ਬਠਿੰਡਾ ਪੁਲਸ ਦੀ ਸੰਵੇਦਨਸ਼ੀਲ ਥਾਵਾਂ ''ਤੇ ਸਖ਼ਤ ਚੈਕਿੰਗ, ਰਾਤ ਨੂੰ ਚਲਾਇਆ ਆਪਰੇਸ਼ਨ
Saturday, Apr 12, 2025 - 01:29 PM (IST)

ਬਠਿੰਡਾ (ਵਿਜੇ ਵਰਮਾ) : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਅਤੇ ਸ਼ਾਂਤੀਪੂਰਨ ਵਾਤਾਵਰਣ ਪ੍ਰਦਾਨ ਕਰਨ ਦੇ ਮਕਸਦ ਨਾਲ ਇੱਕ ਹੋਰ ਠੋਸ ਕਦਮ ਚੁੱਕਿਆ ਹੈ। ਇਸ ਸਬੰਧ 'ਚ ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਬਠਿੰਡਾ ਪੁਲਸ ਨੇ ਬੀਤੀ ਰਾਤ ਜ਼ਿਲ੍ਹੇ 'ਚ 'ਨਾਈਟ ਡੋਮੀਨੇਸ਼ਨ' ਸ਼ੁਰੂ ਕੀਤਾ। ਇਸ ਵਿਸ਼ੇਸ਼ ਮੁਹਿੰਮ ਦਾ ਮਕਸਦ ਰਾਤ ਦੇ ਸਮੇਂ ਸੁਰੱਖਿਆ ਨੂੰ ਮਜ਼ਬੂਤ ਕਰਨਾ ਅਤੇ ਸ਼ੱਕੀ ਗਤੀਵਿਧੀਆਂ 'ਤੇ ਸ਼ਿਕੰਜਾ ਕੱਸਣਾ ਸੀ। ਇਹ ਕਾਰਵਾਈ ਡੀ. ਆਈ. ਜੀ., ਐੱਸ. ਐੱਸ. ਪੀ. ਅਤੇ ਪੁਲਸ ਅਧਿਕਾਰੀਆਂ ਦੀ ਅਗਵਾਈ ਹੇਠ ਕੀਤੀ ਗਈ। ਇਸ ਕਾਰਵਾਈ ਦੀ ਅਗਵਾਈ ਡੀ. ਆਈ. ਜੀ. ਹਰਜੀਤ ਸਿੰਘ ਅਤੇ ਐੱਸ. ਐੱਸ. ਪੀ. ਅਵਨੀਤ ਕੌਂਡਲ ਨੇ ਕੀਤੀ। ਉਨ੍ਹਾਂ ਨਾਲ ਜ਼ਿਲ੍ਹੇ ਦੇ ਹੋਰ ਸੀਨੀਅਰ ਪੁਲਸ ਅਧਿਕਾਰੀ ਵੀ ਮੌਜੂਦ ਸਨ। ਮੁਹਿੰਮ ਦੌਰਾਨ ਰੇਲਵੇ ਸਟੇਸ਼ਨਾਂ, ਬੱਸ ਸਟੈਂਡਾਂ, ਪੁਲਸ ਚੌਂਕੀਆਂ ਅਤੇ ਹੋਰ ਸੰਵੇਦਨਸ਼ੀਲ ਥਾਵਾਂ 'ਤੇ ਪੂਰੀ ਤਰ੍ਹਾਂ ਜਾਂਚ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਰਾਤ ਨੂੰ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ ਅਤੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ।
ਰਾਜ ਦੀਆਂ ਸਰਹੱਦਾਂ 'ਤੇ ਵਿਸ਼ੇਸ਼ ਨਾਕੇ, ਡੋਗ ਸਕੁਆਇਡ ਦੀ ਮਦਦ ਨਾਲ ਤਲਾਸ਼ੀ
ਡੀ. ਆਈ. ਜੀ. ਹਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪ੍ਰਮੁੱਖ ਸੰਵੇਦਨਸ਼ੀਲ ਸਥਾਨਾਂ 'ਤੇ ਚੈੱਕ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ ਅਤੇ ਅੰਤਰ-ਰਾਜੀ ਸਰਹੱਦ ਤੋਂ ਜ਼ਿਲ੍ਹੇ 'ਚ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ 'ਤੇ ਦਸ ਵਿਸ਼ੇਸ਼ ਚੈੱਕ ਪੋਸਟਾਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੁਹਿੰਮ ਕਿਸੇ ਖਾਸ ਜਾਣਕਾਰੀ ਦੇ ਆਧਾਰ 'ਤੇ ਨਹੀਂ ਚਲਾਈ ਜਾ ਰਹੀ ਹੈ, ਸਗੋਂ ਪੂਰੇ ਪੰਜਾਬ ਵਿੱਚ ਇੱਕਸਾਰ ਚਲਾਈ ਜਾ ਰਹੀ ਹੈ। ਐੱਸ. ਐੱਸ. ਪੀ. ਅਵਨੀਤ ਕੌਂਡਲ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਚੱਲ ਰਹੀ ਜੰਗ ਨੂੰ ਇਸ ਦੇ ਤਰਕਪੂਰਨ ਸਿੱਟੇ 'ਤੇ ਲਿਜਾਇਆ ਜਾਵੇਗਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਪੁਲਸ ਜਨਤਾ ਨੂੰ ਸੁਰੱਖਿਅਤ ਮਾਹੌਲ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ 'ਤੇ ਯਾਤਰੀਆਂ ਦੀ ਜਾਂਚ
ਇਸ ਕਾਰਵਾਈ ਤਹਿਤ ਰੇਲਵੇ ਸਟੇਸ਼ਨ 'ਤੇ ਇੱਕ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਪੁਲਸ ਨੇ ਡੌਗ ਸਕੁਆਇਡ ਦੀ ਮਦਦ ਨਾਲ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਅਤੇ ਕੁੱਝ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਵੀ ਕੀਤੀ, ਹਾਲਾਂਕਿ ਕੁਝ ਵੀ ਇਤਰਾਜ਼ਯੋਗ ਬਰਾਮਦ ਨਹੀਂ ਹੋਇਆ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਪੂਰੀ ਮੁਹਿੰਮ ਸ਼ਾਂਤੀਪੂਰਨ ਅਤੇ ਯੋਜਨਾਬੱਧ ਢੰਗ ਨਾਲ ਚਲਾਈ ਗਈ।
ਜ਼ਿਲ੍ਹੇ ਦੇ ਸਾਰੇ ਥਾਣਿਆਂ ਦੀ ਪੁਲਸ ਸਰਗਰਮ ਰਹੀ।
ਇਹ ਕਾਰਵਾਈ ਜ਼ਿਲ੍ਹੇ ਦੇ ਸਾਰੇ ਥਾਣਾ ਖੇਤਰਾਂ ਵਿੱਚ ਗਜ਼ਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਕੀਤੀ ਗਈ। ਇਸ ਦੌਰਾਨ ਡੀ. ਐੱਸ. ਪੀ. ਹਰਬੰਸ ਸਿੰਘ, ਪੁਲਸ ਸੁਪਰਡੈਂਟ ਨਰਿੰਦਰ ਸਿੰਘ ਅਤੇ ਹੋਰ ਕਈ ਅਧਿਕਾਰੀ ਮੌਜੂਦ ਸਨ।