ਬਟਾਲਾ ਦੇ ਹੰਸਲੀ ਨਾਲੇ ਤੋਂ ਖੁਦਾਈ ਦੌਰਾਨ ਮਿਲੇ ਹਥਿਆਰ, ਫੈਲੀ ਸਨਸਨੀ
Tuesday, Feb 04, 2020 - 02:48 PM (IST)
ਬਟਾਲਾ (ਬੇਰੀ): ਬਟਾਲਾ ਦੇ ਹੰਸਲੀ ਨਾਲੇ ਦੀ ਚੱਲ ਰਹੀ ਖੁਦਾਈ ਦੌਰਾਨ ਹਥਿਆਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਸਿਟੀ ਰੋਡ ਵਾਲੇ ਹੰਸਲੀ ਪੁਲ ਦਾ ਨਿਰਮਾਣ ਕਾਰਜ ਚੱਲ ਰਿਹਾ ਹੈ, ਜਿਸਦੇ ਚਲਦਿਆਂ ਅੱਜ ਨਿਰਮਾਣ ਅਧੀਨ ਹੰਸਲੀ ਪੁਲ ਦੇ ਹੇਠੋਂ ਖੁਦਾਈ ਦੌਰਾਨ ਦਬਾ ਕੇ ਰੱਖੇ ਹਥਿਆਰ ਜਿਸ ਵਿਚ ਦੋਨਾਲੀ ਅਤੇ ਪਿਸਟਲ ਸ਼ਾਮਲ ਹਨ, ਮਿਲੇ ਹਨ। ਉਨ੍ਹਾਂ ਦੱਸਿਆ ਕਿ ਹਥਿਆਰ ਮਿਲਣ ਦੇ ਤੁਰੰਤ ਬਾਅਦ ਪੁਲਸ ਨੇ ਮੌਕੇ 'ਤੇ ਉਨ੍ਹਾਂ ਨੂੰ ਕਬਜ਼ੇ ਵਿਚ ਲੈਂਦਿਆਂ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਐੱਸ.ਐੱਚ.ਓ. ਸੁਖਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਹਥਿਆਰ ਕਾਫੀ ਸਮਾਂ ਪਹਿਲਾਂ ਦਬਾਏ ਲੱਗਦੇ ਹਨ। ਇਥੇ ਇਹ ਦੱਸ ਦਈਏ ਕਿ ਉਕਤ ਹਥਿਆਰ ਮਿਲਣ ਨਾਲ ਸ਼ਹਿਰ ਵਿਚ ਸਨਸਨੀ ਫੈਲ ਗਈ ਹੈ ਅਤੇ ਲੋਕ ਦੱਬੀ ਜ਼ੁਬਾਨ ਵਿਚ ਕਹਿੰਦੇ ਸੁਣੇ ਗਏ ਕਿ ਆਖਿਰ ਕਿਸ ਨੇ ਅਤੇ ਕਦੋਂ ਇਹ ਹਥਿਆਰ ਇਥੇ ਦਬਾਏ ਹੋਣਗੇ।