ਬਠਿੰਡਾ ਜ਼ਿਲ੍ਹੇ ''ਚ ਕੋਰੋਨਾ ਦੇ 109 ਨਵੇਂ ਮਾਮਲੇ ਆਏ ਸਾਹਮਣੇ, 5 ਦੀ ਮੌਤ

09/17/2020 12:24:36 AM

ਬਠਿੰਡਾ, (ਵਰਮਾ)- ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਤਿੰਨ ਔਰਤਾਂ ਸਮੇਤ 5 ਲੋਕ ਦਮ ਤੋੜ ਗਏ ਅਤੇ 109 ਲੋਕਾਂ ਦੀ ਰਿਪੋਰਟ ਪਾਜ਼ੇਟਵ ਆਈ ਹੈ। ਮ੍ਰਿਤਕਾਂ ਦੀ ਉਮਰ 60 ਸਾਲ ਤੋਂ 83 ਸਾਲ ਤੱਕ ਸੀ, ਜੋ ਕੋਰੋਨਾ ਨਾਲ ਹੋਰ ਕਈ ਬੀਮਾਰੀਆਂ ਤੋਂ ਪੀੜਤ ਸਨ। ਕੋਰੋਨਾ ਦੇ ਪੀੜਤਾਂ ਨੂੰ ਨਿੱਜੀ ਹਸਪਤਾਲਾਂ ’ਚ ਇਲਾਜ ਲਈ ਰੱਖਿਆ ਗਿਆ ਸੀ ਪਰ ਡਾਕਟਰਾਂ ਦੀ ਕੋਸ਼ਿਸ਼ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਸ਼ਹਿਰ ਦੀ ਇਕ ਵੱਡੀ ਸੰਸਥਾ ਯੰਗ ਵੈੱਲਫੇਅਰ ਸੋਸਾਇਟੀ ਦੀ ਤਰਫ਼ੋਂ ਜ਼ਿਲਾ ਪ੍ਰਸ਼ਾਸਨ ਦੀ ਹਾਜ਼ਰੀ ’ਚ ਲਾਸ਼ਾਂ ਦਾ ਸਸਕਾਰ ਕੀਤਾ ਗਿਆ। ਹੁਣ ਤੱਕ ਜ਼ਿਲੇ ’ਚ 85 ਲੋਕਾਂ ਦੀ ਜਾਨ ਜਾ ਚੁੱਕੀ ਹੈ ਪਰ ਸ਼ਹਿਰ ਵਾਸੀ ਬੇਫਿਕਰੀ ਨਾਲ ਘੁੰਮਦੇ ਨਜ਼ਰ ਆ ਰਹੇ ਹਨ, ਜਦਕਿ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ। ਟੈਸਟਾਂ ਤੋਂ ਬਾਅਦ, ਰੋਜ਼ਾਨਾ 100 ਤੋਂ ਵੱਧ ਮਰੀਜ਼ ਪਾਜ਼ੇਟਿਵ ਆ ਰਹੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਦਾਖਲ ਕੀਤਾ ਜਾ ਰਿਹਾ ਹੈ। ਸਿਵਲ ਹਸਪਤਾਲ ’ਚ ਦਾਖਲ ਹੋਈ ਕੋਰੋਨਾ ਤੋਂ ਪੀੜਤ ਔਰਤ ਦਾ ਸ਼ੂਗਰ ਦਾ ਪੱਧਰ ਅਚਾਨਕ ਵਧ ਗਿਆ, ਜਿਸ ਦੀ ਉਮਰ 73 ਸਾਲ ਸੀ ਜੋ ਦਿਲ ਦੀ ਬੀਮਾਰੀ ਨਾਲ ਪੀੜਤ ਸੀ।

ਦੂਜੀ ਮੌਤ 64 ਸਾਲਾ ਸ਼ਹਿਰ ਦੇ ਬਸੰਤ ਬਿਹਾਰ ਵਾਸੀ ਦੀ ਹੋਈ, ਜਿਸ ਨੂੰ ਇਲਾਜ ਲਈ 3 ਸਤੰਬਰ ਨੂੰ ਡੀ. ਐੱਮ. ਸੀ. ਲੁਧਿਆਣਾ ਭੇਜ ਦਿੱਤਾ ਗਿਆ ਸੀ ਦੀ ਬੁੱਧਵਾਰ ਸਵੇਰੇ ਮੌਤ ਹੋ ਗਈ। ਜਿਸ ਦਾ ਅੰਤਿਮ ਸੰਸਕਾਰ ਵੀ ਬਠਿੰਡਾ ’ਚ ਕੀਤਾ ਗਿਆ। 85 ਸਾਲਾ ਗਿੱਦੜਬਾਹਾ ਵਾਸੀ ਦੀ ਵੀ ਕੋਰੋਨਾ ਨਾਲ ਮੌਤ ਹੋ ਗਈ, ਜਿਸ ਨੂੰ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਅਤੇ ਉਹ ਗੰਭੀਰ ਬੀਮਾਰੀਆਂ ਨਾਲ ਪੀੜਤ ਸੀ। ਚੌਥੀ ਮੌਤ 80 ਸਾਲਾ ਔਰਤ ਦੀ ਹੋਈ ਜੋ ਕਿ ਇੱਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਸੀ ਅਤੇ ਉਸ ਨੂੰ ਸਾਹ ਲੈਣ ’ਚ ਮੁਸ਼ਕਿਲ ਸੀ ਅਤੇ ਉਹ ਛਾਤੀ ਦੀ ਬੀਮਾਰੀ ਨਾਲ ਪੀੜਤ ਸੀ, ਜਿਸਦਾ ਸਸਕਾਰ ਯੰਗ ਵੈੱਲਫੇਅਰ ਸੋਸਾਇਟੀ ਨੇ ਕੀਤਾ। ਪੰਜਵੀਂ ਮੌਤ 60 ਸਾਲਾ ਬਜ਼ੁਰਗ ਔਰਤ ਦੀ ਹੋਈ ਜੋ ਫ਼ਾਜ਼ਿਲਕਾ ਦੇ ਇਕ ਪਿੰਡ ਦੀ ਰਹਿਣ ਵਾਲੀ ਸੀ ਅਤੇ ਇਲਾਜ ਲਈ ਬਠਿੰਡਾ ਦੇ ਇਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਸੀ। ਔਰਤ ਨੂੰ ਤੇਜ਼ ਬੁਖਾਰ, ਛਾਤੀ ’ਚ ਦਰਦ, ਸਾਹ ਲੈਣ ’ਚ ਮੁਸ਼ਕਿਲ ਅਤੇ ਖੰਘ ਸੀ।

ਹੁਣ ਤੱਕ, ਬਠਿੰਡਾ ’ਚ 83 ਲੋਕ ਕੋਰੋਨਾ ਨਾਲ ਮਰ ਚੁੱਕੇ ਹਨ। ਕੋਰੋਨਾ ਦੇ ਮਰੀਜ਼ਾਂ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸਰਕਾਰੀ ਅਤੇ ਨਿੱਜੀ ਹਸਪਤਾਲਾਂ ’ਚ ਕੋਵਿਡ ਸੈਂਟਰਾਂ ਦਾ ਪ੍ਰਬੰਧ ਕੀਤਾ ਗਿਆ ਹੈ। ਕੁੱਲ 1249 ਮਰੀਜ਼ਾਂ ਲਈ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜਦਕਿ 279 ਲੋਕ ਇਨ੍ਹਾਂ ਕੇਂਦਰਾਂ ’ਚ ਦਾਖਲ ਹਨ। ਜੇਕਰ ਪਾਜ਼ੇਟਿਵ ਮਾਮਲੇ ਵਧ ਜਾਂਦੇ ਹਨ ਤਾਂ ਕੋਰੋਨਾ ਮਹਾਮਾਰੀ ਵਾਸਤੇ ਇਹ ਸੰਕਟਕਾਲੀਨ ਵਿਵਸਥਾ ਕੀਤੀ ਗਈ ਹੈ। ਸਿਹਤ ਵਿਭਾਗ ਅਨੁਸਾਰ ਪੜਾਅ-1 ’ਚ 133, ਪੜਾਅ-2 ’ਚ 114, ਜਦਕਿ ਪੜਾਅ-3 ’ਚ ਕੇਵਲ 32 ਮਰੀਜ਼ ਹੀ ਆਈਸੋਲੇਸ਼ਨ ਵਾਰਡਾਂ ’ਚ ਭਰਤੀ ਹਨ। ਇਕ ਹਜ਼ਾਰ ਤੋਂ ਵੱਧ ਐਕਟਿਵ ਮਾਮਲਿਆਂ ’ਚ 821 ਲੋਕਾਂ ਨੂੰ ਘਰ ’ਚ ਹੀ ਇਕਾਂਤਵਾਸ ਕੀਤਾ ਗਿਆ ਹੈ। 560 ਮਰੀਜ਼ਾਂ ਨੂੰ ਹੁਣ ਤੱਕ ਦੂਸਰੇ ਜ਼ਿਲਿਆਂ ’ਚ ਸ਼ਿਫਟ ਕੀਤਾ ਜਾ ਚੁੱਕਾ ਹੈ। ਜਿਸ ’ਚ 60 ਫੀਸਦੀ ਤੋਂ ਵੱਧ ਲੋਕ ਸਿਹਤਮੰਦ ਹੋ ਕੇ ਘਰ ਵਾਪਸ ਜਾ ਚੁੱਕੇ ਹਨ।


Bharat Thapa

Content Editor

Related News