ਬਠਿੰਡਾ 'ਚ ਰਾਜਾ ਵੜਿੰਗ ਦੇ ਹੱਕ 'ਚ ਨਵਜੋਤ ਸਿੱਧੂ ਦਾ ਰੋਡ ਸ਼ੋਅ

05/17/2019 5:28:35 PM

ਬਠਿੰਡਾ/ਮਾਨਸਾ(ਅਮਿਤ ਸ਼ਰਮਾ, ਸੰਦੀਪ ਮਿੱਤਲ, ਬਾਂਸਲ, ਮਨਜੀਤ) : ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਅੱਜ ਕੈਬਨਿਟ ਮੰਤਰੀ ਤੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿਚ ਵੱਡਾ ਰੋਡ ਸ਼ੋਅ ਕੱਢਿਆ ਗਿਆ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਵਜੋਤ ਸਿੱਧੂ ਨੇ ਨਿਸ਼ਾਨੇ 'ਤੇ ਬਾਦਲ ਪਰਿਵਾਰ ਰਿਹਾ।

PunjabKesari

ਇਸ ਦੌਰਾਨ ਸਿੱਧੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੱਡਾ ਝੂਠਾ ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁੱਖਾ ਗੱਪੀ ਕਹਿੰਦਿਆਂ ਸਿਰੇ ਦਾ ਗਪੌੜੀ ਐਲਾਨਿਆ। ਸਿੱਧੂ ਨੇ ਕਿਹਾ ਕਿ ਕੇਂਦਰ 'ਚ ਮੋਦੀ ਸਰਕਾਰ ਨੇ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਗੱਲ ਕਹੀ ਸੀ, ਜਦਕਿ ਲੋਕਾਂ ਨੂੰ ਰੋਜ਼ਗਾਰ ਦੇ ਨਾਂਅ 'ਤੇ ਸਿਰਫ ਲਾਲੀਪਾਪ ਦੇਣ ਦੇ ਨਾਲ-ਨਾਲ ਆਪਣੇ ਚਹੇਤਿਆਂ ਨੂੰ ਵੀ ਮਾਲੋਮਾਲ ਕਰਕੇ ਅਮੀਰਾਂ ਨੂੰ ਅਮੀਰ ਤੇ ਗਰੀਬਾਂ ਨੂੰ ਹੋਰ ਗਰੀਬ ਬਣਾ ਦਿੱਤਾ। ਬੇਅਦਬੀ ਦੇ ਮਾਮਲੇ 'ਚ ਸਿੱਧੂ ਨੇ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਦਗੀ ਵਿਚ ਗੁਰੂ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਮੇਰੀ ਰੂਹ ਸਦਾ ਲਈ ਭਟਕਦੀ ਰਹੇਗੀ। ਉਨ੍ਹਾਂ ਕਿਹਾ ਕਿ ਮੈਂ ਨਵਜੋਤ ਸਿੰਘ ਸਿੱਧੂ ਪੁੱਤਰ ਸਰਦਾਰ ਭਗਵੰਤ ਸਿੰਘ ਅੱਜ ਇਸ ਧਰਤੀ 'ਤੇ ਪ੍ਰਣ ਲੈਂਦਾ ਹਾਂ ਕਿ ਮੈਂ ਆਪਣੇ ਗੁਰੂ ਦਾ ਮਾਣ ਨਾ ਰੱਖ ਸਕਿਆ ਤਾਂ ਰਾਜਨੀਤੀ ਸਦਾ ਲਈ ਛੱਡ ਦਿਆਂਗਾ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਥ ਦੇ ਨਾਂਅ 'ਤੇ ਪੰਜਾਬ ਨੂੰ ਲੁੱਟਿਆ ਅਤੇ ਪੱਟਿਆ ਤੇ ਹੁਣ ਬੇਅਦਬੀ ਕਰਨ 'ਤੇ ਪੰਥ ਉਨ੍ਹਾਂ ਨੂੰ ਪੱਟੂ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਕੇ ਰੱਖ ਦਿਤਾ।

PunjabKesari

ਦੱਸ ਦੇਈਏ ਕਿ ਬੀਤੀ 14 ਮਈ ਨੂੰ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਰਾਜਾ ਵੜਿੰਗ ਦੇ ਹੱਕ ਵਿਚ ਚੋਣ ਰੈਲੀ ਕੀਤੀ ਗਈ ਸੀ। ਉਦੋਂ ਸਿੱਧੂ ਨੇ ਵਚਨ ਦਿੱਤਾ ਸੀ ਕਿ ਉਹ ਪ੍ਰਿਅੰਕਾ ਗਾਂਧੀ, ਰਾਹੁਲ ਗਾਂਧੀ ਅਤੇ ਕੈਪਟਨ ਸਾਬ੍ਹ ਲਈ 17 ਮਈ ਨੂੰ ਇਕ ਵਾਰ ਫਿਰ ਬਠਿੰਡਾ ਦੀ ਧਰਨ 'ਤੇ ਆਉਣਗੇ ਅਤੇ ਬਾਦਲਾਂ ਦਾ ਤਖਤਾ ਪਲਟ ਕਰ ਕੇ ਜਾਣਗੇ। ਉਸ ਸਮੇਂ ਉਨ੍ਹਾਂ ਨਾਲ ਪ੍ਰਿਅੰਕਾ ਗਾਂਧੀ, ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਹੋਰ ਕਾਂਗਰਸੀ ਆਗੂ ਮੌਜੂਦ ਸਨ।


cherry

Content Editor

Related News