ਸਭ ਤੋਂ ਵੱਧ ਬਠਿੰਡਾ ਤੇ ਸਭ ਤੋਂ ਘੱਟ ਅੰਮ੍ਰਿਤਸਰ ''ਚ ਪਈਆਂ ਵੋਟਾਂ

05/20/2019 4:29:13 PM

ਚੰਡੀਗੜ੍ਹ (ਭੁੱਲਰ) : ਲੋਕ ਸਭਾ ਚੋਣਾਂ ਦੇ ਅੰਤਿਮ ਪੜਾਅ 'ਚ ਪੰਜਾਬ 'ਚ ਹੋਈ ਵੋਟਿੰਗ 'ਚ ਪਿਛਲੇ 2014 ਦੇ ਲੋਕ ਸਭਾ ਚੋਣਾਂ ਦੇ ਮੁਕਾਬਲੇ ਘੱਟ ਵੋਟਾਂ ਪਈਆਂ। ਵੋਟਾਂ ਪੈਣ ਦਾ ਕੰਮ ਖਤਮ ਹੋਣ ਤੋਂ ਬਾਅਦ ਪ੍ਰਾਪਤ ਅਧਿਕਾਰਤ ਅੰਕੜਿਆਂ ਅਨੁਸਾਰ ਰਾਜ 'ਚ 13 ਲੋਕ ਸਭਾ ਹਲਕਿਆਂ 'ਚ 64.33 ਫੀਸਦੀ ਵੋਟਿੰਗ ਹੋਈ ਹੈ। ਵੋਟਾਂ ਪੈਣ ਦਾ ਕੰਮ ਖਤਮ ਹੋਣ ਤੋਂ ਬਾਅਦ ਵੀ ਲਾਈਨਾਂ ਲੱਗੀਆਂ ਹੋਣ ਕਾਰਨ ਜਾਰੀ ਸੀ, ਜਿਸ ਕਾਰਨ ਦੇਰ ਰਾਤ ਤੱਕ ਵੋਟਿੰਗ ਫੀਸਦੀ 'ਚ ਕੁਝ ਹੋਰ ਵਾਧਾ ਹੋ ਸਕਦਾ ਹੈ। ਪਿਛਲੀਆਂ ਲੋਕ ਸਭਾ ਚੋਣਾਂ 'ਚ 70.89 ਫੀਸਦੀ ਵੋਟਿੰਗ ਹੋਈ ਸੀ। ਇਸੇ ਦੌਰਾਨ ਸੂਬੇ 'ਚ ਸਮੁੱਚੇ ਤੌਰ 'ਤੇ ਕੁੱਝ ਕੁ ਘਟਨਾਵਾਂ ਨੂੰ ਛੱਡ ਕੇ ਵੋਟਾਂ ਪੈਣ ਦਾ ਕੰਮ ਅਮਨ ਅਤੇ ਸ਼ਾਂਤੀਪੂਰਵਕ ਸਿਰੇ ਚੜ੍ਹਿਆ। ਤੁਸੀਂ ਵੀ ਪੜ੍ਹੋ ਵੱਖ-ਵੱਖ ਹਲਕਿਆਂ ਦੇ ਵੋਟਿੰਗ ਪ੍ਰਾਪਤ ਅੰਕੜਿਆਂ ਨੂੰ-  

ਗੁਰਦਾਸਪੁਰ 66.45 ਫੀਸਦੀ
ਅੰਮ੍ਰਿਤਸਰ 56.35 ਫੀਸਦੀ
ਖਡੂਰ ਸਾਹਿਬ   64.17 ਫੀਸਦੀ
ਜਲੰਧਰ   62.46 ਫੀਸਦੀ
ਹੁਸ਼ਿਆਰਪੁਰ  59.39 ਫੀਸਦੀ
ਲੁਧਿਆਣਾ 59.31 ਫੀਸਦੀ
ਸ੍ਰੀ ਅਨੰਦਪੁਰ ਸਾਹਿਬ 60.55 ਫੀਸਦੀ
ਫ਼ਤਿਹਗੜ੍ਹ ਸਾਹਿਬ   62.42 ਫੀਸਦੀ
ਫਰੀਦਕੋਟ 59.64 ਫੀਸਦੀ
ਫਿਰੋਜ਼ਪੁਰ

65.08 ਫੀਸਦੀ

ਬਠਿੰਡਾ 70.86 ਫੀਸਦੀ
ਸੰਗਰੂਰ 69.13 ਫੀਸਦੀ
ਪਟਿਆਲਾ 64.18 ਫੀਸਦੀ 

 

ਬਠਿੰਡਾ ਹਲਕੇ 'ਚ ਸਭ ਤੋਂ ਵੱਧ 70.86 ਫੀਸਦੀ ਅਤੇ ਅੰਮ੍ਰਿਤਸਰ 'ਚ ਸਭ ਤੋਂ ਘੱਟ 56.35 ਫੀਸਦੀ ਵੋਟਾਂ ਪਈਆਂ ਹਨ।

ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ. ਕਰੁਣਾ ਰਾਜੂ ਨੇ ਦੱਸਿਆ ਕਿ ਸਵੇਰੇ ਵੋਟਾਂ ਪਾਉਣ ਤੋਂ ਪਹਿਲਾਂ ਕਰਵਾਈ ਮੌਕੇ ਪੋਲ ਦੌਰਾਨ ਈ. ਵੀ. ਐੱਮ. ਦੇ 290 ਬੈਲਟ ਯੂਨਿਟ, 219 ਕੰਟ੍ਰੋਲ ਯੂਨਿਟ ਅਤੇ 508 ਵੀ. ਵੀ. ਪੀ. ਏ. ਟੀ. ਮਸ਼ੀਨਾਂ ਬਦਲੀਆਂ ਗਈਆਂ ਜਦੋਂਕਿ ਵੋਟਾਂ ਪੈਣ ਦੀ ਪ੍ਰਕਿਰਿਆ ਦੌਰਾਨ 169 ਬੈਲਟ ਯੂਨਿਟ, 88 ਕੰਟਰੋਲ ਯੂਨਿਟ ਤੇ 695 ਵੀ. ਵੀ. ਪੈਟ ਮਸ਼ੀਨਾਂ ਨੂੰ ਬਦਲਿਆ ਗਿਆ। ਉਨ੍ਹਾਂ ਦੱਸਿਆ ਕਿ ਕੁਝ ਥਾਵਾਂ 'ਤੇ ਹੋਈਆਂ ਹਿੰਸਕ ਘਟਨਾਵਾਂ ਕਾਰਨ ਚੋਣ ਪ੍ਰਕਿਰਿਆ ਦੌਰਾਨ ਖਡੂਰ ਸਾਹਿਬ ਦੇ ਪਿੰਡ ਸਰਹਾਲੀ ਕਲਾਂ 'ਚ ਕਾਂਗਰਸੀ ਵਰਕਰ ਬੰਟੀ ਪੁੱਤਰ ਚਰਨਜੀਤ ਸਿੰਘ ਦੇ ਸੁੱਖਾ, ਗੋਰਾ ਅਤੇ ਸੋਨੀ ਪੁਤਰਾਨ ਰਣਧੀਰ ਸਿੰਘ ਵਾਸੀ ਸਰਹਾਲੀ ਕਲਾਂ ਵੱਲੋਂ ਕਤਲ ਦੀ ਘਟਨਾ ਵਾਪਰੀ, ਜਿਸ ਸਬੰਧੀ ਜਾਂਚ ਕਰਾਉਣ 'ਤੇ ਪਾਇਆ ਗਿਆ ਕਿ ਇਹ ਹਾਦਸਾ ਆਪਸੀ ਪੁਰਾਣੀ ਰੰਜਿਸ਼ ਕਾਰਨ ਵਾਪਰਿਆ ਹੈ। ਇਸ ਤੋਂ ਇਲਾਵਾ ਜਲੰਧਰ ਜ਼ਿਲੇ ਦੇ ਆਦਮਪੁਰ ਵਿਧਾਨ ਸਭਾ ਖੇਤਰ ਅਧੀਨ ਆਉਂਦੇ ਪਿੰਡ ਲੜੋਈ ਵਿਖੇ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਹਮਾਇਤੀਆਂ ਦੀ ਆਪਸੀ ਕਿਹਾ-ਸੁਣੀ ਹੋਈ, ਜਿਸ 'ਤੇ ਪ੍ਰਸ਼ਾਸਨ ਵੱਲੋਂ ਕਾਬੂ ਪਾ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਬਠਿੰਡਾ ਦੇ ਤਲਵੰਡੀ ਸਾਬੋ ਹਲਕੇ ਵਿਖੇ ਵਾਪਰੀ ਇਕ ਘਟਨਾ ਵਿਚ ਖੁਸ਼ਬਾਜ ਜਟਾਣਾ ਵੱਲੋਂ ਦੇਸੀ ਹਥਿਆਰ ਨਾਲ ਫਾਇਰਿੰਗ ਕੀਤੀ ਗਈ। ਇਸ ਘਟਨਾ ਵਿਚ 2 ਵਿਅਕਤੀ ਜ਼ਖਮੀ ਹੋ ਗਏ। ਡਾ. ਰਾਜੂ ਨੇ ਦੱਸਿਆ ਕਿ ਫੇਸਬੁੱਕ 'ਤੇ ਵੋਟ ਪਾਉਣ ਦੀ ਪ੍ਰਕਿਰਿਆ ਦੀ ਵੀਡੀਓ ਅਪਲੋਡ ਕਰਨ ਦੇ ਮਾਮਲੇ 'ਚ ਵੱਖ-ਵੱਖ ਧਾਰਾਵਾਂ ਅਧੀਨ 3 ਮਾਮਲੇ ਦਰਜ ਕੀਤੇ ਗਏ ਹਨ। ਇਹ ਮਾਮਲੇ ਰੂਪਨਗਰ, ਲੁਧਿਆਣਾ ਅਤੇ ਗੁਰਦਾਸਪੁਰ 'ਚ ਦਰਜ ਕੀਤੇ ਗਏ ਹਨ। ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਕਾਰਵਾਈ ਕਰਦਿਆਂ ਡੇਰਾਬੱਸੀ ਮੁਬਾਰਕਪੁਰ ਰੋਡ 'ਤੇ ਸਥਿਤ ਮੋਹਨ ਫਾਈਬਰ ਕੰਪਨੀ ਨੂੰ ਸੀਲ ਕਰ ਦਿੱਤਾ ਗਿਆ। ਉਕਤ ਕੰਪਨੀ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟੇ 1881 ਅਧੀਨ ਫੈਕਟਰੀ 'ਚ ਕੰਮ ਕਰਦ ਵਰਕਰਾਂ ਨੂੰ ਵੋਟ ਪਾਉਣ ਲਈ ਛੁੱਟੀ ਦੇਣ ਸਬੰਧੀ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਪਾਲਣਾ ਨਹੀਂ ਕੀਤੀ ਗਈ ਸੀ। 


Anuradha

Content Editor

Related News