ਬਟਾਲਾ ਪਟਾਕਾ ਫੈਕਟਰੀ ਧਮਾਕੇ ਦੇ ਮਾਮਲੇ 'ਚ ਬਾਜਵਾ ਨੇ ਘੇਰੀ ਆਪਣੀ ਹੀ ਸਰਕਾਰ

09/09/2019 3:02:05 PM

ਬਟਾਲਾ (ਗੁਰਪ੍ਰੀਤ, ਬੇਰੀ) : ਪਿਛਲੇ ਦਿਨੀਂ ਬਟਾਲਾ ਦੀ ਪਟਾਖਾ ਫੈਕਟਰੀ 'ਚ ਹੋਏ ਜ਼ਬਰਦਸਤ ਧਮਾਕੇ ਕਾਰਨ ਜਿਥੇ 24 ਲੋਕਾਂ ਦੀ ਮੌਤ ਹੋ ਗਈ ਸੀ, ਉਥੇ ਨਾਲ ਹੀ ਦਰਜਨਾਂ ਲੋਕ ਜ਼ਖਮੀ ਹੋ ਗਏ ਸਨ। ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰਨ ਤੇ ਪੀੜਤਾਂ ਨਾਲ ਦੁੱਖ ਸਾਂਝਾ ਕਰਨ ਲਈ ਅੱਜ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਬਟਾਲਾ ਪੁੱਜੇ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਘਟਨਾ ਦੀ ਜਾਂਚ ਏ.ਡੀ.ਸੀ ਅਤੇ ਐੱਸ.ਪੀ. ਰੈਂਕ ਦੇ ਅਧਿਕਾਰੀਆਂ ਤੋਂ ਨਹੀਂ ਸਗੋਂ ਹਾਈਕੋਰਟ ਦੇ ਸੇਵਾ ਮੁਕਤ ਜੱਜ ਤੋਂ ਕਰਵਾਉਣੀ ਚਾਹੀਦੀ ਹੈ ਕਿਉਂਕਿ ਉਹ ਆਪਣੇ ਤੋਂ ਉੱਚ ਅਧਿਕਾਰੀ ਦੀ ਜਾਂਚ ਨਹੀਂ ਕਰ ਸਕਦੇ ਅਤੇ ਨਾ ਹੀ ਉਨ੍ਹਾਂ ਵਿਰੁੱਧ ਕੋਈ ਰਿਪੋਰਟ ਤਿਆਰ ਕਰ ਸਕਣਗੇ। ਬਾਜਵਾ ਨੇ ਕਿਹਾ ਕਿ ਕੋਈ ਬਾਹਰੀ ਜਾਂਚਕਰਤਾ ਹੀ ਇਸ ਮਾਮਲੇ ਦੀਆਂ ਸਾਰੀਆਂ ਪਰਤਾਂ ਖੋਲ੍ਹ ਸਕਦਾ ਹੈ।

ਬਾਜਵਾ ਨੇਕਿਹਾ ਕਿ ਜਾਂਚ ਰਿਪੋਰਟ ਦੇ ਆਧਾਰ 'ਤੇ ਜੋ ਅਧਿਕਾਰੀ ਇਨ੍ਹਾਂ 24 ਮੌਤਾਂ ਦਾ ਜ਼ਿੰਮੇਵਾਰ ਪਾਇਆ ਜਾਂਦਾ ਹੈ, ਉਸ ਨੂੰ ਬਰਖਾਸਤ ਕਰਨ ਦੀ ਬਜਾਏ ਮੌਤਾਂ ਦਾ ਸਿੱਧਾ ਜ਼ਿੰਮੇਵਾਰ ਮੰਨਦੇ ਹੋਏ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਉਨ੍ਹਾਂ ਦੀ ਹੈ ਪਰ ਇਸ ਦੇ ਬਾਵਜੂਦ ਉਹ ਖੁਦ ਇਹ ਮੰਨਦੇ ਹਨ ਕਿ ਉਨ੍ਹਾਂ ਦੀ ਸਰਕਾਰ ਤੇ ਪ੍ਰਸ਼ਾਸਨ ਦੀ ਅਣਗਹਿਲੀ ਦਾ ਹੀ ਇਹ ਨਤੀਜਾ ਹੈ। ਇਸ ਲਈ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਸ ਹਰ ਇਕ ਪਰਿਵਾਰ ਨੂੰ 25 ਲੱਖ, ਜੋ ਜ਼ਖਮੀ ਹਨ ਉਨ੍ਹਾਂ ਨੂੰ 11 ਲੱਖ ਰੁਪਏ ਦੀ ਮਦਦ ਤੇ ਜਿਨ੍ਹਾਂ ਦਾ ਮਾਲੀ ਨੁਕਸਾਨ ਹੋਇਆ ਹੈ ਉਨ੍ਹਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ।

ਬਾਜਵਾ ਨੇ ਕਿਹਾ ਕਿ ਜਿਸ ਰਫਤਾਰ ਨਾਲ ਡੀ.ਸੀ. ਗੁਰਦਾਸਪੁਰ ਤੇ ਸਿਮਰਜੀਤ ਸਿੰਘ ਬੈਂਸ ਦੇ ਮਾਮਲੇ 'ਚ ਕਾਰਵਾਈ ਕਰਦੇ ਹੋਏ ਕੇਸ ਦਰਜ ਕੀਤਾ ਗਿਆ ਹੈ, ਉਸੇ ਰਫਤਾਰ ਨਾਲ ਇਸ ਘਟਨਾ ਦੇ ਮਾਮਲੇ 'ਚ ਵੀ ਕਾਰਵਾਈ ਕੀਤੀ ਜਾਵੇ। 


Baljeet Kaur

Content Editor

Related News