ਕਾਂਗਰਸੀ ਵਿਧਾਇਕ ਕੋਟਭਾਈ ਸਮੇਤ 3 ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ
Saturday, Jan 04, 2020 - 09:58 AM (IST)
ਬਠਿੰਡਾ (ਸੁਖਵਿੰਦਰ) : ਬਠਿੰਡਾ ਦੇ ਹਲਕਾ ਭੁੱਚੋ ਦੇ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਸਮੇਤ 3 ਵਿਅਕਤੀਆਂ ਖਿਲਾਫ਼ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ 98.77 ਲੱਖ ਦੀ ਠੱਗੀ ਕਰਨ ਦਾ ਜਬਲਪੁਰ (ਮੱਧ ਪ੍ਰਦੇਸ਼) ਦੇ ਥਾਣਾ ਸਦਨ ਮਹਿਲ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਅਨੁਸਾਰ ਰਾਈਟ ਟਾਊਨ ਕੰਪਨੀ ਨੇ 2008 'ਚ ਸ਼ਹਿਰ 'ਚ ਦਫ਼ਤਰ ਖੋਲ੍ਹਿਆ ਸੀ, ਜਿਸ ਦਾ ਸੰਚਾਲਨ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਾਭਾਈ ਕਰ ਰਹੇ ਸੀ। ਉਨ੍ਹਾਂ ਦੇ ਨਾਲ ਮੈਨੇਜਰ ਰਾਕੇਸ਼ ਸ਼ਰਮਾ ਤੇ ਕਮਲ ਕਿਸ਼ੋਰ ਸ਼ਰਮਾ ਨੇ ਲੋਕਾਂ ਨੂੰ 6 ਸਾਲ 'ਚ ਪੈਸੇ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਕੰਪਨੀ 'ਚ ਭਾਰੀ ਨਿਵੇਸ਼ ਕਰਵਾ ਲਿਆ। ਬਾਅਦ 'ਚ ਕੰਪਨੀ ਨੇ ਲੋਕਾਂ ਦਾ ਪੈਸਾ ਵਾਪਸ ਨਹੀਂ ਕੀਤਾ ਤੇ ਆਪਣਾ ਦਫ਼ਤਰ ਵੀ ਬੰਦ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਭੁੱਚੋ ਮੰਡੀ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਖਿਲਾਫ਼ ਪਹਿਲਾਂ ਵੀ ਅਕਤੂਬਰ 2018 ਦੌਰਾਨ ਥਾਣਾ ਰੂਦਰਪੁਰ (ਉੱਤਰਾਖੰਡ) 'ਚ ਵੀ ਇਕ ਇਸ ਤਰ੍ਹਾਂ ਦਾ ਕੇਸ ਦਰਜ ਹੋਇਆ ਸੀ, ਜਿਸ 'ਚ 300 ਤੋਂ ਜ਼ਿਆਦਾ ਲੋਕਾਂ ਨੇ ਠੱਗੀ ਕੀਤੇ ਜਾਣ ਦੇ ਦੋਸ਼ ਲਾਏ ਸੀ। ਤਾਜ਼ਾ ਮਾਮਲੇ 'ਚ ਵਿਧਾਇਕ ਤੇ ਉਸ ਦੇ ਸਾਥੀਆਂ 'ਤੇ ਲੋਕਾਂ ਦੇ ਨਾਲ 98.37 ਲੱਖ ਦੀ ਹੇਰਾ-ਫੇਰੀ ਦੇ ਦੋਸ਼ ਹਨ। ਇਸ ਦੀ ਸ਼ਿਕਾਇਤ ਕ੍ਰਾਈਮ ਬ੍ਰਾਂਚ 'ਚ ਕੀਤੀ ਗਈ ਸੀ। ਕ੍ਰਾਈਮ ਬ੍ਰਾਂਚ ਦੀ ਜਾਂਚ ਤੋਂ ਬਾਅਦ ਉਕਤ ਦੋਸ਼ ਸਹੀ ਪਾਏ ਜਾਣ 'ਤੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਪੁਲਸ ਨੇ ਧੋਖਾਦੇਹੀ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਕੀ ਕਹਿਣੈ ਹਲਕਾ ਵਿਧਾਇਕ ਦਾ
ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਦੱਸਿਆ ਕਿ ਨਿੱਜੀ ਰੰਜਿਸ਼ ਦੇ ਕਾਰਣ ਕੁਝ ਲੋਕ ਝੂਠੇ ਮੁਕੱਦਮੇ ਦਰਜ ਕਰਵਾ ਰਹੇ ਹਨ। ਜਲਦੀ ਹੀ ਇਸਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।