ਟਿੱਡੀ ਦਲ ਦੇ ਹਮਲੇ ਸਬੰਧੀ ਕਿਸਾਨ ਚਿੰਤਤ, ਖੇਤੀਬਾੜੀ ਵਿਭਾਗ ਨੇ ਜਾਰੀ ਕੀਤਾ ਅਲਰਟ
Sunday, Jan 19, 2020 - 12:39 PM (IST)
ਬਠਿੰਡਾ (ਪਰਮਿੰਦਰ) : ਰਾਜਸਥਾਨ ਅਤੇ ਕੁੱਝ ਹੋਰ ਖੇਤਰਾਂ 'ਚ ਟਿੱਡੀ ਦਲ ਦੇ ਹਮਲੇ ਨੂੰ ਲੈ ਕੇ ਪੰਜਾਬ ਦੇ ਕਿਸਾਨ ਚਿੰਤਤ ਹਨ। ਬੇਸ਼ੱਕ ਹਾਲੇ ਤੱਕ ਪੰਜਾਬ 'ਚ ਟਿੱਡੀ ਦਲ ਦੇ ਹਮਲੇ ਦੀ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਸ ਅਲਰਟ ਦੇ ਬਾਅਦ ਕਿਸਾਨਾਂ ਦੀ ਚਿੰਤਾ ਹੋਰ ਵੀ ਵਧ ਗਈ ਹੈ। ਵਿਭਾਗ ਵੱਲੋਂ ਨੇੜੇ ਦੇ ਜ਼ਿਲੇ ਫਿਰੋਜ਼ਪੁਰ, ਫਾਜ਼ਿਲਕਾ, ਤਰਨਤਾਰਨ, ਸ੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਆਦਿ ਦੇ ਜ਼ਿਲਿਆਂ 'ਚ ਵਿਭਾਗ ਅਤੇ ਕਿਸਾਨਾਂ ਨੂੰ ਚੌਕੰਨਾ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਬਲਾਕ ਪੱਧਰ ਦੇ ਖੇਤੀਬਾੜੀ ਅਧਿਕਾਰੀਆਂ ਤੋਂ ਹਰ ਦਿਨ ਰਿਪੋਰਟ ਲਈ ਜਾ ਰਹੀ ਹੈ ਪਰ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਹਮਲੇ ਦਾ ਸੰਕੇਤ ਨਹੀਂ ਮਿਲਿਆ ਹੈ। ਇਸ ਦੇ ਬਾਵਜੂਦ ਕਿਸਾਨਾਂ ਨੂੰ ਚੌਕੰਨਾ ਰਹਿਣ ਦੀ ਅਪੀਲ ਕੀਤੀ ਗਈ ਹੈ।
ਲੰਬੇ ਸਮੇਂ ਬਾਅਦ ਵੇਖਣ ਨੂੰ ਮਿਲਿਆ ਟਿੱਡੀ ਦਲ
60 ਅਤੇ 70 ਦੇ ਦਹਾਕਿਆਂ ਦੌਰਾਨ ਟਿੱਡੀ ਦਲ ਪੰਜਾਬ 'ਚ ਵੀ ਕਿਰਿਆਸ਼ੀਲ ਰਹਿੰਦਾ ਸੀ ਅਤੇ ਫਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਉਂਦਾ ਸੀ। ਇਸ ਦੇ ਬਾਅਦ ਟਿੱਡੀ ਦਲ ਕਈ ਹੋਰ ਰਾਜਾਂ ਗੁਜਰਾਤ ਅਤੇ ਰਾਜਸਥਾਨ 'ਚ ਕੁੱਝ ਥਾਵਾਂ 'ਤੇ ਵੇਖਣ ਨੂੰ ਮਿਲੀ ਪਰ ਪੰਜਾਬ 'ਚ ਪਿਛਲੇ 3 ਤੋਂ 4 ਦਹਾਕਿਆਂ ਦੌਰਾਨ ਟਿੱਡੀ ਦਲ ਦੇ ਹਮਲੇ ਦੀ ਕੋਈ ਰਿਪੋਰਟ ਨਹੀਂ ਹੈ। ਇਹ ਟਿੱਡੀ ਦਲ ਆਮ ਤੌਰ 'ਤੇ ਪਾਕਿਸਤਾਨ ਦੇ ਰਸਤੇ ਤੋਂ ਹੀ ਭਾਰਤੀ ਖੇਤਰ 'ਚ ਦਾਖਲ ਹੁੰਦੀ ਹੈ ਤੇ ਇਨ੍ਹਾਂ ਦਿਨਾਂ 'ਚ ਰਾਜਸਥਾਨ ਦੇ ਕੁੱਝ ਹਿੱÎਸਿਆ 'ਚ ਕਿਰਿਆਸ਼ੀਲ ਹੈ। ਪੰਜਾਬ ਦੇ ਕੁੱਝ ਜ਼ਿਲਿਆਂ 'ਚ ਇਨ੍ਹਾਂ ਦਿਨਾਂ 'ਚ ਬਾਜ਼ਾਰਾਂ, ਕਣਕ ਅਤੇ ਹੋਰ ਫਸਲਾਂ ਦੇ ਇਲਾਵਾ ਕਈ ਤਰ੍ਹਾਂ ਦੇ ਫ਼ਲਾਂ ਦੇ ਬਾਗ ਵੀ ਹਨ ਜਿਨ੍ਹਾਂ ਦਾ ਇਹ ਟਿੱਡੀ ਦਲ ਨੁਕਸਾਨ ਕਰ ਸਕਦੀ ਹੈ। ਇਸ ਲਈ ਖੇਤੀਬਾੜੀ ਵਿਭਾਗ ਵੱਲੋਂ ਇਨ੍ਹਾਂ ਜ਼ਿਲਿਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਭਾਕਿਯੂ ਲੱਖੋਵਾਲ ਦੇ ਜ਼ਿਲਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਰਾਜਸਥਾਨ ਦੀ ਸਰਹੱਦ ਨਾਲ ਲੱਗੇ ਖੇਤਰ 'ਚ ਟਿੱਡੀ ਦਲ ਦੇ ਹਮਲੇ ਦੀ ਸੰਭਾਵਨਾ ਹੈ ਅਤੇ ਜੇਕਰ ਇਹ ਹਮਲਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸ ਕਰ ਕੇ ਕਿਸਾਨ ਚਿੰਤਤ ਹੈ। ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਨੂੰ ਇਸ ਸਬੰਧੀ ਜਲਦ ਪ੍ਰਭਾਵੀ ਕਦਮ ਚੱਕਣੇ ਚਾਹੀਦੇ ਹਨ, ਤਾਂਕਿ ਹਮਲਾ ਹੋਣ 'ਤੇ ਜਲਦ ਕਾਰਵਾਈ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਬੀ. ਸ਼੍ਰੀਨਿਵਾਸਨ ਦਾ ਕਹਿਣਾ ਹੈ ਕਿ ਜ਼ਿਲੇ 'ਚ ਟਿੱਡੀ ਦਲ ਦੇ ਹਮਲੇ ਦੀ ਕੋਈ ਸੂਚਨਾ ਨਹੀਂ ਹੈ। ਖੇਤੀਬਾੜੀ ਵਿਭਾਗ ਨੂੰ ਇਸ ਮਸਲੇ 'ਤੇ ਨਜ਼ਰ ਬਣਾਏ ਰੱਖਣ ਅਤੇ ਹਰ ਰੋਜ਼ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ, ਤਾਂਕਿ ਹਮਲਾ ਹੋਣ 'ਤੇ ਜਲਦ ਕਾਰਵਾਈ ਕੀਤੀ ਜਾ ਸਕੇ। ਫਿਲਹਾਲ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਪਰ ਉਨ੍ਹਾਂ ਨੂੰ ਚੌਕੰਨਾ ਜ਼ਰੂਰ ਰਹਿਣਾ ਹੋਵੇਗਾ ਤਾਂਕਿ ਫ਼ਸਲਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ।