਹਨ। ਸ਼ਰਾਬ ਅਤੇ ਹੋਰ ਨਸ਼ੇ ਵਾਲੇ ਪਦਾਰਥਾਂ ਦੀ ਇਕ ਰਾਜ ਤੋਂ ਦੂਜੇ ਰਾਜ ਵਿਚ ਆਵਾਜਾਈ ਨੂੰ ਵੀ ਸਖ਼ਤੀ ਨਾਲ ਰੋਕਿਆ ਜਾ ਰਿਹਾ ਹੈ। ਏ. ਡੀ. ਜੀ. ਪੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿਚ ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਬਰਾਬਰ ਮੌਕੇ ਪ੍ਰਦਾਨ ਕਰਨਾ ਹੈ। ਹਰਿਆਣਾ ਦੀ ਸਰਹੱਦ ਨਾਲ ਲੱਗਦੇ ਮਾਨਸਾ, ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ ਬੀ.ਐੱਸ.ਐੱਫ. ਅਤੇ ਸੀ.ਏ.ਪੀ.ਐੱਫ. ਵਰਗੇ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। 

ਇਹ ਵੀ ਪੜ੍ਹੋ - ਵਧੇਗੀ ਹੋਮ ਲੋਨ ਦੀ EMI ਜਾਂ ਘੱਟ ਵਿਆਜ ’ਤੇ ਮਿਲੇਗਾ ਕਾਰ ਲੋਨ, RBI ਜਲਦ ਲੈ ਸਕਦਾ ਵੱਡਾ ਫ਼ੈਸਲਾ

ਹਰਿਆਣਾ ਰਾਜ ਦੀ 180 ਕਿਲੋਮੀਟਰ ਸਰਹੱਦ ਨਾਲ ਲੱਗਦੀਆਂ ਸਾਰੀਆਂ ਅੰਤਰਰਾਜੀ ਚੈੱਕ ਪੋਸਟਾਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ ਲਈ ਵੀ ਕਿਹਾ ਗਿਆ ਹੈ। ਏ.ਡੀ.ਜੀ.ਪੀ. ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਹਰਿਆਣਾ ਨੂੰ ਛੂਹਣ ਵਾਲੇ ਰੂਟ ’ਤੇ ਕੁੱਲ 33 ਅੰਤਰਰਾਜੀ ਚੈੱਕ ਪੋਸਟਾਂ ਸਥਾਪਤ ਕੀਤੀਆਂ ਗਈਆਂ ਹਨ। ਮਾਨਸਾ ਵਿਚ 4 ਅੰਤਰਰਾਜੀ ਚੈੱਕ ਪੋਸਟਾਂ, ਬਠਿੰਡਾ ਵਿਚ 16 ਅੰਤਰਰਾਜੀ ਅਤੇ ਸ੍ਰੀ ਮੁਕਤਸਰ ਸਾਹਿਬ ਵਿਚ 13 ਅੰਤਰਰਾਜੀ ਚੈੱਕ ਪੋਸਟਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਅਤੇ ਪਹਿਲਾਂ ਹੀ ਪਛਾਣੇ ਗਏ ਸੰਵੇਦਨਸ਼ੀਲ ਜ਼ੋਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News