ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਭਲਕੇ ਬਾਦਲ ਸਾਹਿਬ ਤੋਂ ਲੈਣਗੇ ਆਸ਼ੀਰਵਾਦ

02/19/2020 3:29:30 PM

ਬਠਿੰਡਾ (ਵਰਮਾ) - ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ 20 ਫਰਵਰੀ ਨੂੰ ਨਵੇਂ ਚੁਣੇ ਗਏ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਡਾ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸੁਪਰੀਮੋ ਪ੍ਰਕਾਸ਼ ਸਿੰਘ ਬਾਦਲ ਨਾਲ ਉਨ੍ਹਾਂ ਦੇ ਗ੍ਰਹਿ ਸਥਾਨ ’ਤੇ ਜਾ ਉਨ੍ਹਾਂ ਦਾ ਆਸ਼ੀਰਵਾਦ ਲੈਣਗੇ। ਰਾਸ਼ਟਰੀ ਪ੍ਰਧਾਨ ਦੇ ਆਗਮਨ ਮੌਕੇ ਤਿਆਰੀਆਂ ’ਚ ਰੁੱਝੇ ਪ੍ਰਦੇਸ਼ ਪ੍ਰਧਾਨ ਮੰਗਲਵਾਰ ਨੂੰ ਡਾ. ਜੀ. ਐੱਸ. ਨਾਗਪਾਲ ਦੇ ਘਰ ਨਾਸ਼ਤੇ ’ਤੇ ਪਹੁੰਚੇ ਤਾਂ ਉਥੇ ਉਨ੍ਹਾਂ ਕਿਹਾ ਕਿ ਭਾਜਪਾ ਦੇ ਵਰਕਰਾਂ ’ਚ ਇਕ ਨਵਾਂ ਜੋਸ਼ ਅਤੇ ਨਵਾਂ ਉਤਸ਼ਾਹ ਪੈਦਾ ਕੀਤਾ ਜਾਵੇਗਾ, ਜਿਸ ਨਾਲ ਉਹ ਦੇਸ਼ ਹਿੱਤ ਲਈ ਕੰਮ ਕਰਨਗੇ। ਇਸ ਮੌਕੇ ਉਨ੍ਹਾਂ ਆਮ ਆਦਮੀ ਪਾਰਟੀ ’ਤੇ ਵਰ੍ਹਦਿਆਂ ਕਿਹਾ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜ੍ਹਦੀ। ਦਿੱਲੀ ਅਤੇ ਪੰਜਾਬ ’ਚ ਇਕ ਵੱਡਾ ਅੰਤਰ ਹੈ, ਪੰਜਾਬ ਦੇ ਲੋਕ ਸਮਝਦਾਰ ਹਨ ਜੋ ‘ਆਪ’ ਨੂੰ ਇਕ ਵਾਰ ਦੇਖ ਚੁੱਕੇ ਹਨ। ਦਿੱਲੀ ’ਚ ਸੱਤਾ ’ਤੇ ਦੁਬਾਰਾ ਕਾਬਜ਼ ਹੋਣ ’ਤੇ ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਗੁੰਮਰਾਹ ਕੀਤਾ ਅਤੇ ਲੋਕ ਉਸ ਦੇ ਝਾਂਸੇ ’ਚ ਆ ਗਏ। ਪੰਜਾਬ ਨੇ ਕਈ ਸਾਲ ਅੱਤਵਾਦ ਦਾ ਸੰਤਾਪ ਭੋਗਿਆ ਅਤੇ ਕੇਜਰੀਵਾਲ ਨੇ ਉਨ੍ਹਾਂ ਦੇ ਘਰ ਜਾ ਕੇ ਪਨਾਹ ਲਈ, ਇਸ ਲਈ ਪੰਜਾਬ ਦੇ ਲੋਕ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕਰਨਗੇ।

ਪੰਜਾਬ ਸਰਕਾਰ ਬਾਰੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ, ਇਸ ਲਈ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਨਾਗਰਿਕਤਾ ਸੋਧ ਕਾਨੂੰਨ ਦੇਸ਼ ਦੀ ਜ਼ਰੂਰਤ ਹੈ, ਜਿਸ ਦਾ ਫਾਇਦਾ ਪਾਕਿ, ਅਫਗਾਨਿਸਤਾਨ, ਸ਼੍ਰੀਲੰਕਾ, ਬੰਗਲਾਦੇਸ਼ ਆਦਿ ਦੇਸ਼ਾਂ ’ਚ ਦਰ-ਦਰ ਦੀ ਜ਼ਿੰਦਗੀ ਭੋਗ ਰਹੇ ਭਾਰਤਵਾਸੀਆਂ ਨੂੰ ਮਿਲੇਗਾ। ਇਸ ਕਾਨੂੰਨ ਤਹਿਤ ਕੋਈ ਭਾਰਤੀ ਨਾਗਰਿਕ, ਜੋ ਕਿਸੇ ਵੀ ਮਜ਼੍ਹਬ ਦਾ ਕਿਉਂ ਨਾ ਹੋਵੇ, ਉਸਨੂੰ ਨਾਗਰਿਕਤਾ ਜ਼ਰੂਰ ਮਿਲੇਗੀ। ਇਸ ਕਾਨੂੰਨ ਨੂੰ ਲੈ ਕੇ ਕਾਂਗਰਸ ਭਰਮ ਫੈਲਾ ਰਹੀ ਹੈ, ਜਿਸ ਕਾਰਣ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸੇ ਵੀ ਕੀਮਤ ’ਤੇ ਕਾਂਗਰਸ ਦੇ ਸੁਪਨੇ ਪੂਰੇ ਨਹੀਂ ਹੋਣ ਦੇਵੇਗੀ ਅਤੇ ਜੋ ਕਾਨੂੰਨ ਬਣ ਗਿਆ, ਉਸਨੂੰ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਐੱਨ. ਡੀ. ਏ. ਦਾ ਇਕ ਵੱਡਾ ਹਿੱਸਾ ਹੈ ਅਤੇ ਬਾਦਲ ਸਾਹਿਬ ਬੁੱਧੀਮਾਨ ਆਗੂ ਹਨ, ਉਨ੍ਹਾਂ ਤੋਂ ਆਸ਼ੀਰਵਾਦ ਲੈਣਾ ਜ਼ਰੂਰੀ ਹੈ। ਇਸ ਮੌਕੇ ਭਾਜਪਾ ਦੇ ਪ੍ਰਦੇਸ਼ ਸਕੱਤਰ ਦਿਆਲ ਦਾਸ ਸੋਢੀ, ਜੀਵਨ ਗੁਪਤਾ, ਪ੍ਰਦੇਸ਼ ਮੀਡੀਆ ਦੇ ਸੁਨੀਲ ਸਿੰਗਲਾ, ਵਿਨੋਦ ਬਿੱਟਾ ਆਦਿ ਸ਼ਾਮਲ ਸਨ।


rajwinder kaur

Content Editor

Related News