ਮਾਮਲਾ ਡੋਪ ਟੈਸਟ ਨੂੰ ਲੈ ਕੇ ਚੱਲ ਰਹੇ ਗੋਰਖਧੰਦੇ ਦਾ, SSP ਨੇ ਜਾਂਚ ਦੇ ਦਿੱਤੇ ਹੁਕਮ

02/16/2020 1:23:11 PM

ਬਠਿੰਡਾ (ਪਰਮਿੰਦਰ) : ਬਠਿੰਡਾ ਦੇ ਸਿਵਲ ਹਸਪਤਾਲ 'ਚ ਹਥਿਆਰਾਂ ਦੇ ਲਾਇਸੈਂਸ ਬਣਵਾਉਣ ਲਈ ਹੋਣ ਵਾਲੇ ਡੋਪ ਟੈਸਟ ਨੂੰ ਪਾਸ ਕਰਵਾਉਣ ਲਈ ਕੁਝ ਦਲਾਲਾਂ ਵਲੋਂ ਕੀਤੇ ਜਾ ਰਹੇ ਗੋਰਖਧੰਦੇ ਦੇ ਮਾਮਲੇ 'ਚ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਸਬੰਧ 'ਚ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸਤੀਸ਼ ਗੋਇਲ ਨੇ ਐੱਸ. ਐੱਸ. ਪੀ. ਬਠਿੰਡਾ ਨੂੰ ਇਕ ਪੱਤਰ ਲਿਖ ਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਅਤੇ ਮੁਲਜ਼ਮਾਂ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਸੀ। ਇਸ 'ਤੇ ਐੱਸ. ਐੱਸ. ਪੀ. ਨੇ ਮਾਮਲੇ ਦੀ ਪੂਰੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਕਿ ਇਸ ਪੂਰੇ ਗੋਰਖਧੰਦੇ ਤੋਂ ਪਰਦਾ ਚੁੱਕਿਆ ਜਾ ਸਕੇ।

ਜ਼ਿਕਰਯੋਗ ਹੈ ਕਿ ਹਥਿਆਰਾਂ ਦਾ ਲਾਇਸੈਂਸ ਹਾਸਲ ਕਰਨ ਲਈ ਸਰਕਾਰ ਵਲੋਂ ਲੋਕਾਂ ਦਾ ਡੋਪ ਟੈਸਟ ਕਰਵਾਉਣਾ ਜ਼ਰੂਰੀ ਕੀਤਾ ਗਿਆ ਸੀ ਅਤੇ ਉਕਤ ਟੈਸਟ ਨੈਗੇਟਿਵ ਆਉਣ ਤੋਂ ਬਾਅਦ ਹੀ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ ਪਰ ਕੁਝ ਲੋਕਾਂ ਨੇ ਉਕਤ ਟੈਸਟ ਤੋਂ ਬਚਣ ਦਾ ਰਸਤਾ ਕੱਢ ਲਿਆ, ਜੋ ਦੇਖਦੇ ਹੀ ਦੇਖਦੇ ਇਕ ਵੱਡੇ ਗੋਰਖਧੰਦੇ 'ਚ ਬਦਲ ਗਿਆ। ਇਸ ਧੰਦੇ 'ਚ ਕਈ ਦਲਾਲ ਸਰਗਰਮ ਹੋ ਗਏ, ਜਿਨ੍ਹਾਂ ਨੇ ਅਧਿਕਾਰੀਆਂ ਦੀਆਂ ਫਰਜ਼ੀ ਮੋਹਰਾਂ ਆਦਿ ਵੀ ਤਿਆਰ ਕਰ ਲਈਆਂ।

ਉਕਤ ਗਿਰੋਹ ਪਿਛਲੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਵਿਚ ਸਰਗਰਮ ਮੰਨਿਆ ਜਾ ਰਿਹਾ ਹੈ, ਜੋ ਲੋਕਾਂ ਤੋਂ ਪੈਸੇ ਲੈ ਕੇ ਉਨ੍ਹਾਂ ਦੀਆਂ ਡੋਪ ਟੈਸਟ ਦੀਆਂ ਫਾਈਲਾਂ ਪਾਸ ਕਰਵਾਉਣ ਦਾ ਕੰਮ ਕਰ ਰਿਹਾ ਸੀ। ਪਤਾ ਲੱਗਾ ਹੈ ਕਿ ਉਕਤ ਟੈਸਟ ਲਈ ਲੋਕਾਂ ਨੂੰ ਯੂਰਿਨ ਸੈਂਪਲ ਦੇਣਾ ਪੈਂਦਾ ਸੀ ਪਰ ਦਲਾਲਾਂ ਵਲੋਂ ਪੈਸੇ ਦਾ ਲੈਣ-ਦੇਣ ਕਰ ਕੇ ਉਕਤ ਸੈਂਪਲ ਬਦਲ ਦਿੱਤਾ ਜਾਂਦਾ ਸੀ, ਜਿਸ ਨਾਲ ਰਿਪੋਰਟ ਸਹੀ ਆ ਜਾਂਦੀ ਸੀ।

ਐੱਸ. ਐੱਮ. ਓ. ਦੀ ਮੁਸਤੈਦੀ ਨਾਲ ਸਾਹਮਣੇ ਆਇਆ ਮਾਮਲਾ
ਉਕਤ ਮਾਮਲਾ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸਤੀਸ਼ ਗੋਇਲ ਦੀ ਮੁਸਤੈਦੀ ਕਾਰਨ ਸਾਹਮਣੇ ਆ ਸਕਿਆ। ਬੀਤੇ ਦਿਨ ਇਕ ਵਿਅਕਤੀ ਗੁਰਤੇਜ ਸਿੰਘ ਫਾਈਲ 'ਤੇ ਮੋਹਰਾਂ ਆਦਿ ਲਗਵਾ ਕੇ ਅਧਿਕਾਰੀਆਂ ਤੋਂ ਦਸਤਖਤ ਕਰਵਾਉਣ ਲਈ ਸਿਵਲ ਹਸਪਤਾਲ ਪਹੁੰਚਿਆ ਪਰ ਇਸ ਦੌਰਾਨ ਐੱਸ. ਐੱਮ. ਓ. ਡਾ. ਸਤੀਸ਼ ਗੋਇਲ ਨੂੰ ਸ਼ੱਕ ਹੋ ਗਿਆ। ਇਸ 'ਤੇ ਉਕਤ ਮੁਲਜ਼ਮ ਫਾਈਲ ਉਥੇ ਹੀ ਛੱਡ ਕੇ ਫਰਾਰ ਹੋ ਗਿਆ। ਬਾਅਦ 'ਚ ਇਸ ਮਾਮਲੇ ਦਾ ਖੁਲਾਸਾ ਹੋਇਆ। ਇਸ ਤੋਂ ਬਾਅਦ ਐੱਸ. ਐੱਮ. ਓ. ਨੇ ਮਾਮਲੇ ਦੀ ਸ਼ਿਕਾਇਤ ਪੁਲਸ ਕੋਲ ਕੀਤੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਜ਼ਿਕਰਯੋਗ ਹੈ ਕਿ ਉਕਤ ਗੋਰਖਧੰਦੇ 'ਚ ਬਾਹਰੀ ਦਲਾਲਾਂ ਤੋਂ ਇਲਾਵਾ ਹਸਪਤਾਲ ਦੇ ਕੁਝ ਅੰਦਰੂਨੀ ਮੁਲਾਜ਼ਮਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


cherry

Content Editor

Related News