ਬਠਿੰਡਾ ’ਚ ਪਿਛਲੇ 8 ਮਹੀਨਿਆਂ ’ਚ 10 ਬੱਚੇ ਗੋਦ ਲਏ : ਡਿਪਟੀ ਕਮਿਸ਼ਨਰ
Tuesday, Nov 03, 2026 - 11:21 AM (IST)
ਬਠਿੰਡਾ (ਵਰਮਾ) : ਬਠਿੰਡਾ ’ਚ ਪਿਛਲੇ 8 ਮਹੀਨਿਆਂ ’ਚ 10 ਬੱਚੇ https:/ /cara.wcd.gov.in/ 'ਤੇ ਰੇਜਿਸਟ੍ਰੇਸ਼ਨ ਕਰਵਾ ਕੇ ਗੋਦ ਲਏ ਗਏ ਹਨ। ਇਹ ਜਾਣਕਾਰੀ ਦਿੰਦਿਆਂ ਰਾਜੇਸ਼ ਧੀਮਾਨ ਡਿਪਟੀ ਕਮਿਸ਼ਨਰ ਬਠਿੰਡਾ ਨੇ ਦੱਸਿਆ ਕਿ ਇਨ੍ਹਾਂ 10 ਬੱਚਿਆਂ ’ਚੋਂ 3 ਬੱਚੇ ਯੂ. ਐੱਸ. ਏ., ਕੈਨੇਡਾ ਅਤੇ ਇਟਲੀ ਦੇ ਪਰਿਵਾਰਾਂ ਵੱਲੋਂ ਗੋਦ ਲਏ ਗਏ। ਬਾਕੀ ਦੇ ਬੱਚੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਗੁਜਰਾਤ, ਉੱਤਰ ਪ੍ਰਦੇਸ਼, ਉੱਤਰਾਖੰਡ, ਮੋਹਾਲੀ, ਐੱਸ.ਏ.ਐੱਸ. ਨਗਰ ਅਤੇ ਬੰਗਾਲ ਵਿਖੇ ਪਰਿਵਾਰਾਂ ਵੱਲੋਂ ਗੋਦ ਲਏ ਗਏ ਹਨ। ਇਨ੍ਹਾਂ 10 ਬੱਚਿਆਂ ਵਿੱਚ 5 ਮੁੰਡੇ ਅਤੇ 5 ਕੁੜੀਆਂ 2 ਮਹੀਨੇ ਦੀ ਉਮਰ ਤੋਂ 7 ਸਾਲ ਤੱਕ ਦੀ ਉਮਰ ਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਨੂੰ ਗੋਦ ਲੈਣ ਦੇ ਚਾਹਵਾਨ ਲੋਕਾਂ ਨੇ ਆਪਣੀ ਰਜਿਸਟ੍ਰੇਸ਼ਨ ਭਾਰਤ ਸਰਕਾਰ ਦੇ ਪੋਰਟਲ https://cara.wcd.gov.in/ 'ਤੇ ਕੀਤੀ ਤੇ ਸਾਰੇ ਬਣਦੇ ਦਸਤਾਵੇਜ਼ ਤੇ ਸ਼ਰਤਾਂ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੱਚੇ ਗੋਦ ਦਿੱਤੇ ਗਏ ਹਨ। ਜ਼ਿਲ੍ਹਾ ਬਠਿੰਡਾ ’ਚ ਕੇਵਲ ਦੋ ਏਜੰਸੀਆਂ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਬੱਚੇ ਗੋਦ ਦੇਣ ਦਾ ਅਧਿਕਾਰ ਹੈ।
ਇਨ੍ਹਾਂ ਏਜੰਸੀਆਂ ਤੋਂ ਇਲਾਵਾ ਜ਼ਿਲ੍ਹਾ ਬਠਿੰਡਾ ’ਚ ਹੋਰ ਕੋਈ ਅਧਿਕਾਰਤ ਏਜੰਸੀ ਨਹੀਂ ਹੈ। ਦੋਵੇਂ ਕੇਂਦਰਾਂ ਵਿਖੇ ਪੰਘੂੜਾ ਸਥਾਪਤ ਕੀਤਾ ਗਿਆ ਹੈ ਤਾਂ ਜੋ ਜਿਹੜੇ ਮਾਂ ਬਾਪ ਆਪਣੇ ਬੱਚਿਆਂ ਨੂੰ ਸੰਭਾਲਣਾ 'ਚ ਅਸਮਰਥ ਨੇ ਉਹ ਪੰਘੂੜੇ ’ਚ ਆਪਣਾ ਬੱਚਾ ਛੱਡ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬੱਚਾ ਗੋਦ ਲੈਣ ਦੀ ਪ੍ਰਕਿਰਿਆ ਪੂਰੀ ਤਰ੍ਹਾਂ ਕਾਨੂੰਨੀ ਨਿਯਮਾਂ ਤੇ ਨਿਰਧਾਰਤ ਪ੍ਰਕਿਰਿਆ ਅਨੁਸਾਰ ਹੀ ਕੀਤੀ ਜਾਂਦੀ ਹੈ। ਇੱਛੁਕ ਮਾਤਾ-ਪਿਤਾ ਸੈਂਟਰਲ ਅਡਾਪਸ਼ਨ ਰਿਸੋਰਸ ਅਥਾਰਟੀ ਦੇ ਆਨਲਾਈਨ ਪੋਰਟਲ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਬੱਚੇ ਗੋਦ ਲੈਣ ਜਾਂ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਕੇਵਲ ਅਧਿਕਾਰਤ ਏਜੰਸੀ ਰਾਹੀਂ ਹੀ ਕਾਨੂੰਨੀ ਪ੍ਰਕਿਰਿਆ ਆਪਣਾ ਕੇ ਬੱਚੇ ਗੋਦ ਲੈਣੇ ਚਾਹੀਦੇ ਹਨ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਵਿਅਕਤੀ ਬੱਚਾ ਗੋਦ ਲੈਣ ਦਾ ਇੱਛੁਕ ਹੈ ਤਾਂ ਉਹ ਸਬੰਧਤ ਵਿਭਾਗ ਜਾਂ ਅਧਿਕਾਰਤ ਸਪੈਸ਼ਲਾਈਜ਼ਡ ਅਡਾਪਸ਼ਨ ਏਜੰਸੀ ਨਾਲ ਸੰਪਰਕ ਕਰਕੇ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਕਾਰਵਾਈ ਕਰੇ। ਇਸ ਨਾਲ ਬੱਚਿਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਭਵਿੱਖ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ।
