SSP ਦਫ਼ਤਰ 'ਚ ਸ਼ਿਕਾਇਤ ਕਰਨ ਗਈ ਬੀਬੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਪੁਲਸ ਨੂੰ ਹੱਥਾਂ ਪੈਰਾਂ ਦੀ ਪਈ
Saturday, Dec 05, 2020 - 10:26 AM (IST)
ਬਟਾਲਾ (ਬੇਰੀ, ਸਾਹਿਲ): ਬੀਤੀ ਦੇਰ ਸ਼ਾਮ ਐੱਸ. ਐੱਸ. ਪੀ. ਬਟਾਲਾ ਦੇ ਦਫ਼ਤਰ 'ਚ ਜਨਾਨੀ ਵਲੋਂ ਜ਼ਹਿਰ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਕਾਰਨ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸ ਸਬੰਧੀ ਸਿਵਲ ਹਸਪਤਾਲ ਬਟਾਲਾ ਵਿਖੇ ਜ਼ੇਰੇ ਇਲਾਜ ਕਮਲਜੀਤ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਮਾੜੀ ਪੰਨਵਾਂ ਦੇ ਭਰਾ ਦਵਿੰਦਰਪਾਲ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਚੀਮਾ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਵਲੋਂ ਉਸਦੀ ਭੈਣ ਕਮਲਜੀਤ ਕੌਰ ਪਤਨੀ ਨਿਸ਼ਾਨ ਸਿੰਘ ਵਾਸੀ ਮਾੜੀ ਪੰਨਵਾਂ ਦਾ ਟਿੱਪਰ ਅਤੇ ਮਸ਼ੀਨ ਨਾਜਾਇਜ਼ ਮਾਈਨਿੰਗ ਦੇ ਮਾਮਲੇ 'ਚ ਸਿਆਸੀ ਸ਼ਹਿ 'ਤੇ ਕਬਜ਼ੇ 'ਚ ਲੈਂਦਿਆਂ ਥਾਣੇ 'ਚ ਬੰਦ ਕਰ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਮੌਤ ਤੋਂ ਪਹਿਲਾਂ ਲਈ ਜ਼ਿੰਦਗੀ ਦੀ ਆਖ਼ਰੀ ਸੈਲਫ਼ੀ, ਡਿਲਿਵਰੀ ਵਾਲੇ ਦਿਨ ਹੋਇਆ ਪੋਸਟਮਾਰਟਮ
ਇਸ ਤੋਂ ਬਾਅਦ ਪੁਲਸ ਕੋਲੋਂ ਉਹ ਜਾਂਚ ਕਰਵਾਉਂਦੇ ਰਹੇ ਪਰ ਇਸ ਦੇ ਬਾਵਜੂਦ ਪੁਲਸ ਥਾਣਾ ਸ੍ਰੀ ਹਰਗੋਬਿੰਦਪੁਰ ਵਲੋਂ ਕਮਲਜੀਤ ਕੌਰ ਹੁਰਾਂ ਦੀ ਉਕਤ ਟਿੱਪਰ ਅਤੇ ਮਸ਼ੀਨ ਨੂੰ ਛੱਡਣ 'ਚ ਕੋਈ ਮਦਦ ਨਹੀਂ ਕੀਤੀ ਗਈ ਅਤੇ ਦੂਜਾ ਉਕਤ ਟਿੱਪਰ ਅਤੇ ਮਸ਼ੀਨ ਇਕ ਫ਼ਾਈਨਾਂਸ ਕੰਪਨੀ ਤੋਂ ਫ਼ਾਈਨਾਂਸ ਕਰਵਾਈ ਹੋਈ ਸੀ, ਜੋ ਥਾਣੇ 'ਚ ਬੰਦ ਹੋਣ ਕਾਰਣ ਉਸਦੀ ਕਿਸ਼ਤ ਅਦਾ ਨਹੀਂ ਹੋ ਪਾ ਰਹੀ ਸੀ ਜਦਕਿ ਫ਼ਾਈਨਾਂਸ ਕੰਪਨੀ ਵਾਲੇ ਕਿਸ਼ਤ ਲਈ ਉਸਦੀ ਭੈਣ ਅਤੇ ਪਰਿਵਾਰ 'ਤੇ ਦਬਾਅ ਬਣਾ ਰਹੇ ਸਨ, ਜਿਸ ਤੋਂ ਦੁਖੀ ਹੋ ਕੇ ਉਸਦੀ ਭੈਣ ਕਮਲਜੀਤ ਕੌਰ ਨੇ ਐੱਸ. ਐੱਸ. ਪੀ. ਦਫਤਰ 'ਚ ਜ਼ਹਿਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ।ਇਹ ਵੀ ਪਤਾ ਲੱਗਾ ਹੈ ਕਿ ਉਕਤ ਔਰਤ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਐੱਸ. ਐੱਸ. ਪੀ. ਦਫਤਰ ਦੇ ਪੁਲਸ ਮੁਲਾਜ਼ਮਾਂ ਨੇ ਇਲਾਜ ਲਈ ਦਾਖਲ ਕਰਵਾਇਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਸਿਟੀ ਮਨੋਜ ਕੁਮਾਰ, ਐੱਸ. ਐੱਚ. ਓ. ਅਮੋਲਕ ਸਿੰਘ ਅਤੇ ਚੌਂਕੀ ਇੰਚਾਰਜ ਗੁਰਪ੍ਰੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਘਟਨਾ ਸਥਲ ਦਾ ਜਾਇਜ਼ਾ ਲੈ ਲਿਆ ਹੈ।
ਇਹ ਵੀ ਪੜ੍ਹੋ : ਕੰਗਣਾ ਦੀਆਂ ਵਧੀਆਂ ਮੁਸ਼ਕਲਾਂ, ਮੋਗਾ ਦੇ ਐਡਵੋਕੇਟ ਨੇ ਭੇਜਿਆ ਕਾਨੂੰਨੀ ਨੋਟਿਸ
ਮਾਈਨਿੰਗ ਦੇ ਇਕ ਪੁਰਾਣੇ ਕੇਸ ਦੇ ਚੱਲਦਿਆਂ ਜਨਾਨੀ ਨੇ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼ : ਐੱਸ. ਐੱਚ. ਓ
ਇਸ ਸਬੰਧੀ ਜਾਣਕਾਰੀ ਦਿੰਦਿਆ ਐੱਸ. ਐੱਚ. ਓ. ਬਲਜੀਤ ਕੌਰ ਸਰਾਂ ਨੇ ਦੱਸਿਆ ਕਿ ਮਾਈਨਿੰਗ ਦੇ ਇਕ ਪੁਰਾਣੇ ਕੇਸ 'ਚ ਉਕਤ ਟਿੱਪਰ ਅਤੇ ਮਸ਼ੀਨ ਥਾਣੇ 'ਚ ਮੇਰੇ ਅਹੁਦਾ ਸੰਭਾਲਣ ਤੋਂ ਪਹਿਲਾਂ ਦੀ ਹੀ ਬੰਦ ਪਏ ਹਨ, ਜਿਸਦੇ ਚੱਲਦਿਆਂ ਅੱਜ ਉਨ੍ਹਾਂ ਨੂੰ ਪਤਾ ਚੱਲਿਆ ਹੈ ਕਿ ਉਕਤ ਜਨਾਨੀ ਨੇ ਐੱਸ. ਐੱਸ. ਪੀ. ਦਫ਼ਤਰ ਬਟਾਲਾ ਵਿਖੇ ਜ਼ਹਿਰ ਖਾ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਬਟਾਲਾ ਦੇ ਐੱਸ.ਐੱਮ.ਓ. ਡਾ. ਸੰਜੀਵ ਭੱਲਾ ਨੇ ਦੱਸਿਆ ਕਿ ਉਕਤ ਜਨਾਨੀ ਦੀ ਹਾਲਤ ਅਜੈ ਨਾਜ਼ੁਕ ਹੈ ਅਤੇ ਉਸ ਨੂੰ ਅਜੈ ਅੰਡਰ ਆਬਜ਼ਰਵੇਸ਼ਨ ਸਿਵਲ ਹਸਪਤਾਲ 'ਚ ਰੱਖਿਆ ਗਿਆ ਹੈ ਅਤੇ ਉਸ ਦੇ ਹੋਸ਼ 'ਚ ਆਉਣ ਤੋਂ ਬਾਅਦ ਹੀ ਪੁਲਸ ਕੋਲੋਂ ਇਸ ਦੇ ਬਿਆਨ ਕਲਮਬੱਧ ਕਰਵਾਏ ਜਾਣਗੇ।