ATM ਡਿਵਾਈਸ ਮਸ਼ੀਨ ਨਾਲ ਡਾਟਾ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

09/09/2019 11:01:02 AM

ਬਠਿੰਡਾ(ਵਰਮਾ) : ਏ. ਟੀ. ਐੱਮ. ਮਸ਼ੀਨਾਂ ਨਾਲ ਡਿਵਾਈਸ ਲਾ ਕੇ ਲੋਕਾਂ ਦਾ ਡਾਟਾ ਚੋਰੀ ਕਰ ਕੇ ਉਨ੍ਹਾਂ ਦੇ ਖਾਤੇ 'ਚੋਂ ਪੈਸੇ ਉਡਾਉਣ ਵਾਲੇ ਗਿਰੋਹ ਦਾ ਪੁਲਸ ਨੇ ਪਰਦਾਫਾਸ਼ ਕੀਤਾ, ਜਿਸ 'ਚ ਚੰਡੀਗੜ੍ਹ ਵਾਸੀ ਭੈਣ-ਭਰਾ ਸਮੇਤ 5 ਲੋਕਾਂ ਨੂੰ ਨਾਮਜ਼ਦ ਕੀਤਾ, ਜਦਕਿ ਕੁਝ ਹੋਰ ਅਣਪਛਾਤੇ ਲੋਕਾਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ। ਸਿਵਲ ਹਸਪਤਾਲ ਚੌਕੀ ਇੰਚਾਰਜ ਅਤੇ ਏ. ਐੱਸ. ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਖੁਸ਼ਦੀਪ ਗੋਇਲ ਪੁੱਤਰ ਰਵੀ ਗੋਇਲ ਵਾਸੀ ਘਸੇੜੀ ਸੈਕਟਰ 36 ਚੰਡੀਗੜ੍ਹ, ਉਸ ਦੀ ਭੈਣ ਪ੍ਰਿਆ ਗੋਇਲ, ਮੋਨੂੰ ਸ਼ਰਮਾ, ਅਨੂ ਸ਼ਰਮਾ ਵਾਸੀ ਸਿਰਸਾ, ਕ੍ਰਿਸ਼ਨ ਕੁਮਾਰ ਵਾਸੀ ਸੈਕਟਰ 43 ਚੰਡੀਗੜ੍ਹ ਅਤੇ ਕੁਝ ਅਣਪਛਾਤੇ ਲੋਕਾਂ ਨੇ ਮਿਲ ਕੇ ਇਕ ਗਿਰੋਹ ਬਣਾਇਆ ਹੋਇਆ ਹੈ, ਜੋ ਕਿ ਲੋਕਾਂ ਦੇ ਏ. ਟੀ. ਐੱਮ. ਕਾਰਡ ਦਾ ਡਾਟਾ ਚੋਰੀ ਕਰ ਕੇ ਉਸ ਰਾਹੀਂ ਉਨ੍ਹਾਂ ਦੇ ਬੈਂਕ ਖਾਤੇ 'ਚੋਂ ਪੈਸੇ ਕਢਵਾ ਲੈਂਦੇ ਹਨ। ਉਨ੍ਹਾਂ ਕੋਲ ਇਕ ਖਾਸ ਡਿਵਾਈਸ ਮਸ਼ੀਨ ਅਤੇ ਐੱਮ. ਐੱਸ. ਆਰ. 6 ਐਕਸ ਮਸ਼ੀਨ ਹੈ, ਜਿਸ ਦੀ ਮਦਦ ਨਾਲ ਉਹ ਸਾਰਾ ਡਾਟਾ ਚੋਰੀ ਕਰਦੇ ਹਨ।

ਏ. ਐੱਸ. ਆਈ. ਰਾਜਪਾਲ ਸਿੰਘ ਅਨੁਸਾਰ ਮੁਲਜ਼ਮ ਕ੍ਰਿਸ਼ਨ ਕੁਮਾਰ ਚੰਡੀਗੜ੍ਹ ਮੋਹਾਲੀ ਦੇ ਸੈਕਟਰ 43 ਸਾਹਮਣੇ ਸਥਿਤ ਇਕ ਪੈਟਰੋਲ ਪੰਪ 'ਤੇ ਨੌਕਰੀ ਕਰਦਾ ਹੈ, ਜਿਸ ਨੂੰ ਮੁਲਜ਼ਮ ਮੋਨੂੰ ਸ਼ਰਮਾ ਨੇ ਇਕ ਡਿਵਾਈਸ ਮਸ਼ੀਨ ਲੈ ਕੇ ਦਿੱਤੀ ਹੈ। ਹੁਣ ਜਦੋਂ ਕੋਈ ਗਾਹਕ ਆਪਣੇ ਏ. ਟੀ. ਐੱਮ. ਕਾਰਡ ਰਾਹੀਂ ਮੁਲਜ਼ਮ ਕ੍ਰਿਸ਼ਨ ਕੁਮਾਰ ਨੂੰ ਆਪਣਾ ਕਾਰਡ ਦਿੰਦਾ ਹੈ ਤਾਂ ਉਹ ਉਕਤ ਕਾਰਡ ਉਸ ਡਿਵਾਈਸ 'ਚ ਸਵੈਪ ਕਰ ਲੈਂਦਾ ਹੈ, ਜਿਸ ਕਾਰਣ ਏ. ਟੀ. ਐੱਮ. ਕਾਰਡ ਦਾ ਸਾਰਾ ਡਾਟਾ ਉਸ ਸਵੈਪ ਰਾਹੀਂ ਚੋਰੀ ਕਰ ਲੈਂਦਾ।

ਇਸ ਦੌਰਾਨ ਮੁਲਜ਼ਮ ਮੋਨੂੰ ਸ਼ਰਮਾ ਅਤੇ ਪ੍ਰਿਆ ਗੋਇਲ ਕ੍ਰਿਸ਼ਨ ਕੁਮਾਰ ਤੋਂ ਆਪਣੀ ਡਿਵਾਈਸ ਮਸ਼ੀਨ ਵਾਪਸ ਲੈ ਜਾਂਦੇ ਹਨ ਅਤੇ ਡਿਵਾਈਸ ਮਸ਼ੀਨ 'ਚੋਂ ਸਾਰੇ ਏ. ਟੀ. ਐੱਮ. ਕਾਰਡ ਦਾ ਡਾਟਾ ਆਪਣੀ ਐੱਮ. ਐੱਸ. ਆਰ. ਮਸ਼ੀਨ ਰਾਹੀਂ ਲੈਪਟਾਪ 'ਚ ਡਾਊਨਲੋਡ ਕਰਕੇ ਉਕਤ ਲੋਕ ਵੱਖ-ਵੱਖ ਬੈਂਕਾਂ ਦੇ ਪੁਰਾਣੇ ਜਾਂ ਖਾਲੀ ਏ. ਟੀ. ਐੱਮ. ਕਾਰਡ ਇਕੱਠੇ ਕਰ ਕੇ ਇਕ ਨਵਾਂ ਏ. ਟੀ. ਐੱਮ. ਕਾਰਡ ਤਿਆਰ ਕਰਦੇ ਹਨ।

ਏ. ਐੱਸ. ਆਈ. ਰਾਜਪਾਲ ਸਿੰਘ ਨੇ ਦੱਸਿਆ ਕਿ ਉਕਤ ਗਿਰੋਹ ਮੋਹਾਲੀ, ਯੂ. ਪੀ., ਬਠਿੰਡਾ, ਸ਼ਿਮਲਾ, ਬਰੇਲੀ, ਗੁੜਗਾਓਂ, ਸਿਰਸਾ, ਜਲੰਧਰ, ਸੋਲਨ ਆਦਿ 'ਚ ਕਈ ਵਾਰ ਠੱਗੀ ਕਰ ਚੁੱਕੇ ਹਨ। ਸੂਚਨਾ ਅਨੁਸਾਰ ਇਸ ਗਿਰੋਹ ਦਾ ਇਕ ਵੱਡਾ ਮੈਂਬਰ ਖੁਸ਼ਦੀਪ ਗੋਇਲ ਬਠਿੰਡਾ ਦੇ ਬਾਬਾ ਫਰੀਦ ਨਗਰ ਅਤੇ ਗੁਰੂ ਕੀ ਨਗਰੀ 'ਚ ਘੁੰਮ ਰਿਹਾ ਹੈ, ਜਿਸ ਨੂੰ ਗ੍ਰਿਫਤਾਰ ਕਰ ਕੇ ਪੂਰੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


cherry

Content Editor

Related News