ਬੱਕਰੇ ਦੇ ਨਾਲ-ਨਾਲ ਝਟਕਈ ਨੇ ਗਰੀਬ ਨੂੰ ਵੀ ਝਟਕਿਆ

Thursday, Dec 06, 2018 - 11:55 AM (IST)

ਬੱਕਰੇ ਦੇ ਨਾਲ-ਨਾਲ ਝਟਕਈ ਨੇ ਗਰੀਬ ਨੂੰ ਵੀ ਝਟਕਿਆ

ਬਠਿੰਡਾ(ਬਿਊਰੋ)— ਗਰੀਬ ਮਜ਼ਦੂਰ ਲਈ ਇਕ ਬੱਕਰੇ ਦਾ ਮੁੱਲ ਵੀ ਕਿੰਨੇ ਮਾਇਨੇ ਰੱਖਦਾ ਹੈ। ਪਿੰਡ ਮੌੜ ਚੜ੍ਹਤ ਸਿੰਘ ਵਾਲਾ ਦੇ ਇਕ ਗਰੀਬ ਮਜ਼ਦੂਰ ਦੇ ਪਰਿਵਾਰ ਨੂੰ ਇਕ ਬੱਕਰੇ ਦੀ ਠੱਗੀ ਨੇ ਹੀ ਵਾਹਣੀਂ ਪਾ ਦਿੱਤਾ ਹੈ। ਮੌੜ ਮੰਡੀ ਦੇ ਇਕ ਝਟਕਈ ਨੇ ਤਾਂ ਬੱਕਰਾਂ ਝਟਕਾ ਕੇ ਜੇਬ ਗਰਮ ਕਰ ਲਈ ਪਰ ਬੱਕਰੇ ਦਾ ਮਾਲਕ ਤਣਾਅ ਦਾ ਸ਼ਿਕਾਰ ਹੋ ਗਿਆ ਹੈ। ਰੂਪ ਚੰਦ ਨੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਸ ਨਾਲ ਠੱਗੀ ਮਾਰਨ ਵਾਲੇ ਝਟਕਈ ਵਿਰੁੱਧ ਪੁਲਸ ਕਾਰਵਾਈ ਕੀਤੀ ਜਾਵੇ।

ਵੇਰਵਿਆਂ ਮੁਤਾਬਕ 20 ਨਵੰਬਰ ਨੂੰ ਰੂਪ ਚੰਦ ਦਿਹਾੜੀ 'ਤੇ ਗਿਆ ਹੋਇਆ ਸੀ। ਇਸ ਦੌਰਾਨ ਪਿੱਛੋਂ ਮੌੜ ਮੰਡੀ ਦਾ ਇਕ ਝਟਕਈ ਉਸ ਦੇ ਬਜ਼ੁਰਗ ਮਾਪਿਆਂ ਕੋਲ ਆਇਆ। ਉਸ ਨੇ ਬੱਕਰੇ ਦਾ 5 ਹਜ਼ਾਰ ਵਿਚ ਸੌਦਾ ਕਰਕੇ ਸਾਈ ਦੇ ਰੂਪ ਵਿਚ 500 ਰੁਪਏ ਦਿੱਤੇ ਅਤੇ ਬੱਕਰਾ ਆਪਣੇ ਨਾਲ ਲੈ ਗਿਆ। ਉਸ ਨੇ ਕਿਹਾ ਕਿ ਉਹ ਇਕ ਘੰਟੇ ਵਿਚ ਬਾਕੀ ਦੇ ਪੈਸੇ ਦੇ ਜਾਵੇਗਾ। ਹੁਣ ਝਟਕਈ ਬਾਕੀ ਦੇ ਪੈਸੇ ਦੇਣ ਤੋਂ ਮੁੱਕਰ ਗਿਆ ਹੈ। ਰੂਪ ਚੰਦ ਦਾ ਕਹਿਣਾ ਹੈ ਕਿ ਉਸ ਨੇ 29 ਨਵੰਬਰ ਨੂੰ ਥਾਣਾ ਮੌੜ ਵਿਚ ਝਟਕਈ ਵਿਰੁੱਧ ਦਰਖਾਸਤ ਦਿੱਤੀ ਹੈ ਅਤੇ ਜੇਕਰ ਕੋਈ ਇਨਸਾਫ ਨਾ ਮਿਲਿਆ ਤਾਂ ਉਸ ਨੇ ਮੁੱਖ ਮੰਤਰੀ ਨੂੰ ਅਪੀਲ ਤੋਂ ਇਲਾਵਾ ਮਾਮਲਾ ਮਜ਼ਦੂਰ ਯੂਨੀਅਨ ਵਿਚ ਲਿਜਾ ਕੇ 11 ਦਸੰਬਰ ਨੂੰ ਥਾਣੇ ਅੱਗੇ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ। ਉਸ ਨੇ ਕਿਹਾ ਕਿ ਉਹ ਲੋੜ ਪੈਣ 'ਤੇ ਅਦਾਲਤ ਵਿਚ ਵੀ ਜਾਏਗਾ।

ਉਥੇ ਹੀ ਜਦੋਂ ਰੂਪ ਚੰਦ ਨੇ ਝਟਕਈ ਵਲੋਂ ਪੈਸੇ ਮੁੱਕਰਨ ਬਾਰੇ ਮਾਪਿਆਂ ਨੂੰ ਦੱਸਿਆ ਕਿ ਤਾਂ ਉਸ ਦਾ ਪਿਤਾ ਬਿਹਾਰਾ ਸਿੰਘ ਤਣਾਅ ਦਾ ਸ਼ਿਕਾਰ ਹੋ ਗਿਆ, ਜੋ ਹੁਣ ਬਿਮਾਰ ਪਿਆ ਹੈ। ਬਿਹਾਰਾ ਸਿੰਘ ਨੇ ਕਿਹਾ ਕਿ ਉਸ ਨੇ ਤਾਂ ਬੜੀ ਰੀਝ ਨਾਲ ਤਿੰਨ ਵਰ੍ਹਿਆਂ ਵਿਚ ਬੱਕਰਾ ਹੱਥੀਂ ਪਾਲਿਆ ਸੀ। ਬੱਕਰੇ ਅਤੇ ਠੱਗੀ ਦੇ ਗਮ ਨੇ ਉਸ ਨੂੰ ਬਿਮਾਰ ਕਰ ਦਿੱਤਾ ਹੈ।

ਦੋ ਵਾਰੀ ਛਾਪਾ ਮਾਰਿਆ : ਦਫਤੀਸ਼ੀ ਅਫਸਰ
ਥਾਣਾ ਮੌੜ ਦੇ ਤਫਤੀਸ਼ੀ ਅਧਿਕਾਰੀ ਗਿਆਨ ਚੰਦ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਤਾਂ ਦਰਖਾਸਤ ਮਿਲਣ ਤੋਂ ਬਾਅਦ ਝਟਕਈ ਦੇ ਘਰ ਦੋ ਵਾਰ ਛਾਪੇ ਮਾਰੇ ਹਨ ਪਰ ਉਹ ਘਰ ਨਹੀਂ ਮਿਲਿਆ ਅਤੇ ਹੁਣ ਝਟਕਈ ਨੇ ਕਿਸੇ ਤੀਜੀ ਧਿਰ ਰਾਹੀਂ ਇਕ ਦੋ ਦਿਨਾਂ ਵਿਚ ਪੇਸ਼ ਹੋਣ ਦੀ ਗੱਲ ਕਹੀ ਹੈ।


author

cherry

Content Editor

Related News