ਬਠਿੰਡਾ ਕਨਵੈਨਸ਼ਨ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਨਹੀਂ ਹੋਵੇਗੀ ਪਾਰਟੀ ''ਚ ਏਕਤਾ: ਖਹਿਰਾ

Monday, Aug 20, 2018 - 03:27 PM (IST)

ਬਠਿੰਡਾ ਕਨਵੈਨਸ਼ਨ ਦੀਆਂ ਮੰਗਾਂ ਨਾ ਮੰਨੇ ਜਾਣ ਤੱਕ ਨਹੀਂ ਹੋਵੇਗੀ ਪਾਰਟੀ ''ਚ ਏਕਤਾ: ਖਹਿਰਾ

ਬਰਨਾਲਾ (ਸਿੰਧਵਾਨੀ, ਰਵੀ)— ਪਾਰਟੀ 'ਚ ਮਤਭੇਦ ਦੂਰ ਕਰਨ ਲਈ ਮੇਰੇ ਕੋਲ ਵਿਧਾਇਕ ਅਮਨ ਅਰੋੜਾ ਆਏ ਸਨ ਪਰ ਮੈਂ ਉਨ੍ਹਾਂ ਨੂੰ ਸਾਫ ਕਹਿ ਦਿੱਤਾ ਕਿ ਜਦੋਂ ਤੱਕ ਬਠਿੰਡਾ ਕਨਵੈਨਸ਼ਨ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਕਿਸੇ ਵੀ ਕੀਮਤ 'ਤੇ ਏਕਤਾ ਨਹੀਂ ਹੋ ਸਕਦੀ। ਇਹ ਸ਼ਬਦ 'ਆਪ' ਦੇ ਵਿਧਾਇਕ ਅਤੇ ਸਾਬਕਾ ਵਿਰੋਧੀ ਦਲ ਦੇ ਆਗੂ ਸੁਖਪਾਲ ਖਹਿਰਾ ਨੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।

ਉਨ੍ਹਾਂ ਕਿਹਾ ਕਿ ਮੈਂ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਾਂਗਾ। ਬਠਿੰਡਾ ਕਨਵੈਨਸ਼ਨ 'ਚ 50 ਹਜ਼ਾਰ ਲੋਕਾਂ ਨੇ ਹਿੱਸਾ ਲਿਆ ਸੀ। ਇਨ੍ਹਾਂ ਸਾਰੇ ਲੋਕਾਂ ਦਾ ਮੰਨਣਾ ਸੀ ਕਿ ਪੰਜਾਬ ਦੇ 'ਆਪ' ਵਰਕਰਾਂ ਨੂੰ ਖੁਦਮੁਖਤਿਆਰੀ ਦਿੱਤੀ ਜਾਵੇ। ਉਹ ਦਿੱਲੀ ਦੇ ਇਸ਼ਾਰਿਆਂ 'ਤੇ ਨਹੀਂ ਚੱਲਣਗੇ ਕਿਉਂਕਿ ਗ਼ਲਤ ਨੀਤੀਆਂ ਕਾਰਨ ਹੀ ਪਾਰਟੀ ਪੰਜਾਬ 'ਚ ਆਪਣੀ ਜ਼ਮੀਨ ਖੋਹੰਦੀ ਜਾ ਰਹੀ ਹੈ। ਵਿਧਾਨ ਸਭਾ ਚੋਣਾਂ 'ਚ ਸਿਰਫ 1900 ਵੋਟ 'ਆਪ' ਦਾ ਉਮੀਦਵਾਰ ਹਾਸਲ ਕਰ ਰਿਹਾ ਹੈ। ਦੋ ਤਿੰਨ ਲੋਕਾਂ ਨੂੰ ਇਕੱਠਾ ਕਰਨ ਨਾਲ ਪਾਰਟੀ ਨੂੰ ਜ਼ਮੀਨ ਹਾਸਲ ਨਹੀਂ ਹੋਵੇਗੀ। ਜੇਕਰ ਆਮ ਲੋਕਾਂ ਦੀ ਗੱਲ ਪਾਰਟੀ ਸੁਣੇਗੀ ਅਤੇ ਆਮ ਲੋਕਾਂ ਨੂੰ ਪਾਰਟੀ ਨਾਲ ਜੋੜਿਆ ਜਾਵੇਗਾ ਫਿਰ ਹੀ ਪਾਰਟੀ ਦੀ ਛਵੀ ਪੰਜਾਬ 'ਚ ਸੁਧਰੇਗੀ। ਜੇਕਰ ਸਾਡੀਆਂ ਮੰਗਾਂ ਹਾਈਕਮਾਂਡ ਨਹੀਂ ਮੰਨਦਾ ਤਾਂ ਅਸੀਂ ਕਿਸੇ ਵੀ ਸੂਰਤ 'ਚ ਕੋਈ ਸਮਝੌਤਾ ਨਹੀਂ ਕਰਾਂਗੇ। ਅਸੀਂ ਆਪਣੇ ਰਾਹ 'ਤੇ ਚੱਲਾਂਗੇ। ਆਮ ਲੋਕਾਂ ਨੂੰ ਆਪਣੇ ਨਾਲ ਜੋੜਾਂਗੇ। ਪੰਜਾਬ 'ਚ ਨਸ਼ੇ ਦੀ ਸਮੱਗਲਿੰਗ ਜ਼ੋਰਾਂ 'ਤੇ ਹੈ। ਐੱਸ. ਵਾਈ. ਐੱਸ. ਦੇ ਮੁੱਦੇ 'ਤੇ ਸਾਡਾ ਸਟੈਂਡ ਸਾਫ ਹੈ ਕਿ ਪੰਜਾਬ ਦਾ ਪਾਣੀ ਅਸੀਂ ਬਾਹਰ ਨਹੀਂ ਜਾਣ ਦਿਆਂਗੇ। ਇਨ੍ਹਾਂ ਮੁੱਦਿਆਂ 'ਤੇ ਅਸੀਂ ਪੰਜਾਬ 'ਚ ਲੜਾਈ ਲੜ ਰਹੇ ਹਾਂ। ਇਸ ਸਮੇਂ ਉਨ੍ਹਾਂ ਨਾਲ 'ਆਪ' ਦੇ ਜ਼ਿਲਾ ਪ੍ਰਧਾਨ ਕਾਲਾ ਸਿੰਘ ਢਿੱਲੋਂ, ਵਿਧਾਇਕ ਪਿਰਮਲ ਸਿੰਘ, ਵਿਧਾਇਕ ਜਗਦੇਵ ਸਿੰਘ, ਨਾਜਰ ਸਿੰਘ ਆਦਿ ਤੋਂ ਇਲਾਵਾ ਕਾਫੀ ਗਿਣਤੀ 'ਚ 'ਆਪ' ਵਰਕਰ ਹਾਜ਼ਰ ਸਨ।


Related News