CCI ਨੇ ਦਿੱਤੀ ਪੰਜਾਬ ਦੀਆਂ ਮੰਡੀਆਂ 'ਚ ਦਸਤਕ, ਕਿਸਾਨਾਂ ਨੂੰ ਚੰਗਾ ਮੁੱਲ ਮਿਲਣ ਦੀ ਬੱਝੀ ਆਸ

10/14/2019 2:29:38 PM

ਬਠਿੰਡਾ (ਪਰਮਿੰਦਰ) : ਸੀ. ਸੀ. ਆਈ. (ਭਾਰਤੀ ਕਪਾਹ ਨਿਗਮ) ਦੀ ਮੰਡੀਆਂ ਵਿਚ ਆਮਦ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਜਰੂਰ ਮਿਲੀ ਹੈ। ਸੀ. ਸੀ. ਆਈ. ਵਲੋਂ ਮਾਪਦੰਡਾਂ 'ਤੇ ਪੂਰੀ ਉੱਤਰਨ ਵਾਲੀ ਕਪਾਹ ਦੀ ਫਸਲ ਨੂੰ ਘੱਟ ਤੋਂ ਘੱਟ ਸਮਰਥਨ ਮੁੱਲ ਦੇ ਕੇ ਖਰੀਦਿਆ ਜਾ ਰਿਹਾ ਹੈ। ਸੀ. ਸੀ. ਆਈ. ਦੀ ਆਮਦ ਤੋਂ ਪਹਿਲਾਂ ਨਿੱਜੀ ਫਰਮਾਂ ਅਤੇ ਵਪਾਰੀਆਂ ਵੱਲੋਂ ਕਪਾਹ ਦੀ ਫਸਲ ਨੂੰ ਬੇਹੱਦ ਘੱਟ ਮੁੱਲ ਵਿਚ ਖਰੀਦ ਕੇ ਕਿਸਾਨਾਂ ਨੂੰ ਚਪਤ ਲਗਾਈ ਜਾ ਰਹੀ ਸੀ । ਸੀ. ਸੀ. ਆਈ. ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਪਿੰਡ ਪੱਧਰ 'ਤੇ ਕਿਸਾਨਾਂ ਦੇ ਘਰਾਂ ਵਿਚ ਵੀ ਦਸਤਕ ਦਿੱਤੀ ਜਾ ਰਹੀ ਹੈ।

ਕੈਂਪ ਲਗਾ ਕੇ ਕਿਸਾਨਾਂ ਨੂੰ ਕਰਨਗੇ ਜਾਗਰੂਕ
ਸੀ. ਸੀ. ਆਈ.  ਦੇ ਅਧਿਕਾਰੀਆਂ ਨੇ ਦੱਸਿਆ ਕਿ ਏਜੰਸੀ ਵੱਲੋਂ ਪਿੰਡ ਪੱਧਰ 'ਤੇ ਕਪਾਹ ਉਤਪਾਦਕ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਉਨ੍ਹਾਂ ਦੇ  ਘਰਾਂ ਵਿਚ ਵੀ ਦਸਤਕ ਦਿੱਤੀ ਜਾਵੇਗੀ ਅਤੇ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੁਹਿੰਮ ਤਹਿਤ ਕਿਸਾਨਾਂ ਤੋਂ ਫਸਲ ਦੀ ਸਿੱਧੀ ਖਰੀਦ ਕੀਤੀ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਕਿਸਾਨ ਆਪਣੀ ਫਸਲ ਨੂੰ ਸਿੱਧੇ ਸਬੰਧਤ ਮਿੱਲਾਂ ਵਿਚ ਲੈ ਕੇ ਆਉਣਗੇ, ਜਿੱਥੇ ਸੀ. ਸੀ. ਆਈ. ਵਲੋਂ ਉਨ੍ਹਾਂ ਦੀ ਫਸਲ ਨੂੰ ਚੰਗੇ ਮੁੱਲ 'ਤੇ ਖਰੀਦਿਆ ਜਾਵੇਗਾ। ਇਨ੍ਹਾਂ ਕੈਂਪਾਂ ਵਿਚ ਕਿਸਾਨਾਂ ਨੂੰ ਇਸ ਪ੍ਰੋਸੈਸ ਦੇ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨ ਆਪਣੀ ਫਸਲ ਸੀ. ਸੀ. ਆਈ. ਨੂੰ ਸਿੱਧੇ ਤੌਰ 'ਤੇ ਵੇਚ ਸਕਣ ਅਤੇ ਚੰਗੀ ਕੀਮਤ ਹਾਸਲ ਕਰ ਸਕਣ।

ਕਿਸਾਨ ਸੀ. ਸੀ. ਆਈ. ਨੂੰ ਦੇ ਰਹੇ ਤਰਜੀਹ
ਮੰਡੀਆਂ ਵਿਚ ਨਿੱਜੀ ਫਰਮਾਂ ਅਤੇ ਵਪਾਰੀਆਂ ਤੋਂ ਫਸਲ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਹੁਣ ਜ਼ਿਆਦਾਤਰ ਕਿਸਾਨ ਆਪਣੀ ਫਸਲ ਸੀ. ਸੀ. ਆਈ. ਨੂੰ ਹੀ ਵੇਚਣ ਨੂੰ ਤਰਜੀਹ ਦੇ ਰਹੇ ਹਨ। ਸੀ. ਸੀ. ਆਈ. ਵਲੋਂ ਪਿਛਲੇ ਸੋਮਵਾਰ ਤੋਂ ਖਰੀਦ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ 8 ਫੀਸਦੀ ਤੱਕ ਨਮੀ ਵਾਲੀ ਫਸਲ ਦੇ ਨਿਰਧਾਰਤ ਮੁੱਲ ਦੇ ਅਨੁਸਾਰ 5440 ਰੁਪਏ ਪ੍ਰਤੀ ਕੁਇੰਟਲ ਮੁੱਲ ਦਿੱਤਾ ਜਾ ਰਿਹਾ ਹੈ। ਮੰਡੀਆਂ ਵਿਚ ਕਿਸਾਨਾਂ ਦੀ ਫਸਲ 4500 ਤੋਂ 5000 ਰੁਪਏ ਵਿਚ ਖਰੀਦੀ ਜਾ ਰਹੀ ਸੀ, ਜਿਸ ਕਾਰਨ ਕਿਸਾਨਾਂ ਨੇ ਫਸਲ ਨੂੰ ਸਟੋਰ ਕਰ ਦਿੱਤਾ ਸੀ। ਹੁਣ ਕਿਸਾਨ ਸੀ. ਸੀ. ਆਈ. ਨੂੰ ਹੀ ਉਕਤ ਫਸਲ ਵੇਚਣ ਲਈ ਨਿਕਲ ਰਹੇ ਹਨ।

2 ਹਜ਼ਾਰ ਕੁਇੰਟਲ ਤੋਂ ਜ਼ਿਆਦਾ ਦੀ ਹੋਈ ਖਰੀਦ
ਬਠਿੰਡਾ ਅਤੇ ਨਜ਼ਦੀਕੀ ਮੰਡੀਆਂ ਵਿਚ ਸੀ. ਸੀ. ਆਈ. ਵਲੋਂ ਹੁਣ ਤੱਕ 2 ਹਜ਼ਾਰ ਕੁਇੰਟਲ ਤੋਂ ਜ਼ਿਆਦਾ ਕਪਾਹ ਦੀ ਖਰੀਦ ਕੀਤੀ ਜਾ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਬਹੁਤੇ ਕਿਸਾਨ ਮੰਡੀਆਂ ਵਿਚ ਫਸਲ ਲੈ ਕੇ ਨਹੀਂ ਆ ਰਹੇ। ਅਗਲੇ ਕੁੱਝ ਦਿਨਾਂ ਵਿਚ ਕਪਾਹ ਦੀ ਆਮਦ ਵਿਚ ਤੇਜੀ ਆਉਣ ਦੇ ਆਸਾਰ ਹਨ। ਬਠਿੰਡਾ ਵਿਚ ਲੱਗਭਗ 1 ਹਜ਼ਾਰ ਕੁਇੰਟਲ ਕਪਾਹ ਦੀ ਖਰੀਦ ਸੀ. ਸੀ. ਆਈ. ਵੱਲੋਂ ਕਰ ਲਈ ਗਈ ਹੈ। ਇਸ ਦੇ ਨਾਲ ਹੀ ਕਰੀਬ 1200 ਕੁਇੰਟਲ ਕਪਾਹ ਦੀ ਫਸਲ ਅਬੋਹਰ, ਮਲੋਟ ਅਤੇ ਹੋਰ ਮੰਡੀਆਂ ਤੋਂ ਵੀ ਖਰੀਦੀ ਜਾ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਆਮਦ ਤੇਜ ਹੋਣ ਦੇ ਨਾਲ-ਨਾਲ ਖਰੀਦ ਦੀ ਪ੍ਰਕਿਰਿਆ ਵਿਚ ਵੀ ਤੇਜੀ ਦੇ ਆਸਾਰ ਹਨ।


cherry

Content Editor

Related News