ਸਿੱਧੂ ਮੂਸੇਵਾਲਾ ਦਾ HOLOGRAM ਟੂਰ ਛੱਡ ਮਾਨਸਾ ਧਰਨੇ ''ਚ ਪਹੁੰਚੇ ਬਲਕੌਰ ਸਿੰਘ
Tuesday, Oct 20, 2026 - 01:04 PM (IST)
ਮਾਨਸਾ (ਵੈੱਬ ਡੈਸਕ): ਮਾਨਸਾ ਵਿਚ ਨਸ਼ਿਆਂ ਖ਼ਿਲਾਫ਼ ਲੜਾਈ ਲੜਣ ਵਾਲੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਗਰੋਂ ਧਰਨਾ ਲਗਾਤਾਰ ਜਾਰੀ ਹੈ। ਇਸ ਕਤਲਕਾਂਡ ਮਗਰੋਂ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕੈਨੇਡਾ ਅਤੇ ਅਮਰੀਕਾ ਵਿਚ ਚੱਲ ਰਹੇ Signed to God ਹੋਲੋਗ੍ਰਾਮ ਟੂਰ ਦੇ ਬਾਕੀ ਸ਼ੋਅ ਮੁਲਤਵੀ ਕਰ ਦਿੱਤੇ ਹਨ। ਇਸ ਮਗਰੋਂ ਉਹ ਅੱਜ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਧਰਨੇ 'ਚ ਪਹੁੰਚੇ ਅਤੇ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਦਰਅਸਲ, ਬਲਕੌਰ ਸਿੰਘ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸਾਂਝੀ ਕਰਦਿਆਂ ਆਖ਼ਿਆ ਸੀ ਕਿ ਪੰਜਾਬ ਵਿਚ ਬਣੇ ਤਣਾਅਪੂਰਨ ਮਾਹੌਲ ਅਤੇ ਝੋਟਾ ਦੇ ਕਤਲ ਵਿਰੁੱਧ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਹ ਟੂਰ ਰੋਕਿਆ ਗਿਆ ਹੈ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਸੀ ਕਿ ਸਾਡੇ ਲਈ ਸਾਡਾ ਮਾਨਸਾ ਤੇ ਪੰਜਾਬ ਸਭ ਤੋਂ ਪਹਿਲਾਂ ਹੈ। ਉਨ੍ਹਾਂ ਕੈਲਗਰੀ ਅਤੇ ਅਮਰੀਕਾ ਦੇ ਪ੍ਰਸ਼ੰਸਕਾਂ ਤੋਂ ਮਾਫ਼ੀ ਮੰਗਦਿਆਂ ਕਿਹਾ ਕਿ ਉਹ ਇਸ ਵਾਰ ਉਨ੍ਹਾਂ ਨੂੰ ਨਹੀਂ ਮਿਲ ਸਕਣਗੇ, ਪਰ ਵਾਅਦਾ ਕੀਤਾ ਕਿ ਉਹ ਜਲਦ ਹੀ ਬਿਹਤਰ ਪੇਸ਼ਕਾਰੀ ਨਾਲ ਵਾਪਸੀ ਕਰਨਗੇ। ਪਿਛਲੇ ਕੁਝ ਦਿਨਾਂ ਤੋਂ ਬਲਕੌਰ ਸਿੰਘ, ਉਨ੍ਹਾਂ ਦੀ ਪਤਨੀ ਚਰਨ ਕੌਰ ਅਤੇ ਛੋਟਾ ਪੁੱਤਰ ਸ਼ੁਭਦੀਪ ਸਿੰਘ (ਨਿੱਕਾ ਸਿੱਧੂ) ਇਨ੍ਹਾਂ ਹੋਲੋਗ੍ਰਾਮ ਸ਼ੋਆਂ ਲਈ ਕੈਨੇਡਾ ਗਏ ਹੋਏ ਸਨ।
ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਮਾਨਸਾ ਦੇ ਇਕ ਮੈਡੀਕਲ ਸਟੋਰ 'ਤੇ ਨਸ਼ਾ-ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹਨ। ਪਰਿਵਾਰ ਵੱਲੋਂ ਆਪਣੀਆਂ ਮੰਗਾਂ ਨਾ ਮੰਨੇ ਜਾਣ ਤਕ ਪਰਵਿੰਦਰ ਝੋਟੇ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਗਿਆ ਹੈ।
