ਪਹਿਲੀ ਧੁੱਪ ਨਾਲ ਹੀ ਪਾਟਿਆ ਨਵਾਂ ਬਾਰਦਾਨਾ, ਸਵਾਲਾਂ ''ਚ ਘਿਰੇ ਵਿਭਾਗ
Saturday, Jul 13, 2019 - 03:47 PM (IST)

ਬਠਿੰਡਾ (ਵੈੱਬ ਡੈਸਕ) : ਪੰਜਾਬ ਦੇ 3 ਜ਼ਿਲਿਆਂ ਵਿਚ ਕੋਲਕਾਤਾ ਦੀ ਫਰਮ ਵੱਲੋਂ ਸਪਲਾਈ ਕੀਤਾ ਪਲਾਸਟਿਕ ਦਾ ਗੈਰਮਿਆਰੀ ਬਾਰਦਾਨਾ ਪਾਟਣ ਲੱਗਿਆ ਹੈ, ਜਿਸ ਕਾਰਨ ਲੱਖਾਂ ਮੀਟਰਕ ਟਨ ਕਣਕ ਖ਼ਰਾਬ ਹੋਣ ਦਾ ਖ਼ਦਸ਼ਾ ਖੜ੍ਹਾ ਹੋ ਗਿਆ ਹੈ, ਜਿਸ ਨੂੰ ਦੇਖਦੇ ਹੋਏ ਭਾਰਤੀ ਖੁਰਾਕ ਨਿਗਮ ਨੇ ਵੀ ਪੰਜਾਬ ਵਿਚ ਗੈਰਮਿਆਰੀ ਬਾਰਦਾਨੇ ਬਾਰੇ ਰਿਪੋਰਟ ਮੰਗੀ ਹੈ। ਸੂਤਰਾਂ ਅਨੁਸਾਰ ਮਾਮਲੇ ਨੂੰ ਦਬਾਉਣ ਲਈ ਲਈ ਫਰਮ ਨੇ ਬਾਰਦਾਨਾ ਬਦਲਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸ ਵਾਰ ਜੂਟ ਬਾਰਦਾਨੇ ਤੋਂ ਇਲਾਵਾ ਪੰਜਾਬ ਵਿਚ ਪਲਾਸਟਿਕ ਦੇ ਬਾਰਦਾਨੇ ਵਿਚ ਵੀ ਕਣਕ ਭੰਡਾਰ ਕੀਤੀ ਗਈ ਹੈ ਪਰ ਇਹ ਬਾਰਦਾਨਾ ਪਹਿਲੀ ਤਿੱਖੀ ਧੁੱਪ ਵੀ ਨਹੀਂ ਝੱਲ ਸਕਿਆ।
ਜਾਣਕਾਰੀ ਅਨੁਸਾਰ ਪੰਜਾਬ ਵਿਚ ਇਸ ਵੇਲੇ ਕਰੀਬ 90 ਲੱਖ ਮੀਟਰਕ ਟਨ ਕਣਕ ਖੁੱਲ੍ਹੇ ਅਸਮਾਨ ਹੇਠ ਭੰਡਾਰ ਕੀਤੀ ਹੋਈ ਹੈ। ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਨੇ 6 ਜੂਨ ਨੂੰ ਪੰਜਾਬ ਸਰਕਾਰ ਨੂੰ ਲਿਖਤੀ ਸੂਚਨਾ ਭੇਜੀ ਸੀ ਕਿ ਬਠਿੰਡਾ, ਮਾਨਸਾ ਅਤੇ ਲੁਧਿਆਣਾ ਜ਼ਿਲ੍ਹੇ ਵਿਚ ਮੈਸਰਜ਼ ਸਮਰੱਥ ਫੈਬਲੋਨ ਪ੍ਰਾਈਵੇਟ ਲਿਮਟਿਡ ਕੋਲਕਾਤਾ ਵੱਲੋਂ ਸਪਲਾਈ ਕੀਤੇ ਐੱਚ.ਡੀ.ਪੀ.ਈ/ਪੀ.ਪੀ. ਬੈਗ ਪਾਟ ਰਹੇ ਹਨ, ਜਿਸ ਨਾਲ ਕਣਕ ਦਾ ਨੁਕਸਾਨ ਹੋ ਰਿਹਾ ਹੈ। ਖੁਰਾਕ ਤੇ ਸਪਲਾਈ ਮਹਿਕਮੇ ਨੇ 9 ਜੁਲਾਈ ਨੂੰ ਪੰਜਾਬ ਐਗਰੋ ਫੂਡ ਕਾਰਪੋਰੇਸ਼ਨ ਨੂੰ ਪੱਤਰ ਭੇਜ ਕੇ ਜਾਣੂ ਕਰਾਇਆ ਹੈ ਕਿ ਬਾਰਦਾਨਾ ਸਪਲਾਈ ਕਰਨ ਵਾਲੀ ਸਬੰਧਤ ਫਰਮ ਨੂੰ 10 ਜੂਨ ਨੂੰ ਹੀ ਹਦਾਇਤ ਕਰ ਦਿੱਤੀ ਗਈ ਸੀ ਕਿ ਪੰਜਾਬ ਐਗਰੋ ਦੇ ਸਾਰੇ ਭੰਡਾਰਨ ਪੁਆਇੰਟਾਂ 'ਤੇ ਸਾਂਝੀ ਇੰਸਪੈਕਸ਼ਨ ਕੀਤੀ ਜਾਵੇ ਅਤੇ ਤੁਰੰਤ ਗੈਰਮਿਆਰੀ ਬਾਰਦਾਨਾ ਬਦਲਿਆ ਜਾਵੇ। ਪੰਜਾਬ ਸਰਕਾਰ ਨੇ ਫਰਮ ਤੋਂ ਗੈਰਮਿਆਰੀ ਬਾਰਦਾਨੇ ਦਾ ਖ਼ਰਚਾ, ਲੇਬਰ, ਨੁਕਸਾਨੀ ਗਈ ਕਣਕ ਆਦਿ ਦੀ ਅਦਾਇਗੀ ਵੀ ਮੰਗ ਲਈ ਹੈ ਪ੍ਰੰਤੂ ਨੁਕਸਾਨ ਦਾ ਅਨੁਮਾਨ ਹਾਲੇ ਲਾਇਆ ਜਾਣਾ ਬਾਕੀ ਹੈ। ਪੰਜਾਬ ਸਰਕਾਰ ਨੇ ਫੂਡ ਏਜੰਸੀਆਂ ਨੂੰ ਹਦਾਇਤ ਵੀ ਜਾਰੀ ਕੀਤੀ ਹੈ ਕਿ ਪਲਾਸਟਿਕ ਦੇ ਬਾਰਦਾਨੇ ਵਾਲੇ ਭੰਡਾਰਾਂ ਨੂੰ ਪੂਰੀ ਤਰ੍ਹਾਂ ਢੱਕ ਕੇ ਰੱਖਿਆ ਜਾਵੇ ਅਤੇ ਕਣਕ ਦੀ ਸਹੀ ਸੰਭਾਲ ਕੀਤੀ ਜਾਵੇ ਤਾਂ ਜੋ ਕਣਕ ਦੀ ਗੁਣਵੱਤਾ ਵਿਚ ਕੋਈ ਕਮੀ ਨਾ ਆਵੇ।
ਦੂਜੇ ਪਾਸੇ ਭਾਰਤੀ ਖੁਰਾਕ ਨਿਗਮ ਨੇ ਵੀ ਪਾਟੇ ਬਾਰਦਾਨੇ ਦਾ ਸਖ਼ਤ ਨੋਟਿਸ ਲਿਆ ਹੈ ਕਿਉਂਕਿ ਇਸ ਨਾਲ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਣੀ ਹੈ ਅਤੇ ਜੇਕਰ ਕਣਕ ਦੀ ਗੁਣਵੱਤਾ 'ਤੇ ਕੋਈ ਉਂਗਲ ਉੱਠੀ ਤਾਂ ਪੰਜਾਬ ਸਰਕਾਰ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ ਹੈ। ਖੁਰਾਕ ਤੇ ਸਪਲਾਈ ਵਿਭਾਗ ਦੇ ਸਰਕਾਰੀ ਸੂਤਰਾਂ ਨੇ ਬਾਰਦਾਨਾ ਪਾਟਣ ਦੀ ਪੁਸ਼ਟੀ ਕੀਤੀ ਹੈ।