ਬਠਿੰਡਾ ਏਮਜ਼ ''ਚ ਐੱਮ. ਬੀ. ਬੀ. ਐੱਸ. ਦੇ ਪਹਿਲੇ ਬੈਚ ਦੀ ਕਾਊਂਸਲਿੰਗ ਸ਼ੁਰੂ
Friday, Jun 21, 2019 - 09:45 AM (IST)

ਬਠਿੰਡਾ (ਵਰਮਾ) : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀਰਵਾਰ ਨੂੰ ਕਿਹਾ ਕਿ ਐੱਮ. ਬੀ. ਬੀ. ਐੱਸ. ਵਿਦਿਆਰਥੀਆਂ ਦੇ ਪਹਿਲੇ ਬੈਂਚ ਦੀ ਕਾਊਂਸਲਿੰਗ ਸ਼ੁਰੂ ਹੋਣ ਨਾਲ ਏਮਜ਼ ਬਠਿੰਡਾ ਦੀ ਉਸਾਰੀ ਦਾ ਇਕ ਹੋਰ ਮੀਲ ਪੱਥਰ ਸਥਾਪਤ ਹੋ ਗਿਆ ਹੈ।
ਇੱਥੇ ਦੱਸਣਯੋਗ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਸਿਹਤ ਮੰਤਰਾਲੇ ਕੋਲ ਇਹ ਮੁੱਦਾ ਉਠਾ ਕੇ ਐੱਮ. ਬੀ. ਬੀ. ਐੱਸ. ਦਾ ਪਹਿਲਾ ਬੈਂਚ ਸ਼ੁਰੂ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ, ਜਿਸ ਤੋਂ ਬਾਅਦ ਸਿਹਤ ਮੰਤਰਾਲੇ ਨੇ ਪੀ. ਜੀ. ਆਈ. ਐੱਮ. ਈ. ਆਰ. ਨੂੰ ਇਕ ਕਮੇਟੀ ਬਣਾਉਣ ਲਈ ਕਿਹਾ ਸੀ ਜੋ ਕਿ ਏਮਜ਼ ਬਠਿੰਡਾ ਦੀ ਆਪਣੀ ਇਮਾਰਤ ਦੀ ਉਸਾਰੀ ਹੋਣ ਤੱਕ ਐੱਮ. ਬੀ. ਬੀ. ਐੱਸ. ਦੇ ਪਹਿਲੇ ਬੈਂਚ ਦੀਆਂ ਕਲਾਸਾਂ ਸ਼ੁਰੂ ਕਰਨ ਲਈ ਸਭ ਤੋਂ ਵਧੀਆ ਸੰਸਥਾਨ ਬਾਰੇ ਸੁਝਾਅ ਦੇਵੇ। ਇਸ ਤੋਂ ਬਾਅਦ ਫਰੀਦਕੋਟ ਵਿਖੇ ਸਥਿਤ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੀ ਇਸ ਕਾਰਜ ਲਈ ਚੋਣ ਕੀਤੀ ਗਈ ਸੀ।
ਬੀਬਾ ਬਾਦਲ ਨੇ ਕਿਹਾ ਕਿ ਮੈਰਿਟ ਸੂਚੀ ਮੁਤਾਬਕ ਸਾਰੇ ਉਮੀਦਵਾਰਾਂ ਦੀ ਅੱਜ ਕਾਊਂਸਲਿੰਗ ਸ਼ੁਰੂ ਹੋ ਗਈ। ਉਨ੍ਹਾਂ ਕਿਹਾ ਕਿ 15 ਏਮਜ਼ ਸੰਸਥਾਵਾਂ ਲਈ ਪਹਿਲੇ ਗੇੜ ਦੀ ਕਾਊਂਸਲਿੰਗ ਵਾਸਤੇ 3884 ਉਮੀਦਵਾਰ ਯੋਗ ਸਾਬਤ ਹੋਏ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਮਰਜ਼ੀ ਦਾ ਸੰਸਥਾਨ ਚੁਣਨ ਦੀ ਖੁੱਲ੍ਹ ਦੇਣ ਲਈ ਕਾਊਂਸਲਿੰਗ ਦੇ ਚਾਰ ਗੇੜ ਹੋਣਗੇ।